ਇਟਲੀ ਦੀ ਡੁੱਬਦੀ ਕਬੱਡੀ ਨੂੰ ਬਚਾਉਣ ਲਈ ਕਬੱਡੀ ਖਿਡਾਰੀਆ ਨੇ ਹੀ ਚੁੱਕਿਆ ਬੀੜਾ

kabbadiਜਦੋਂ ਆਪਣੇ ਘਰ ਨੂੰ ਅੱਗ ਲੱਗੀ ਹੋਵੇ ਤਾਂ ਬੁਝਾਉਣ ਦਾ ਜੇਰਾ ਵੀ ਆਪ ਹੀ ਕਰਨਾ ਪੈਂਦਾ ਹੈ ਫਿਰ ਲੋਕਾਂ ਦਾ ਹਜੂਮ ਸਾਥ ਦੇਣ ਲਈ ਆਪਣੇ ਆਪ ਤੁਹਾਡੇ ਨਾਲ ਜੁੜ ਪੈਂਦਾ ਹੈ। ਅਜਿਹੀਆਂ ਹੀ ਕਈ ਗੱਲਾਂ ਲਾਗੂ ਹੋ ਰਹੀਆਂ ਹਨ ਪਿਛਲੇ ਕੁਝ ਸਾਲਾਂ ਤੋਂ ਵੈਂਟੀਲੇਟਰ ‘ਤੇ ਪਈ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਬਾਰੇ, ਜਿਸਨੂੰ  ਬਚਾਉਣ ਲਈ ਇਟਲੀ ਦੇ ਕਬੱਡੀ ਖਿਡਾਰੀ ਵੱਲੋਂ ਹੀ ਬੀੜਾ ਚੁੱਕਿਆ ਜਾ ਰਿਹਾ ਹੈ, ਮਾਨਤੋਵਾ ਵਿਖੇ ਇਸ ਸੀਜ਼ਨ ਦੇ ਪਹਿਲੇ ਖੇਡ ਮੇਲੇ ਦਾ ਐਲਾਨ ਕਰਕੇ। ਫਿਰ ਇਸੇ ਖੇਡ ਮੇਲੇ ਲਈ ਦੂਸਰਾ ਇਨਾਮ ਸਪਾਂਸਰ ਕਰਨਾ ਸੱਚਮੁੱਚ ਆਪਣੇ ਆਪ ਵਿਚ ਇਕ ਬੜਾ ਵੱਡਾ ਉਪਰਾਲਾ ਆਖਿਆ ਜਾ ਸਕਦਾ ਹੈ। ਇਸ ਖੇਡ ਮੇਲੇ ਨੂੰ ਪ੍ਰਮੋਟ ਕਰਕੇ ਇਟਲੀ ਦੇ ਜਿਲ੍ਹਾ ਬੈਰਗਾਮੋ ਦੇ ਕਬੱਡੀ ਖਿਡਾਰੀ ਵੱਲੋਂ ਇਸ ਖੇਡ ਦੇ ਅਸਲੀ ਪਹਿਰੇਦਾਰ ਹੋਣ ਦਾ ਸਬੂਤ ਵੀ ਪੇਸ਼ ਕੀਤਾ ਗਿਆ।
ਪਿਛਲੇ ਦੋ ਤਿੰਨਾਂ ਖੇਡ ਸੀਜ਼ਨਾਂ ਵੱਲ ਨਿਗ੍ਹਾ ਮਾਰੀ ਜਾਵੇ ਤਾਂ ਬਿਨਾਂ ਕਿਸੇ ਫੈਡਰੇਸ਼ਨ ਤੋਂ ਇਨ੍ਹਾਂ ਖਿਡਾਰੀਆਂ ਦੇ ਸਹਿਯੋਗ ਨਾਲ ਹੀ ਖੇਡ ਮੇਲੇ ਕਰਵਾਏ ਜਾ ਰਹੇ ਹਨ, ਜੋ ਕਿ ਬਹੁਤ ਹੀ ਸਲਾਹੁਣਯੋਗ ਉਪਰਾਲਾ ਹੈ, ਕਿਉਂਕਿ ਇਟਲੀ ਵਿਚ ਜੰਮੀ ਦੂਜੀ ਪੀੜ੍ਹੀ ਦੀ ਜਵਾਨੀ ਸਾਡੀਆਂ ਪੁਰਾਤਨ ਰਿਵਾਇਤਾਂ ਤੇ ਖੇਡਾਂ ਤੋਂ ਬਿਲਕੁਲ ਅਣਜਾਣ ਹੈ, ਜਿਸਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਲਈ ਅਜਿਹੇ ਉਪਰਾਲੇ ਕਰਨ ਵਾਲੇ ਹੀ ਅਸਲੀ ਸੂਰਬੀਰ ਅਖਵਾਉਂਦੇ ਹਨ, ਜੋ ਜਵਾਨੀ ਨੂੰ ਸਹੀ ਦਿਸ਼ਾ ਤੇ ਖਾਸ ਕਰ ਕੇ ਆਪਣੇ ਕਲਚਰ ਨਾਲ ਜੋੜੀ ਰੱਖਣ ਲਈ ਇਕ ਧੁਰਾ ਬਣਕੇ ਕੰਮ ਕਰਦੇ ਹੋਣ। ਆਸ ਕਰਦੇ ਹਾਂ ਕਿ ਇਟਲੀ ਦੇ ਖਿਡਾਰੀਆਂ ਵੱਲੋਂ ਇਸ ਸਾਲ ਮਾਨਤੋਵਾ ਤੋਂ ਸ਼ੁਰੂ ਕੀਤਾ ਖੇਡ ਮੇਲਿਆਂ ਦਾ ਅਗਾਜ਼ ਇਕ ਕਾਫਲੇ ਦਾ ਰੂਪ ਧਾਰਨ ਕਰੇ ਠੀਕ ਪਹਿਲਾਂ ਦੀ ਤਰ੍ਹਾਂ ਖੇਡ ਮੇਲਿਆਂ ਤੇ ਕਬੱਡੀ ਕੱਪ ਹੋਣ ਲੱਗ ਜਾਣਗੇ। ਦੱਸਣਯੋਗ ਹੈ ਕਿ ਪਿਛਲੇ ਦੋ ਚਾਰ ਸਾਲਾਂ ਵਿਚ ਇਟਲੀ ਦੇ ਬਹੁਤ ਸਾਰੇ ਖੇਡ ਪ੍ਰਮੋਟਰ ਤੇ ਖਿਡਾਰੀ ਇਟਲੀ ਦੀ ਨਾਗਰਿਕਤਾ ਲੈ ਕੇ ਇੰਗਲੈਂਡ ਕੈਨੇਡਾ ਵੱਲ ਨੂੰ ਕੂਚ ਕਰ ਗਏ ਹਨ। ਜਿਨ੍ਹਾਂ ਕਰਕੇ ਇੱਥੋਂ ਦੀਆਂ ਗਰਾਂਊਡਾਂ ਵਿਚ ਕਬੱਡੀ ਦੀਆਂ ਰੇਡਾਂ ਪੈਣੀਆਂ ਘੱਟ ਗਈਆ ਹਨ। ਸ਼ਾਲਾ! ਰੱਬ ਖੈਰ ਕਰੇ ਤੇ ਇਟਲੀ ਵਿਚ ਪੇਂਡੂ ਖੇਡ ਮੇਲਿਆਂ ਦੀਆਂ ਰੌਣਕਾਂ ਪਹਿਲਾਂ ਦੀ ਤਰ੍ਹਾਂ ਮੁੜ ਆਉਣ।
sabi

– ਸਾਬੀ ਚੀਨੀਆਂ ਦੀ ਵਿਸ਼ੇਸ਼ ਰਿਪੋਰਟ