ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਬਹੁਤ ਜ਼ਰੂਰੀ – ਗਿੱਲ

ਕ੍ਰਿਕਟ ਟੂਰਨਾਮੈਂਟ ਸ਼ੇਰ ਪੰਜਾਬੀ ਕਲੱਬ ਬੋਰਗੋ ਹੇਰਮਾਦਾ ਨੇ ਜਿੱਤਿਆ 

ਟੂਰਨਾਮੈਂਟ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਰਾਜਬੀਰ ਸਿੰਘ ਗਿੱਲ ਤੇ ਹੋਰ ਪਤਵੰਤੇ। ਫੋਟੋ : ਕੈਂਥ

ਟੂਰਨਾਮੈਂਟ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਰਾਜਬੀਰ ਸਿੰਘ ਗਿੱਲ ਤੇ ਹੋਰ ਪਤਵੰਤੇ। ਫੋਟੋ : ਕੈਂਥ

ਰੋਮ (ਇਟਲੀ) 20 ਸਤੰਬਰ (ਕੈਂਥ) – ਅਜੋਕੇ ਯੁੱਗ ਵਿੱਚ ਜਿਸ ਰਫ਼ਤਾਰ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀ ਮਹਾਂ ਦਲ-ਦਲ ਵਿੱਚ ਬਿਨ੍ਹਾਂ ਸੋਚੇ ਸਮਝੇ ਧੱਸਦੀ ਜਾ ਰਹੀ ਹੈ ਉਸ ਤੋਂ ਬਾਹਰ ਕੱਢਣ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੇ ਉੱਘੇ ਸਮਾਜ ਸੇਵਕ ਅਤੇ ਬਿਜਨਸਮੈਨ ਰਾਜਬੀਰ ਸਿੰਘ ਗਿੱਲ ਨੇ ਆਲ ਇਨ ਵਨ ਸਰਵਿਸ ਵੱਲੋਂ ਸ਼ਹਿਰ ਬੋਰਗੋ ਹੇਰਮਾਦਾ (ਲਾਤੀਨਾ) ਵਿਖੇ ਕਰਵਾਏ ਪਹਿਲੇ ਕ੍ਰਿਕਟ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਮੌਕੇ ਹਾਜ਼ਰੀਨ ਭਾਰਤੀ ਭਾਈਚਾਰੇ ਨਾਲ ਕੀਤਾ। ਗਿੱਲ ਨੇ ਕ੍ਰਿਕਟ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ, ਅੱਜ ਦੇ ਨੌਜਵਾਨ ਵਰਗ ਖਾਸਕਰ ਭਾਰਤੀਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਬਹੁਤ ਜ਼ਰੂਰੀ ਹੈ। ਇਹ ਨੌਜਵਾਨ ਚਾਹੇ ਭਾਰਤ ਵਿੱਚ ਹਨ ਜਾਂ ਵਿਦੇਸ਼ਾਂ ਵਿੱਚ ਹਰ ਥਾਂ ਹੀ ਨਸ਼ੇ ਨੌਜਵਾਨਾਂ ਨੂੰ ਵੱਡੇ ਪੱਧਰ ਉੱਤੇ ਮੌਤ ਦੇ ਮੂੰਹ ਵਿੱਚ ਲਿਜਾ ਰਹੇ ਹਨ। ਇਸ ਪਹਿਲੇ ਕ੍ਰਿਕਟ ਟੂਰਨਾਮੈਂਟ ਵਿੱਚ ਸ਼ੇਰ ਪੰਜਾਬੀ ਕਲੱਬ ਬੋਰਗੋ ਹੇਰਮਾਦਾ ਨੇ ਜਸਟ ਹਿਊਮਨਟੀ ਕਲੱਬ ਫੌਂਦੀ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੇ। ਇਸ ਕ੍ਰਿਕਟ ਟੂਰਨਾਮੈਂਟ ਵਿੱਚ ਮੈਨ ਆਫ਼ ਦਾ ਮੈਚ ਅਤੇ ਮੈਨ ਆਫ਼ ਦਾ ਸੀਰੀਜ਼ ਮਨੋਜ ਕੁਮਾਰ ਨੂੰ ਐਲਾਨਿਆ ਗਿਆ। ਸ਼ੇਰ ਪੰਜਾਬੀ ਕਲੱਬ ਬੋਰਗੋ ਹੇਰਮਾਦਾ ਦੇ ਪ੍ਰਧਾਨ ਹਰਵਿੰਦਰ ਸਿੰਘ ਪਟਵਾਰ ਨੇ ਪ੍ਰੈੱਸ ਨੂੰ ਆਪਣੇ ਕਲੱਬ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ, ਉਨ੍ਹਾਂ ਵੱਲੋਂ ਇਲਾਕੇ ਦੇ ਭਾਰਤੀ ਨੌਜਵਾਨਾਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਖੇਡਾਂ ਨਾਲ ਜੋੜ੍ਹ ਕੇ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਵੀ ਬਹੁਤ ਉਤਸਾਹ ਨਾਲ ਕਲੱਬ ਦੀ ਹਰ ਗਤੀਵਿਧੀ ਵਿੱਚ ਵਧ ਚੜ੍ਹ ਕੇ ਸ਼ਾਮਿਲ ਹੋ ਰਹੇ ਹਨ। ਪਟਵਾਰ ਨੇ ਪਹਿਲੇ ਕ੍ਰਿਕਟ ਟੂਰਨਾਮੈਂਟ ਵਿੱਚ ਸਹਿਯੋਗ ਦੇਣ ਵਾਲੇ ਸਭ ਪਤਵੰਤਿਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇੰਝ ਹੀ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਦੇ ਹੋਣਹਾਰ ਖਿਡਾਰੀ ਮਨੋਜ ਕੁਮਾਰ, ਪ੍ਰਿੰਸ, ਜੌਨੀ, ਚਰਨਜੀਤ ਸਿੰਘ ਬਰਾੜ, ਗੁਰਦੀਪ ਗੁਰੀ, ਸਰਬਜੀਤ ਸਾਬਾ, ਹਰਪ੍ਰੀਤ ਹੈਪੀ, ਪੀਟਾ, ਸੋਨਾ ਆਦਿ ਤੋਂ ਇਲਾਵਾ ਬਿੱਟੂ ਲਾਂਬੜਾ ਆਦਿ ਵੀ ਮੌਜੂਦ ਸਨ।