ਵਿਰਸੇ ਦੀ ਸੰਭਾਲ ਲਈ ਗਤਕੇ ਨੂੰ ਪਿੰਡ-ਪਿੰਡ ਪੰਹੁਚਾਉਣ ਦਾ ਸੱਦਾ

ਰੂਪਨਗਰ ‘ਚ ਦੂਜਾ ਵਿਰਸਾ ਸੰਭਾਲ ਗਤਕਾ ਕੱਪ ਕਰਵਾਇਆ
ਸ਼ਸ਼ਤਰ ਪ੍ਰਦਰਸ਼ਨੀ ‘ਚ ਸੰਤ ਜਰਨੈਲ ਸਿੰਘ ਗਤਕਾ ਅਖਾੜਾ ਜੇਤੂ

ਗੁਰਦੁਆਰਾ ਹੈਡਦਰਬਾਰ ਟਿੱਬੀ ਸਾਹਿਬ ਦੇ ਮੁੱਖੀ ਸੰਤ ਅਵਤਾਰ ਸਿੰਘ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਰੂਪਨਗਰ ਵਿਖੇ ਗਤਕਾ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ।

ਗੁਰਦੁਆਰਾ ਹੈਡਦਰਬਾਰ ਟਿੱਬੀ ਸਾਹਿਬ ਦੇ ਮੁੱਖੀ ਸੰਤ ਅਵਤਾਰ ਸਿੰਘ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਰੂਪਨਗਰ ਵਿਖੇ ਗਤਕਾ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ।

ਰੂਪਨਗਰ, 29 ਜਨਵਰੀ – ਅੱਜ ਇਥੇ ਗੁਰੂਦੁਆਰਾ ਕੋਟ ਪਰਾਣ ਟਿੱਬੀ ਸਾਹਿਬ (ਹੈਡਵਰਕਸ) ਵਿਖੇ ਕਰਵਾਏ ਗਏ ਦੂਜੇ ਵਿਰਸਾ ਸੰਭਾਲ ਗਤਕਾ ਟੂਰਨਾਮੈਂਟ ਦੌਰਾਨ ਸ਼ਸ਼ਤਰ ਪ੍ਰਦਰਸ਼ਨੀ ਵਿੱਚ ਸੰਤ ਜਰਨੈਲ ਸਿੰਘ ਗਤਕਾ ਅਖਾੜਾ ਖਿਜਰਾਬਾਦ ਦੀ ਟੀਮ ਜੇਤੂ ਰਹੀ, ਜਦਕਿ ਮੀਰੀ ਪੀਰੀ ਗਤਕਾ ਅਖਾੜਾ ਘਨੌਲੀ ਦੀ ਟੀਮ ਦੂਜੇ ਨੰਬਰ ‘ਤੇ ਅਤੇ ਮਾਈ ਭਾਗੋ ਗਤਕਾ ਅਖਾੜਾ ਪਿਰੋਜ਼ਪੁਰ ਦੀ ਟੀਮ ਤੀਜੇ ਨੰਬਰ ‘ਤੇ ਰਹੀ। ਗਤਕਾ ਸੋਟੀ-ਫ਼ਰੀ (ਵਿਅਕਤੀਗਤ) ਮੁਕਾਬਲੇ ਵਿੱਚ ਰਣਬੀਰ ਸਿੰਘ ਪਹਿਲੇ, ਗੁਰਪ੍ਰੀਤ ਸਿੰਘ ਦੂਜੇ ਅਤੇ ਜਸਪ੍ਰੀਤ ਸਿੰਘ ਤੀਜੇ ਸਥਾਨ ‘ਤੇ ਰਿਹਾ।
ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਜਾਗਰਨ ਗਰੁੱਪ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਦੂਜੇ ਜਿਲ੍ਹਾ ਪੱਧਰੀ ਗਤਕਾ ਟੂਰਨਾਮੈਂਟ ਦਾ ਉਦਘਾਟਨ ਗੁਰੂਦੁਆਰਾ ਟਿੱਬੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ, ਸੀਨੀਅਰ ਕਾਂਗਰਸੀ ਨੇਤਾ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਇਸਮਾ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਸਾਂਝੇ ਤੌਰ ‘ਤੇ ਕੀਤਾ। ਉਨ੍ਹਾਂ ਦੇ ਨਾਲ ਸਹਾਇਕ ਸੰਪਾਦਕ ਮਹਿਤਾਬ-ਉਦ-ਦੀਨ ਅਤੇ ਇਸਮਾ ਦੇ ਸੀਨੀਅਰ ਵਾਈਸ ਚੇਅਰਮੈਨ ਰਘਬੀਰ ਚੰਦ ਸ਼ਰਮਾ ਨੇ ਸਾਥ ਦਿੱਤਾ।
ਇਸ ਮੌਕੇ ਬੋਲਦਿਆਂ ਜੈਲਦਾਰ ਚੈੜੀਆਂ ਨੇ ਵਿਰਾਸਤੀ ਖੇਡ ਗਤਕਾ ਦੀ ਪ੍ਰਫੁੱਲਤਾ ਲਈ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਇਸਮਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਵਿਰਸਾ ਸੰਭਾਲ ਗਤਕਾ ਪ੍ਰੋਗਰਾਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ, ਗਤਕਾ ਖੇਡ ਦੇ ਅਜਿਹੇ ਵਿਰਾਸਤੀ ਟੂਰਨਾਮੈਂਟ ਕਰਵਾਉਣ ਲਈ ਉਨ੍ਹਾਂ ਇਸਮਾ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਆਪਣੇ ਸੰਬੋਧਨ ਵਿਚ ਇਸਮਾ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ, ਗਤਕਾ ਖੇਤਰ ਵਿੱਚ ਹੋਈਆਂ ਪ੍ਰਾਪਤੀਆਂ ਸਦਕਾ ਗਤਕਾ ਖੇਡ ਦਾ ਭਵਿੱਖ ਬਹੁਤ ਉਜਵਲ ਹੈ। ਉਨ੍ਹਾਂ ਕਿਹਾ ਕਿ, ਕੌਮੀ ਸਕੂਲ ਖੇਡਾਂ ਅਤੇ ਯੂਨੀਵਰਸਿਟੀ ਖੇਡਾਂ ਵਿਚ ਮਾਨਤਾ ਮਿਲ ਜਾਣ ਅਤੇ ਪੰਜਾਬ ਸਰਕਾਰ ਵੱਲੋਂ ਗਤਕਾ ਖੇਡ ਦੀ ਗ੍ਰੇਡੇਸ਼ਨ ਹੋਣ ਸਦਕਾ ਹੁਣ ਗਤਕਾ ਖਿਡਾਰੀ ਵੀ ਦੂਜੀਆਂ ਖੇਡਾਂ ਵਾਂਗ ਵੱਖ-ਵੱਖ ਵਿਦਿਅਕ ਅਦਾਰਿਆਂ ਵਿਚ ਦਾਖਲਾ ਲੈਣ ਅਤੇ ਨੌਕਰੀਆਂ ਹਾਸਲ ਕਰਨ ਸਮੇਂ ਖਿਡਾਰੀਆਂ ਨੂੰ ਮਿਲਦੀ 3 ਫੀਸਦੀ ਰਾਖਵੇਂਕਰਨ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ।
ਗਤਕਾ ਪ੍ਰੋਮੋਟਰ ਗਰੇਵਾਲ ਨੇ ਸਮੂਹ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਨੌਜਵਾਨਾਂ ਨੂੰ ਪੰਜਾਬ ਦੇ ਮਾਣਮੱਤੇ ਸਤਭਿਆਚਾਰ, ਅਮੀਰ ਵਿਰਸੇ, ਮਾਂ-ਬੋਲੀ ਅਤੇ ਬਾਣੀ-ਬਾਣੇ ਨਾਲ ਜੋੜ੍ਹਨ ਲਈ ਗਤਕਾ ਖੇਡ ਵੱਲ ਪ੍ਰੇਰਿਤ ਕਰਦੇ ਹੋਏ ਗਤਕੇ ਨੂੰ ਘਰ-ਘਰ ਦੀ ਖੇਡ ਬਣਾਇਆ ਜਾਵੇ ਅਤੇ ਪਿੰਡ ਪੱਧਰ ‘ਤੇ ਗਤਕਾ ਅਖਾੜੇ ਖੋਲ੍ਹ ਕੇ ਬੱਚਿਆਂ ਨੂੰ ਗਤਕੇ ਦੀ ਸਿਖਲਾਈ ਦਿੱਤੀ ਜਾਵੇ।
ਇਸ ਮੌਕੇ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਨੇ ਪੰਜਾਬ ਵਿਚ ਬੱਚਿਆਂ ਨੂੰ ਜਿੱਥੇ ਖੇਡਾਂ ਵੱਲ ਰੁਚਿਤ ਹੋਣ ਲਈ ਪ੍ਰੇਰਿਤ ਕੀਤਾ, ਉੱਥੇ ਨਾਲ ਹੀ ਆਖਿਆ ਕਿ, ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ, ਉਸਾਰੂ ਕੰਮਾਂ ਵੱਲ ਲਾਉਣ ਅਤੇ ਬੱਚਿਆਂ ਅੰਦਰ ਚੰਗੇ ਸੰਸਕਾਰ ਪੈਦਾ ਕਰਨ ਲਈ ਗਤਕਾ ਖੇਡ ਨੂੰ ਅਪਨਾਇਆ ਜਾਵੇ, ਕਿਉਂਕਿ ਗਤਕੇ ਨਾਲ ਜਿੱਥੇ ਸਰੀਰਕ ਵਰਜਿਸ਼ ਹੋਵੇਗੀ, ਉੱਥੇ ਮਨ ਵਿਚ ਧਾਰਮਿਕ ਖਿਆਲ ਵੀ ਪੈਦਾ ਹੋਣਗੇ। ਉਨ੍ਹਾਂ ਨੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵੱਲੋਂ ਵਿਰਸਾ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸਮਾ ਦੇ ਵਾਈਸ ਚੇਅਰਮੈਨ ਅਤੇ ਗੱਤਕਾ ਕੋਚ ਅਵਤਾਰ ਸਿੰਘ ਪਟਿਆਲਾ, ਸਕੱਤਰ ਉਦੇ ਸਿੰਘ ਤੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਸਹਾਇਕ ਜਿਲਾ ਲੋਕ ਸੰਪਰਕ ਅਫਸਰ ਰੂਪਨਗਰ ਹਰੀਸ਼ ਕੁਮਾਰ ਕਾਲੜਾ, ਜਥੇਦਾਰ ਜਗਮਿੱਤਰ ਸਿੰਘ, ਜਿਲ੍ਹਾ ਗਤਕਾ ਐਸੋਸ਼ੀਏਸ਼ਨ ਰੂਪਨਗਰ ਦੇ ਪ੍ਰਧਾਨ ਅਮਰਜੀਤ ਸਿੰਘ, ਬਹਾਦਰਜੀਤ ਸਿੰਘ, ਸੁਖਵਿੰਦਰ ਸਿੰਘ ਸੋਨੀ, ਰਾਕੇਸ਼ ਗੌੜ (ਸਮੂਹ ਪੱਤਰਕਾਰ), ਕਾਂਗਰਸੀ ਨੇਤਾ ਜਗਦੀਸ਼ ਕਾਂਜਲਾ, ਮਿੰਟੂ ਸਰਾਫ, ਬਲਦੇਵ ਸਿੰਘ ਗਿੱਲ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਅਤੇ ਹਰਪ੍ਰੀਤ ਸਿੰਘ ਹਾਜ਼ਰ ਸਨ।