ਗੁਨਜਾਗਾ ਕਬੱਡੀ ਕੱਪ 23 ਜੂਨ ਨੂੰ ਹੋਵੇਗਾ – ਤਾਜਪੁਰੀ

ਬੱਚਿਆਂ ਦੀਆਂ ਦੌੜ੍ਹਾਂ ਅਤੇ ਰੱਸਾਕਸ਼ੀ ਦਾ ਮੈਚ ਵੀ ਵੇਖਣਯੋਗ ਹੋਵੇਗਾ

kcup

ਮਾਨਤੋਵਾ (ਇਟਲੀ) 21 ਜੂਨ (ਟੇਕ ਚੰਦ ਜਗਤਪੁਰ) – ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਨੂੰ ਇਟਲੀ ‘ਚ  ਪ੍ਰਫੁਲਿੱਤ ਕਰਨ ਹਿੱਤ ਲੰਮੇ ਸਮੇਂ ਤੋਂ ਵਿਲੱਖਣ ਯੋਗਦਾਨ ਪਾ ਰਹੀ ਕਲਗੀਧਰ ਖਾਲਸਾ ਸਪੋਰਟਸ & ਕਲਚਰਲ ਕਲੱਬ ਗੁਨਜਾਗਾ ਮਾਨਤੋਵਾ ਵੱਲੋਂ ਸਮੂਹ ਗੁਨਜਾਗਾ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ 23 ਜੂਨ ਦਿਨ ਐਤਵਾਰ ਨੂੰ ਗੁਨਜਾਗਾ (ਮਾਨਤੋਵਾ) ਵਿਖੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ ਦੀਆਂ ਅੱਠ ਨਾਮਵਰ ਟੀਮਾਂ ਭਾਗ ਲੈਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਰਪ ਦੇ ਪ੍ਰਸਿੱਧ ਖੇਡ ਕੁਮੈਂਟੇਟਰ ਅਤੇ ਮੇਲਾ ਪ੍ਰਬੰਧਕ ਨਰਿੰਦਰ ਸਿੰਘ ਤਾਜਪੁਰੀ ਨੇ ਵਿਸੇæਸ਼ ਗਲਬਾਤ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ, ਇਸ ਕਬੱਡੀ ਕੱਪ ‘ਚ ਜਿਥੇ ਅੰਤਰਰਾਸਟਰੀ ਪੱਧਰ ਦੇ ਖਿਡਾਰੀ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਗੇ, ਉੱਥੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਦੀਆਂ ਦੌੜ੍ਹਾਂ ਵੀ ਕਰਵਾਈਆਂ ਜਾਣਗੀਆਂ। ਪੰਜਾਬੀਆਂ ਦੀ ਰਵਾਇਤੀ ਖੇਡ ਰੱਸਾਕਸ਼ੀ ਦਾ ਸੋæਅ ਮੈਚ ਵੀ ਵੇਖਣਯੋਗ ਹੋਵੇਗਾ। ਧਾਰਮਿਕ, ਰਾਜਨੀਤਿਕ ਤੋਂ ਇਲਾਵਾ ਖੇਡ ਜਗਤ ਦੀਆਂ ਮਾਣਮੱਤੀਆਂ ਸਖਸ਼ੀਅਤਾਂ ਦੀ ਹਾਜਰੀ ਵੀ ਇਸ ਮੇਲੇ ਦੀ ਰੌਣਕ ਨੂੰ ਚਾਰ ਚੰਦ ਲਾਵੇਗੀ। ਇਸ ਕਬੱਡੀ ਕੱਪ ‘ਚ ਪਹਿਲਾ ਇਨਾਮ 1500 ਯੂਰੋ ਅਤੇ ਦੂਜਾ ਇਨਾਮ 1200 ਯੂਰੋ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ, ਇਹ ਪਰਿਵਾਰਕ ਖੇਡ ਮੇਲਾ ਹੈ, ਜਿਸ ਵਿਚ ਬੱਚਿਆਂ, ਔਰਤਾਂ ਦੇ ਬੈਠਣ ਦਾ ਅਤੇ ਸੁਰੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ, ਖੇਡ ਪ੍ਰੇਮੀਆਂ ਲਈ ਲੰਗਰ, ਚਾਹ ਅਤੇ ਠੰਡੇ-ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ, ਇਸ ਮੇਲੇ ‘ਚ ਖੇਡ ਪ੍ਰੇਮੀਆਂ ਦਾ ਦਾਖਲਾ ਮੁਫਤ ਹੋਵੇਗਾ। ਉਨ੍ਹਾਂ ਸਮੂਹ ਖੇਡ ਪ੍ਰੇਮੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਕਬੱਡੀ ਕੱਪ ‘ਚ ਹੁੰਮਹੁਮਾ ਕੇ ਸ਼ਿਰਕਤ ਕਰਨ। ਇਸ ਮੌਕੇ ‘ਤੇ ਫੁੱਮਣ ਸਿੰਘ, ਮੰਗਲ ਸਿੰਘ ਪੱਡਾ, ਜਸਵੀਰ ਸਿੰਘ ਬਾਜਵਾ, ਸਤਪਾਲ ਮੱਲੀ, ਕੁਲਦੀਪ ਸਿੰਘ ਭੰਡਾਲ, ਅਰਵਿੰਦਰ ਸਿੰਘ ਬਾਲਾ, ਸੁਖਵਿੰਦਰ ਸਿੰਘ ਸੁੱਖਾ ਤੋਂ ਇਲਾਵਾ ਭਾਰੀ ਗਿਣਤੀ ‘ਚ ਖੇਡ ਪ੍ਰੇਮੀ ਨਾਲ ਸਨ।