ਕਰਾਟੇ ਚੈਂਪੀਅਨ ਅੰਮ੍ਰਿਤ ਕਾਹਲੋਂ ਨੂੰ ਕਾਰ ਕੰਪਨੀ ਮਰਸਡੀਜ਼ ਨੇ ਚੁਣਿਆ ਸਪਾਂਸਰ ਲਈ

kahlonਰੋਮ (ਇਟਲੀ) 26 ਮਾਰਚ (ਕੈਂਥ) – ਯੂਰਪ ਵਿੱਚ ਕੁਝ ਪੰਜਾਬੀ ਅਜਿਹੇ ਵੀ ਹਨ, ਜਿਹੜੇ ਕਿ ਆਪਣੀ ਸੋਚ ਅਤੇ ਕਾਰਵਾਈ ਨਾਲ ਜਿੱਥੇ ਭਾਰਤ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੁਸ਼ਨਾਉਂਦੇ ਹਨ, ਉੱਥੇ ਪੰਜਾਬੀ ਭਾਈਚਾਰੇ ਦੀ ਵੀ ਪੂਰੀ ਬੱਲੇ-ਬੱਲੇ ਕਰਵਾਉਂਦੇ ਹਨ। ਅਜਿਹਾ ਹੀ ਪੰਜਾਬੀ ਪਰਿਵਾਰ, ਤਰਲੋਚਨ ਸਿੰਘ ਕਾਹਲੋਂ ਅਤੇ ਰਾਜਬੀਰ ਕੌਰ ਦਾ ਪਰਿਵਾਰ ਹੈ, ਜੋ ਚੰਗੇ ਭਵਿੱਖ ਲਈ ਪ੍ਰਵਾਸੀ ਹੋਏ ਲੱਖਾਂ ਪੰਜਾਬੀਆਂ ਵਾਂਗ ਕਦੀ ਭਵਿੱਖ ਨੂੰ ਸੰਵਾਰਨ ਜਰਮਨ ਆਏ ਸਨ। ਕੱਪੜੇ ਦੀਆਂ ਕਈ ਦੁਕਾਨਾਂ ਦੀ ਮਾਲਕ ਰਹੀ ਕਾਹਲੋਂ ਜੋੜ੍ਹੀ ਨੇ ਜਿੰਦਗੀ ਵਿੱਚ ਅਹਿਮ ਫੈਸਲਾ ਲੈਂਦਿਆਂ ਸਿਰਫ ਪੈਸੇ ਹੀ ਕਮਾਉਣ ਦੀ ਬਜਾਏ ਬੱਚਿਆਂ ਦਾ ਭਵਿੱਖ ਰੌਸ਼ਨ ਕਰਨ ਦੀ ਠਾਣ ਲਈ ਤੇ ਅਪਣਾ ਕੈਰੀਅਰ ਬੱਚਿਆਂ ਲਈ ਦਾਅ ‘ਤੇ ਲਗਾ ਦਿੱਤਾ। ਕਾਹਲੋਂ ਜੋੜੀ ਦੀ ਕਰੜੀ ਮਿਹਨਤ ਜੋ ਕਿ ਇੱਕ ਜੂਏ ਵਾਂਗ ਸੀ, ਪਰ ਅਜਿਹਾ ਰੰਗ ਲਿਆਈ ਕਿ ਆਗਿਆਕਾਰ ਬੱਚਿਆਂ ਨੇ ਉਹ ਕਰ ਵਿਖਾਇਆ ਜਿਸ ਲਈ ਪੱਛਮ ਦੇ ਵਿਕਸਤ ਮੁਲਖਾਂ ਦਾ ਹਰ ਜਾਗਰੂਕ ਬਾਸ਼ਿੰਦਾ ਚਾਹੁੰਦਾ ਹੈ ਕਿ ਕਾਸ਼ ਮੇਰੇ ਬੱਚੇ ਵੀ ਅਜਿਹੇ ਹੋਣ।
ਕਾਹਲੋਂ ਪਰਿਵਾਰ ਦੀ ਮਿਹਨਤ ਨੂੰ ਭਗਤੀ ਕਹਿਣਾ ਵੀ ਅਤਿਕਥਨੀ ਨਹੀ ਹੋਵੇਗਾ ਜਿਨ੍ਹਾਂ ਨੇ ਅਪਣੇ ਤਿੰਨਾਂ ਬੱਚਿਆਂ ‘ਤੇ ਇੰਨੀ ਮਿਹਨਤ ਕੀਤੀ ਕਿ ਉਹ ਅੱਜ ਉਸ ਜਗ੍ਹਾ ਤੇ ਆ ਖੜੇ ਹੋਏ ਹਨ, ਜਿਸ ਰੁਤਬੇ ਨੂੰ ਕਿਸੇ ਪ੍ਰਵਾਸੀ ਵੱਲੋਂ ਜਰਮਨ ਵਿੱਚ ਪਾਉਣਾ ਔਖਾ ਹੀ ਨਹੀਂ ਸਗੋ ਅਸੰਭਵ ਸਮਝਿਆ ਜਾਂਦਾ ਹੈ। ਤਿੰਨਾਂ ਵਿੱਚੋਂ ਵੱਡੇ ਦੋਵੇਂ ਬੱਚੇ ਅਨੀਤ ਅਤੇ ਅੰਮ੍ਰਿਤ ਜਰਮਨੀ ਦੀ ਨੈਸ਼ਨਲ ਟੀਮ ਵਿੱਚ ਖੇਡਦੇ ਹਨ ਤੇ ਓਲੰਪਿੰਕ ਵਿੱਚ ਜਾਣ ਲਈ ਵੀ ਕੁਆਲੀਫਾਈ ਕਰ ਚੁੱਕੇ ਹਨ ਤੇ ਛੋਟੀ ਅਮਨ ਕਾਹਲੋਂ ਕਰਾਟਿਆਂ ਦੇ ਨਾਲ-ਨਾਲ ਬਾਕਸਿੰਗ ਵਿੱਚ ਵੀ ਹੱਥ ਅਜਮਾ ਰਹੀ ਹੈ। ਤਿੰਨ-ਚਾਰ ਸਾਲ ਦੀ ਉਮਰ ਦੇ ਆਪਣੇ ਬੱਚਿਆਂ ਨੂੰ ਕਾਹਲੋਂ ਪਰਿਵਾਰ ਨੇ ਕਰਾਟੇ ਸਿਖਾਉਣ ਲਈ ਭੇਜਣਾ ਸੁਰੂ ਕਰ ਦਿੱਤਾ ਸੀ। ਬੱਚਿਆਂ ਨੇ ਵੀ ਮਿਹਨਤ ਵਿੱਚ ਕਸਰ ਨਹੀ ਛੱਡੀ ਤੇ ਅਜਿਹਾ ਮਾਣ-ਸਨਮਾਨ ਹਾਸਲ ਕੀਤਾ ਕਿ ਪੰਜਾਬੀਆਂ ਦੇ ਨਾਲ-ਨਾਲ ਜਰਮਨ ਲੋਕ ਖੁਦ ਇਹਨਾਂ ਬੱਚਿਆ ‘ਤੇ ਮਾਣ ਮਹਿਸੂਸ ਕਰਦੇ ਹਨ। ਅਨੇਕਾਂ ਮੈਡਲ ਜਿੱਤਣ ਵਾਲੇ ਇਨ੍ਹਾਂ ਤਿੰਨਾਂ ਬੱਚਿਆਂ ਵਿਚੋਂ ਵਿਚਕਾਰਲੇ ਅੰਮ੍ਰਿਤ ਕਾਹਲੋਂ ਦੀ ਮਿਹਨਤ, ਨਿਮਰਤਾ ਅਤੇ ਜੋਸ਼ ਨੇ ਦੁਨੀਆ ਭਰ ਵਿੱਚ ਮਸ਼ਹੂਰ ਜਰਮਨ ਕਾਰ ਕੰਪਨੀ ਮਰਸਡੀਜ਼ ਨੂੰ ਸਪਾਂਸਰ ਕਰਨ ਲਈ ਮਜਬੂਰ ਕਰ ਦਿੱਤਾ। ਅੰਮ੍ਰਿਤ ਕਾਹਲੋਂ ਵੱਲੋਂ ਯੂਰਪੀਨ ਕਰਾਟੇ ਲੀਗ ਵਿੱਚ ਅਤੇ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ ਦੇ ਇਨਾਮ ਵਜੋਂ ਮਰਸਡੀਜ਼-ਬੈਨਜ਼ ਨੇ ਸਪਾਂਸਰ ਕਰਨ ਲਈ ਚੁਣਿਆ ਹੈ ਤੇ ਉਸ ਨੂੰ ਮਰਸਡੀਜ਼-ਬੈਨਜ਼ (ਜੀ ਐਲ ਏ 220 4ਮੈਟਿਕ ਮਾਡਲ 2018) ਕਾਰ ਭੇਟ ਕੀਤੀ ਹੈ ਜੋ ਸਿਰਫ ਚਲਾਉਣੀ ਹੈ ਜਿਸ ਦਾ ਬੀਮਾ, ਤੇਲ-ਪਾਣੀ ਸਮੇਤ ਹਰ ਟੁੱਟ ਭੁੱਜ ਦਾ ਖਰਚਾ ਕੰਪਨੀ ਹੀ ਚੁੱਕੇਗੀ।
ਬੱਚਿਆਂ ਦੀਆਂ ਇਹਨਾਂ ਪ੍ਰਾਪਤੀਆਂ ‘ਤੇ ਮਾਣ ਕਰਦਿਆਂ ਕਾਹਲੋਂ ਜੋੜੀ ਵਾਹਿਗੁਰੂ ਦਾ ਸੁਕਰਾਨਾ ਕਰਦੀ ਨਹੀਂ ਥੱਕਦੀ ਤੇ ਉਨ੍ਹਾਂ ਦੇ ਰਿਸ਼ਤੇਦਾਰ-ਮਿੱਤਰ ਦੋਸਤ ਵੀ ਮਾਣ ਵਿੱਚ ਫੁੱਲੇ ਨਹੀਂ ਸਮਾਉਂਦੇ।ਉਮੀਦ ਹੈ ਕਿ ਯੂਰਪ ਦੇ ਬਾਕੀ ਪੰਜਾਬੀ ਵੀ ਕਾਹਲੋ ਪਰਿਵਾਰ ਤੋਂ ਕੁਝ ਸਿੱਖਣ ਦਾ ਯਤਨ ਕਰਨਗੇ।