ਮੁੱਕੇਬਾਜ਼ੀ ਦੇ ਹੀਰੋ, ਵਿਸ਼ਵ ਚੈਂਪੀਅਨ ਦੀ ਮੁੱਕੇਬਾਜ਼ੀ ਦੌਰਾਨ ਮੌਤ

ਰਿੰਗ ਵਿਚ ਆਪਣੀ ਮੌਤ ਚਾਹੁੰਦਾ ਸੀ ਕ੍ਰਿਸਤੀਅਨ ਦਾਗੀਓ

christianਰੋਮ (ਇਟਲੀ) 4 ਨਵੰਬਰ (ਪੰਜਾਬ ਐਕਸਪ੍ਰੈੱਸ) – 26 ਅਕਤੂਬਰ ਨੂੰ ਡੌਨ ਪਰੂਏਂਗ ਦੇ ਖਿਲਾਫ ਇੱਕ ਡਬਲਯੂਬਲਬੀ ਏਸ਼ੀਆ ਟਾਈਟਲ ਮੈਚ ਦੌਰਾਨ ਜ਼ਖਮੀ ਹੋਣ ਦੇ ਕਾਰਨ ਸ਼ੁੱਕਰਵਾਰ ਨੂੰ ਬੈਂਕਾਕ ਦੇ ਹਸਪਤਾਲ ਵਿੱਚ ਕ੍ਰਿਸਤੀਅਨ ਦਾਗੀਓ ਦਾ ਦੇਹਾਂਤ ਹੋ ਗਿਆ।
ਮੋਦੇਨਾ ਦੇ ਸੁਪਰ ਚੈਂਪੀਅਨ ਮੁੱਕੇਬਾਜ਼ ਕ੍ਰਿਸਤੀਅਨ ਦਾਗੀਓ (49) ਮੁੱਕੇਬਾਜ਼ੀ ਦੌਰਾਨ ਰਿੰਗ ਵਿੱਚ ਆਖਰੀ ਸਾਹ ਤਕ ਲੜਦਾ ਰਿਹਾ ਅਤੇ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਉਹ ਥਾਈਲੈਂਡ ਦੇ ਸ਼ਹਿਰ ਬੈਂਕਾਕ ਵਿਖੇ ਏਸ਼ੀਆਈ ਸੁਪਰਮੈਡੀਕਸ ਨਾਮ ਹੇਠ ਕਰਵਾਈ ਜਾ ਰਹੀ ਖੇਡ ‘ਚ ਹਿੱਸਾ ਲੈ ਰਿਹਾ ਸੀ। ਮਰਹੂਮ ਮੁੱਕੇਬਾਜ਼ ਕ੍ਰਿਸਤੀਅਨ ਦਾਗੀਓ ਦੀ ਇਹੀ ਦਿਲੀ ਇੱਛਾ ਸੀ ਕਿ ਉਸ ਦੀ ਮੌਤ ਰਿੰਗ ਵਿੱਚ ਲੜਦਿਆਂ ਹੀ ਹੋਵੇ ਅਤੇ ਉਹ ਰਿੰਗ ‘ਚ ਲੜਦਾ-ਲੜਦਾ ਕੋਮਾ ‘ਚ ਚਲਾ ਗਿਆ ਤੇ ਹਸਪਤਾਲ ‘ਚ ਉਸ ਨੂੰ ਮ੍ਰਿਤਕ ਐਲਾਨਿਆ ਗਿਆ। ਉਸਦੇ ਭਰਾ ਅਤੇ ਮੈਨੇਜਰ ਫਾਬਰੀਸੀਓ ਨੇ ਇਸ ਸਬੰਧੀ ਬਿਆਨ ਦਿੰਦੇ ਹੋਏ ਕਿਹਾ ਕਿ, ਕ੍ਰਿਸਤੀਅਨ ਜਿਸ ਤਰ੍ਹਾਂ ਰਿੰਗ ਵਿਚ ਆਪਣੀ ਮੌਤ ਚਾਹੁੰਦਾ ਸੀ, ਬਿਲਕੁਲ ਉਸ ਤਰ੍ਹਾਂ ਹੀ ਉਸਨੂੰ ਮੌਤ ਪ੍ਰਾਂਪਤ ਹੋਈ। ਮੁੱਕੇਬਾਜ਼ ਕ੍ਰਿਸਤੀਅਨ ਦਾਗੀਓ ਥਾਈਲੈਂਡ ਵਿੱਚ ਮੁੱਕੇਬਾਜ਼ੀ ਦਾ ਹੀਰੋ ਸੀ। ਕ੍ਰਿਸਤੀਅਨ ਦੇ ਪਰਿਵਾਰ ਵਿਚ ਉਸਦੀ ਪਤਨੀ ਅਤੇ 5 ਸਾਲ ਦੀ ਬੇਟੀ ਹੈ।
ਇਟਲੀ ਦੇ ਜ਼ਿਲਾ ਮੋਦੇਨਾ ਦੇ ਸ਼ਹਿਰ ਕਾਰਪੀ ਦਾ ਮੁੱਕੇਬਾਜ਼ ਕ੍ਰਿਸਤੀਅਨ ਦਾਗੀਓ 49 ਸਾਲ ਦੀ ਉਮਰ ਵਿੱਚ 7 ਵਾਰ ਥਾਈਲੈਂਡ ਦਾ ਮੁੱਕੇਬਾਜ਼ ਵਿਸ਼ਵ ਚੈਂਪੀਅਨ ਰਿਹਾ।ਮੁੱਕੇਬਾਜ਼ੀ ਲਈ ਘਰ ਸਮਝੇ ਜਾਣ ਵਾਲੇ ਥਾਈਲੈਂਡ ਵਿੱਚ ਉਹ ਪਹਿਲਾ ਇਟਾਲੀਅਨ ਸੀ, ਜਿਸ ਨੂੰ ਇਸ ਮੁੱਕੇਬਾਜ਼ੀ ਵਿੱਚ ਜ਼ੋਰ ਅਜ਼ਮਾਇਸ਼ ਕਰਨ ਦਾ ਮੌਕਾ ਮਿਲਿਆ।
ਸੰਨ 2016 ਤੱਕ ਥਾਈਲੈਂਡ ਮੁੱਕੇਬਾਜ਼ੀ ਵਿੱਚ 7 ਵਾਰ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਣ ਵਾਲੇ ਕ੍ਰਿਸਤੀਅਨ ਦਾਗੀਓ ਨੇ ਯੂਰਪੀਅਨ ਅਤੇ ਵਿਸ਼ਵ ਟੀਮ ਵੱਲੋਂ 3 ਕਾਂਸੇ ਦੇ ਮੈਡਲ ਵੀ ਜਿੱਤੇ। ਉਸ ਨੇ ਆਪਣੀ ਜ਼ਿੰਦਗੀ ਵਿੱਚ 182 ਮੈਚਾਂ ਵਿੱਚੋਂ 142 ਮੈਚ ਜਿੱਤੇ। ਮੁੱਕੇਬਾਜ਼ੀ ਵਿੱਚ 31 ਲੜਾਈਆਂ ਲੜੀਆਂ ਅਤੇ 31 ਹੀ ਜਿੱਤੀਆਂ, 27 ਵਿੱਚ ਉਹ ਨੋਟਆਊਟ ਰਿਹਾ।
ਵਧੇਰੇ ਉਮਰ ਹੋਣ ਦੇ ਬਾਵਜੂਦ ਵੀ  ਉਹ ਪਿਛਲੇ ਸਾਲ ਰਿੰਗ ਵਿੱਚ ਵਾਪਸ ਆ ਗਿਆ। ਮਰਹੂਮ ਕ੍ਰਿਸਤੀਅਨ ਦਾਗੀਓ ਨੂੰ ਮੁੱਕੇਬਾਜ਼ੀ ਇੰਨੀ ਜ਼ਿਆਦਾ ਪੰਸਦ ਸੀ ਕਿ ਉਹ 2006 ਤੋਂ ਇਟਲੀ ਛੱਡ ਕੇ ਥਾਈਲੈਂਡ ਦੇ ਸ਼ਹਿਰ ਪਤਾਇਆ ‘ਚ ਹੀ ਪੱਕੇ ਤੌਰ ‘ਤੇ ਰਹਿੰਦਾ ਸੀ । ਇਸ ਦੌਰਾਨ ਹੀ ਉਸ ਨੇ ਮੁੱਕੇਬਾਜ਼ੀ ਸਿਖਾਉਣ ਲਈ ਇੱਕ ਸਕੂਲ ਖੋਲ੍ਹਿਆ, ਜਿੱਥੇ ਦੁਨੀਆਂ ਭਰ ਦੇ ਸਿੱਖਿਆਰਥੀ ਆਉਂਦੇ ਸਨ।
ਆਪਣੀ ਜ਼ਿੰਦਗੀ ਦੀ ਆਖਰੀ ਮੁੱਕੇਬਾਜ਼ੀ ਦੌਰਾਨ ਕ੍ਰਿਸਤੀਅਨ ਦਾਗੀਓ ਨੇ 12 ਵਾਰ ਲੜਾਈ ਕੀਤੀ ਤੇ ਬਾਅਦ ਵਿੱਚ ਉਹ ਕੋਮਾ ਵਿੱਚ ਚਲਾ ਗਿਆ ਤੇ ਹਸਪਤਾਲ ਜਾ ਕੇ ਉਸ ਦੀ ਮੌਤ ਹੋ ਗਈ। ਉਸ ਦੇ ਭਰਾ ਫੈਬਰੀਸੀਓ ਅਨੁਸਾਰ ਕ੍ਰਿਸਤੀਅਨ ਦਾਗੀਓ ਨੇ ਕਦੀ ਹਾਰ ਨਹੀਂ ਮੰਨੀ। ਰਿੰਗ ਵਿੱਚ ਜਦੋਂ ਉਹ ਡਿੱਗ ਪਿਆ ਸੀ ਤਾਂ ਉਸ ਨੇ ਲੜਾਈ ਨਹੀਂ ਛੱਡੀ ਜੇਕਰ ਉਸ ਦੀ ਥਾਂ ਕੋਈ ਹੋਰ ਹੁੰਦਾ ਤਾਂ ਕਦੋਂ ਦਾ ਆਤਮ-ਸਮਰਪਣ ਕਰ ਦਿੰਦਾ ਪਰ ਕ੍ਰਿਸਤੀਅਨ ਦਾਗੀਓ ਨੇ ਮੌਤ ਨੂੰ ਗਲ ਲਗਾ ਲਿਆ ਤੇ ਆਖਰੀ ਸਾਹ ਤੱਕ ਹਾਰ ਨਾ ਮੰਨੀ। ਇਟਲੀ ਵਿਚ ਕ੍ਰਿਸਤੀਅਨ ਦਾਗੀਓ ਦੀ ਮੌਤ ‘ਤੇ ਡੂੰਘਾ ਦੁੱਖ ਜਾਹਿਰ ਕੀਤਾ ਜਾ ਰਿਹਾ ਹੈ।