ਮਾਂ ਖੇਡ ਕਬੱਡੀ ਨੂੰ ਸਿਆਸੀ ਪਾਰਟੀਆਂ ਦੀ ਕਠਪੁੱਤਲੀ ਨਾ ਬਨਣ ਦੇਣਾ ਜੀ!

ਪੰਜਾਬੀਆਂ ਦੀ ਮਾਂ ਖੇਡ ਕਬੱਡੀ ਤਕਰੀਬਨ ਇਕ ਦਹਾਕਾ ਪਹਿਲਾਂ ਭਾਰਤ ਵਿਚ ਆਪਣਾ ਵਜੂਦ ਗੁਆ ਚੁੱਕੀ ਸੀ। ਰਾਸ਼ਟਰੀ ਖੇਡ ਹਾਕੀ ਵਾਂਗ ਇਸ ਨਾਲ ਵੀ ਮਤਰੇਆਂ ਵਾਲਾ ਸਲੂਕ ਹੋਇਆ ਅਤੇ ਇਸਦੀ ਥਾਂ ਟੈਲੀਵਿਯਨ, ਕ੍ਰਿਕਟ ਅਤੇ ਹੋਰ ਆਧੁਨਿਕ ਖੇਡਾਂ ਨੇ ਲੈ ਲਈ। ਵਿਦੇਸ਼ਾਂ ਵਿਚ ਆ ਵੱਸੇ ਪੰਜਾਬੀਆਂ ਦੇ ਉਪਰਾਲੇ ਸਦਕਾ ਖੇਡ ਕਬੱਡੀ ਇਕ ਵਾਰ ਫਿਰ ਵਿਸ਼ਵ ਦੇ ਖੇਡ ਨਕਸ਼ੇ ’ਤੇ ਉ¤ਭਰੀ। ਜਿਸਨੇ ਅੱਜ ਦੇ ਹਰ ਵਰਗ ਨੂੰ ਆਪਣੇ ਨਾਲ ਜੋੜਿਆ। ਜੇ ਕਬੱਡੀ ਦੇ ਕੋਣ ਤੋਂ ਯੂਰਪ ਦੀ ਗੱਲ ਕਰੀਏ ਤਾਂ ਯੂ ਕੇ, ਨਾੱਰਵੇ, ਇਟਲੀ, ਬੈਲਜ਼ੀਅਮ, ਸਪੇਨ ਦੇ ਕਬੱਡੀ ਖੇਡ ਪ੍ਰਮੋਟਰਾਂ ਨੇ ਕਬੱਡੀ ਨੂੰ ਉਭਾਰਨ ਵਿਚ ਵੱਡਾ ਯੋਗਦਾਨ ਪਾਇਆ। ਇਨ੍ਹਾਂ ਸਰਮਾਏਦਾਰਾਂ ਨੇ ਖੇਡ ਨੂੰ ਉ¤ਚਾ ਚੁੱਕਣ ਲਈ ਸਿਰਫ ਸਰਮਾਏ ਦੀ ਵਰਤੋਂ ਹੀ ਨਹੀਂ ਕੀਤੀ ਬਲਕਿ ਰੁਝੇਵਿਆਂ ਵਿਚੋਂ ਕੀਮਤੀ ਸਮਾਂ ਕੱਢ ਚੰਗੀਆਂ ਨੀਤੀਆਂ ਤਹਿਤ ਕੰਮ ਕੀਤਾ। ਚੰਗੇ ਜੌਸ਼ੀਲੇ ਕਬੱਡੀ ਖਿਡਾਰੀਆਂ ਨੂੰ ਪੰਜਾਬ ਵਿਚ ਰਹਿ ਨਸ਼ਿਆਂ ਵਿਚ ਗਲਤਾਣ ਹੋ ਉਥੋਂ ਦੀ ਸਿਆਸਤ ਦੀ ਭੇਟ ਚੜ੍ਹਨ ਤੋਂ ਬਚਾਉਣ ਲਈ ਕਿਸੇ ਨਾ ਕਿਸੇ ਢੰਗ ਨਾਲ ਯੂਰਪ ਲਿਆਂਦਾ ਅਤੇ ਮਾਂ ਖੇਡ ਕਬੱਡੀ ਨੂੰ ਮੁੜ ਸੁਰਜੀਤ ਕਰਨ ਦਾ ਰਾਹ ਖੋਲ੍ਹਿਆ। ਕਬੱਡੀ ਖਿਡਾਰੀਆਂ ਨੇ ਯੂਰਪ ਆ ਜਿਥੇ ਆਪਣਾ ਧਿਆਨ ਕਬੱਡੀ ਖੇਡ ਵਿਚ ਲਾਇਆ, ਉਥੇ ਉਨ੍ਹਾਂ ਹੱਢ ਭੰਨਵੀਂ ਮਿਹਨਤ ਨਾਲ ਆਪਣੇ ਪਰਿਵਾਰ ਦੀ ਆਰਥਿਕ ਤੰਗੀ ਦੂਰ ਕਰਨ ਦੀ ਵੀ ਕੋਈ ਕਸਰ ਨਹੀਂ ਛੱਡੀ। ਕਹਿ ਸਕਦੇ ਹਾਂ ਕਿ ਵਿਦੇਸ਼ਾਂ ਵਿਚ ਕਬੱਡੀ ਦੇ ਖੇਡ ਪ੍ਰਮੋਟਰਾਂ, ਸਥਾਪਿਤ ਹੋਏ ਖੇਡ ਕਲੱਬ, ਖਿਡਾਰੀ, ਕੁਮੈਂਟੇਟਰ, ਸੰਚਾਲਕ, ਸਹਿਯੋਗੀ, ਦੇਸ਼ਾਂ ਵਿਦੇਸ਼ਾਂ ਦੇ ਕਬੱਡੀ ਖੇਡ ਪ੍ਰੇਮੀਆਂ ਦੇ ਦਿਲਾਂ ਅੰਦਰ ਆਪਣੀ ਢੁੱਕਵੀਂ ਜਗ੍ਹਾ ਬਣਾ ਚੁੱਕੇ ਹਨ। ਇਹ ਵੀ ਕਹਿ ਸਕਦੇ ਹਾਂ ਕਿ ਕੁਝ ਖੇਡ ਪ੍ਰਮੋਟਰਾਂ ਨੇ ਇੰਨੀ ਲਗਨ ਨਾਲ ਖੇਡ ਕਬੱਡੀ ਨੂੰ ਮੁੜ ਸੁਰਜੀਤ ਕਰਨ ਲਈ ਪੇਂਡੂ ਖੇਡ ਮੇਲੇ ਕਰਵਾਏ ਹਨ ਕਿ ਜੇ ਉਹ ਆਪਣੇ ਹਲਕੇ ਵਿਚੋਂ ਐਮ ਐਲ ਏ ਜਾਂ ਐਮ ਪੀ ਦੀਆਂ ਚੋਣਾਂ ਵਿਚ ਖੜੇ ਹੋ ਜਾਣ ਤਾਂ ਉਨ੍ਹਾਂ ਦੀ ਜਿੱਤ ਨਿਸ਼ਚਤ ਹੈ ਅਤੇ ਜੇ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਕਰਨ ਦਾ ਨਿਸ਼ਚਾ ਕਰ ਲੈਣ ਤਾਂ ਉਹ ਸੁਚੱਜੇ ਅਤੇ ਕਾਮਯਾਬ ਢੰਗ ਨਾਲ ਸਾਰੇ ਪੰਜਾਬ ਵਿਚ ਉਸ ਸਿਆਸੀ ਧਿਰ ਲਈ ਵੋਟਾਂ ਦਾ ਭੰਡਾਰ ਇਕੱਠਾ ਕਰ ਸਕਦੇ ਹਨ। ਇਹ ਸੁਭਾਵਿਕ ਹੈ ਕਿ ਲੋਕ ਉਸ ਪਿੱਛੇ ਤੁਰਦੇ ਹਨ ਜੋ ਸਹਾਇਕ ਹੋਣ ਦੇ ਨਾਲ ਨਾਲ ਮਸ਼ਹੂਰ ਵੀ ਹੋਵੇ। ਇਹੀ ਕਾਰਨ ਹੈ ਕਿ ਸਿਆਸੀ ਧਿਰਾਂ ਵੋਟਾਂ ਦੌਰਾਨ ਫ਼ਿਲਮੀ ਸਿਤਾਰਿਆਂ ਤੋਂ ਚੋਣ ਰੈਲੀਆਂ ਕਰਵਾਉਂਦੇ ਹਨ ਪਰ ਹੁਣ ਤਾਂ ਫ਼ਿਲਮੀ ਸਿਤਾਰੇ ਜਾਂ ਪੰਜਾਬ ਦੇ ਰਾਜ ਗਾਇਕ ਵੀ ਚੋਣਾਂ ਵਿਚ ਖੜੇ ਹੋਣ ਤੋਂ ਨਹੀਂ ਖੁੰਝਦੇ। ਖੇਡ ਪ੍ਰਮੋਟਰ ਵੀ ਲੋਕਾਂ ਦੀਆਂ ਅੱਖਾਂ ਦੇ ਤਾਰੇ ਬਣ ਚੁੱਕੇ ਹਨ। ਉਹ ਦਿਨ ਦੂਰ ਨਹੀਂ ਜਦੋਂ ਇਨ੍ਹਾਂ ਦੇ ਵੋਟ ਬੈਂਕ ਨੂੰ ਵਰਤਣ ਲਈ ਸਿਆਸੀ ਧਿਰਾਂ ਤਰਲੋ ਮੱਛੀ ਹੋਣਗੀਆਂ। ਸ਼ਾਇਦ ਇਹੀ ਕਾਰਨ ਹੈ ਕਿ ਬਹੁਤ ਸਾਰੇ ਮਹੱਤਵਪੂਰਣ ਤੱਥਾਂ ਨੂੰ ਪਿਛਾਂਹ ਸੁੱਟ ਅਤੇ ਪੰਜਾਬ ਦੀ ਆਰਥਿਕ ਮੰਦੀ ਨੂੰ ਅਣਗੌਲਿਆਂ ਕਰ ਅਰਬਾਂ ਰੁਪਇਆਂ ਦਾ ਖਰਚਾ ਵਿਸ਼ਵ ਪੱਧਰ ਦੇ ਮੇਲਿਆਂ ’ਤੇ ਖਰਚਿਆ ਜਾਂਦਾ ਹੈ। ਫਿਰ ਚਾਹੇ ਇਨਾਂ ਨੂੰ ਕਰਵਾਉਣ ਵਿਚ ਪੰਜਾਬ ਦਾ ਖਜਾਨਾ ਖਾਲੀ ਹੀ ਕਿਉਂ ਨਾ ਹੋ ਜਾਵੇ ਜਾਂ ਗੁਆਂਢੀ ਰਾਜ ਤੋਂ ਕਰਜਾ ਲੈਣਾ ਪਵੇ। ਜਿਥੇ ਪੰਜਾਬ ਦਾ ਜਿੰਮੀਦਾਰ ਕਰਜਿਆਂ ਦੀ ਤਾਬ ਨਾ ਝੱਲਦਾ ਆਤਮਹੱਤਿਆ ਕਰਨ ਲਈ ਮਜਬੂਰ ਹੋ ਚੁੱਕਾ ਹੈ, ਆਏ ਦਿਨ ਬੇਰੁਜਗਾਰ ਅਧਿਆਪਕ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹ ਅੱਗ ਲਾ ਸੜ੍ਹਨ ਲਈ ਮਜਬੂਰ ਹੋ ਚੁੱਕੇ ਹੋਣ, ਉਹ ਵੀ ਸਿਰਫ ਮਾਸਿਕ ਪੰਜ ਹਜਾਰ ਤੋਂ ਦਸ ਹਜਾਰ ਰੁਪਏ ਦੀ ਨੌਕਰੀ ਪ੍ਰਾਪਤ ਕਰਨ ਲਈ। ਸਵਾਲ ਇਹ ਉਠਦਾ ਹੈ ਕਿ ਅਰਬਾਂ ਰੁਪਇਆ ਮੇਲਿਆਂ ’ਤੇ ਖਰਚਣਾ ਵਧੇਰੇ ਉ¤ਚਿਤ ਹੈ ਜਾਂ ਉਨ੍ਹਾਂ ਨੌਜਵਾਨਾਂ ਦੀ ਨੌਕਰੀ ਅਤੇ ਕਿਸਾਨਾਂ ਦੇ ਕਰਜੇ ਮੁਆਫ ਕਰਨਾ? ਜਿਸ ਨਾਲ ਉਹ ਆਪਣੇ ਪਰਿਵਾਰ ਦੀ ਆਰਥਿਕ ਮੰਦੀ ਨੂੰ ਦੂਰ ਕਰ ਸਕਣ, ਜਿਵੇਂ ਬਹੁਤ ਸਾਰੇ ਕਬੱਡੀ ਖਿਡਾਰੀਆਂ ਨੇ ਯੂਰਪ ਵਿਚ ਆਹਰ ਕੀਤਾ। ਖੇਡ ਪ੍ਰਮੋਟਰਾਂ ਨੇ ਮਾਂ ਖੇਡ ਕਬੱਡੀ ਦੇ ਹੋਣਹਾਰ ਖਿਡਾਰੀਆਂ ਨੂੰ ਆਪਣੇ ਜੌਹਰ ਦਿਖਾਉਣ ਲਈ ਰੱਬ ਵਰਗਾ ਸਹਾਰਾ ਦਿੱਤਾ ਅਤੇ ਕੁਸੰਗਤ ਤੋਂ ਬਚਾਇਆ, ਉਥੇ ਅੱਜ ਦੀ ਸਰਕਾਰ ਨੌਜਵਾਨ ਅਧਿਆਪਕਾਂ ਦੀਆਂ ਪੱਗਾਂ ਰੋਲਣ ਦੀ ਕਸਰ ਨਹੀਂ ਛੱਡਦੀ। ਲਾਜ਼ਮੀ ਹੈ ਖੇਡ ਪ੍ਰਮੋਟਰ ਅਤੇ ਮਾਂ ਖੇਡ ਕਬੱਡੀ ਨਾਲ ਜੁੜੀਆਂ ਹਰ ਆਮ ਅਤੇ ਖਾਸ ਸਖਸ਼ੀਅਤਾਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਅਵਾਜ਼ ਬੁਲੰਦ ਕਰਨ। ਜਿਸ ਨਾਲ ਪੰਜਾਬ ਵਿਚ ਨੌਜਵਾਨਾ ਦਾ ਹੁੰਦਾ ਘਾਣ ਰੋਕਿਆ ਜਾ ਸਕੇ। ਮੁੱਕਦੀ ਗੱਲ ਖੇਡ ਪ੍ਰਮੋਟਰਾਂ ਨੂੰ ਸਮੇਂ ਦੀ ਮੰਗ ਦੇਖਦਿਆਂ ਸਮਾਜ ਸੇਵਕ ਬਨਣ ਦੀ ਲੋੜ ਹੈ ਪਰ ਅਜਿਹੇ ਸਮਾਜ ਸੇਵਕ ਜੋ ਸਿਆਸੀ ਪਾਰਟੀਆਂ ਦੀ ਕਠਪੁੱਤਲੀ ਨਾ ਹੋਣ।

ਚੂੰਡੀਵੱਢ

[email protected]