ਆਸਟ੍ਰੇਲੀਆ ਨੂੰ ਹਰਾ ਕੇ ਇੰਡੀਆ ਬਣਿਆ ਚੈਂਪੀਅਨ

ਚੌਥੀ ਵਾਰ ਵਰਲਡ ਕੱਪ ਜਿੱਤ ਕੇ ਰਚਿਆ ਇਤਿਹਾਸ

indiaਨਵੀਂ ਦਿੱਲੀ, 5 ਫਰਵਰੀ (ਪੰਜਾਬ ਐਕਸਪ੍ਰੈੱਸ) – ਗੇਂਦਬਾਜਾਂ ਦੇ ਵਧੀਆ ਪ੍ਰਦਰਸ਼ਨ ਦੇ ਬਾਅਦ ਓਪਨਰ ਮਨਜੋਤ ਕਾਲੜਾ ਦੀ ਪਾਰੀ (ਨਾੱਟਆਊਟ 101) ਦੀ ਬਦੌਲਤ ਭਾਰਤੀ ਟੀਮ ਨੇ ਅੱਜ ਆਸਟ੍ਰੇਲੀਆ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਆਈਸੀਸੀ ਅੰਡਰ 19 ਵਰਲਡ ਕੱਪ ਜਿੱਤ ਲਿਆ ਹੈ। ਨਿਊਜੀਲੈਂਡ ਦੇ ਮਾਊਂਟ ਮਾਊਂਗਾਨੁਇ ਵਿੱਚ ਹੋਏ ਇਸ ਖਿਤਾਬੀ ਮੁਕਾਬਲੇ ਵਿੱਚ ਆਸਟ੍ਰੇਲੀਆ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਦੇ ਹੋਏ 216 ਰਣ ਬਣਾ ਕੇ ਆਊਟ ਹੋ ਗਈ। ਜਵਾਬ ਵਿੱਚ ਮਨਜੋਤ ਦੇ ਸ਼ਤਕ ਦੀ ਬਦੌਲਤ ਭਾਰਤ ਨੇ ਟੀਚੇ ਨੂੰ 38.5 ਓਵਰ ਵਿੱਚ ਸਿਰਫ਼ ਦੋ ਵਿਕਟ ਗਵਾ ਕੇ ਹਾਸਲ ਕਰ ਲਿਆ। ਮਨਜੋਤ ਦੇ ਨਾਲ ਵਿਕਟ ਕੀਪਰ ਬੱਲੇਬਾਜ ਹਾਰਵਿਕ ਦੇਸਾਈ 47 ਰਣ ਬਣਾ ਕੇ ਨਾੱਟਆਊਟ ਰਹੇ। ਇਸ ਜਿੱਤ ਦੇ ਨਾਲ ਅੰਡਰ 19 ਵਰਲਡ ਕੱਪ ਚੌਥੀ ਵਾਰ ਜਿੱਤ ਕੇ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਕੋਈ ਵੀ ਟੀਮ ਚਾਰ ਵਾਰ ਇਹ ਵਰਲਡ ਕੱਪ ਨਹੀਂ ਜਿੱਤ ਪਾਈ ਹੈ। ਇਸ ਮਾਮਲੇ ਵਿੱਚ ਭਾਰਤ ਦੇ ਬਾਅਦ ਆਸਟ੍ਰੇਲੀਆ ਦਾ ਸਥਾਨ ਆਉਂਦਾ ਹੈ, ਜੋ ਤਿੰਨ ਵਾਰ ਚੈਂਪੀਅਨ ਬਣਿਆ ਹੈ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ 2002, 2008 ਅਤੇ 2012 ਵਿੱਚ ਜੂਨੀਅਰ ਵਰਲਡ ਕੱਪ ਜਿੱਤਿਆ ਸੀ। ਫਾਇਨਲ ਮੁਕਾਬਲਾ ਪੂਰੀ ਤਰ੍ਹਾਂ ਇਕਤਰਫਾ ਰਿਹਾ ਅਤੇ ਆਸਟ੍ਰੇਲੀਆਈ ਟੀਮ ਭਾਰਤ ਦਾ ਕਦੇ ਵੀ ਮੁਕਾਬਲਾ ਕਰਦੇ ਹੋਏ ਨਜ਼ਰ ਨਹੀਂ ਆਈ। ਪੂਰੇ ਟੂਰਨਾਮੈਂਟ ਵਿੱਚ ਹੀ ਪ੍ਰਿਥਵੀ ਸ਼ਾ ਦੀ ਅਗਵਾਈ ਵਾਲੀ ਭਾਰਤੀ ਟੀਮ ਦਾ ਪ੍ਰਦਰਸ਼ਨ ਜਬਰਦਸਤ ਰਿਹਾ ਅਤੇ ਸਾਰੇ ਮੈਚ ਉਸਨੇ ਬੇਹੱਦ ਆਸਾਨੀ ਨਾਲ ਜਿੱਤੇ। ਮਨਜੋਤ ਕਾਲੜਾ ਨੂੰ ਮੈਨ ਆਫ ਦ ਮੈਚ ਅਤੇ ਮੁਕਾਬਲੇ ਵਿੱਚ 124 ਦੇ ਔਸਤ ਨਾਲ 372 ਰਣ ਬਨਾਉਣ ਵਾਲੇ ਸ਼ੁਭਮਨ ਗਿਲ ਨੂੰ ਮੈਨ ਆਫ ਦ ਟੂਰਨਾਮੈਂਟ ਘੋਸ਼ਿਤ ਕੀਤਾ ਗਿਆ।