ਦੱਖਣੀ ਕੋਰੀਆ ਉਲੰਪਿਕ ਖੇਡਾਂ ‘ਚੋਂ ਇਟਲੀ ਨੇ 10 ਮੈਡਲ ਜਿੱਤੇ

italyitaly1ਮਿਲਾਨ (ਇਟਲੀ) 6 ਮਾਰਚ (ਸਾਬੀ ਚੀਨੀਆਂ) – ਦੱਖਣੀ ਕੋਰੀਆ ਵਿਖੇ ਸਮਾਪਤ ਹੋਈਆਂ 23ਵੀਆਂ ਸਰਦ ਰੁੱਤ ਉਲੰਪਿਕ ਖੇਡਾਂ ਵਿੱਚ ਇਟਲੀ ਹਿੱਸੇ 10 ਮੈਡਲ ਆਏ ਹਨ। ਸਮੁੱਚੇ ਦੇਸ਼ਾਂ ਦੀ ਮੈਡਲ ਰੈਂਕਿੰਗ ਸੂਚੀ ਵਿੱਚ ਇਟਲੀ 12ਵੇਂ ਸਥਾਨ ‘ਤੇ ਰਿਹਾ ਹੈ। ਇਨਾਂ ਖੇਡਾਂ ਵਿੱਚ ਇਟਲੀ ਵੱਲੋਂ 120 ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਟਲੀ ਦੀਆਂ ਮਹਿਲਾ ਐਥਲੀਟਾਂ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ। ਪੰਜ ਸੋ ਮੀਟਰ ਵੁਮੈਨ ਵੀਲ੍ਹ ਰਨਿੰਗ ਸਕੇਟਿੰਗ ਵਿੱਚ ਇਟਲੀ ਦੀ ਆਰੀਆਨਾ ਫੌਂਤਾਨਾ ਨੇ ਦੇਸ਼ ਲਈ ਪਹਿਲਾ ਗੋਲਡ ਮੈਡਲ ਜਿੱਤਿਆ, ਜਦੋਂਕਿ ਮੀਕੇਲਾ ਅਤੇ ਸੋਫੀਆ ਨੇ ਵੀ ਆਪੋ ਆਪਣੇ ਇਵੈਂਟਸ ਵਿੱਚ ਗੋਲਡ ਮੈਡਲ ਹਾਸਲ ਕੀਤੇ। ਇਸ ਪ੍ਰਕਾਰ ਇਟਲੀ ਦੇ ਖਿਡਾਰੀਆਂ ਨੇ ਇਨਾਂ ਖੇਡਾਂ ਵਿੱਚ ਤਿੰਨ ਗੋਲਡ ਮੈਡਲ, ਦੋ ਚਾਂਦੀ ਅਤੇ ਪੰਜ ਕਾਂਸੇ ਦੇ ਤਮਗੇ (ਕੁੱਲ 10 ਮੈਡਲ) ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਦੱਸਣਯੋਗ ਹੈ ਕਿ ਸਾਲ 2014 ਦੀਆਂ ਉਲੰਪਿਕ ਖੇਡਾਂ ਵਿੱਚ ਇਟਲੀ ਕੋਈ ਵੀ ਸੋਨ ਤਮਗਾ ਨਹੀਂ ਜਿੱਤ ਸਕਿਆ ਸੀ, ਪ੍ਰੰਤੂ ਇਸ ਵਾਰ ਖਿਡਾਰੀਆਂ ਦੁਆਰਾ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੀ ਸਮੁੱਚੇ ਇਟਲੀ ਵਾਸੀਆਂ ਦੁਆਰਾ ਖੂਬ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਦੱਖਣੀ ਕੋਰੀਆਂ ਦੇ ਸ਼ਹਿਰ ਪਿਓਗਚਗ ਵਿਖੇ ਹੋਈਆਂ ਇਨਾਂ ਖੇਡਾਂ ਵਿੱਚ ਕੁੱਲ 92 ਮੁਲਕਾਂ ਦੇ ਖਿਡਾਰੀਆਂ ਨੇ ਸ਼ਿਰਕਤ ਕੀਤੀ ਸੀ। ਰੈਂਕਿੰਗ ਸੂਚੀ ਵਿੱਚ ਨਾਰਵੇ ਨੇ ਸਭ ਤੋਂ ਵੱਧ ਮੈਡਲ ਜਿੱਤ ਕੇ ਪਹਿਲਾ ਸਥਾਨ, ਜਰਮਨੀ ਨੇ ਦੂਜਾ ਤੇ ਕੈਨੇਡਾ ਨੇ ਤੀਜਾ ਸਥਾਨ ਹਾਸਲ ਕੀਤਾ।