ਕਾਰਾਬਿਨੇਰੀ ਵਿਚ ਪਹਿਲੇ ਸਿੱਖ ਨੌਜਵਾਨ ਦੀ ਭਰਤੀ

ਇਟਲੀ ਦੇ ਭਾਰਤੀ ਦੇ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ
‘ਪੰਜਾਬ ਐਕਸਪ੍ਰੈੱਸ’ ਅਦਾਰੇ ਅਤੇ ਪਾਠਕਾਂ ਵੱਲੋਂ ਪਰਿਵਾਰ ਨੂੰ ਲੱਖ ਲੱਖ ਵਧਾਈ

manrajਰੇਜੋ ਕਲਾਬਰੀਆ (ਇਟਲੀ) 18 ਜੂਨ (ਪੰਜਾਬ ਐਕਸਪ੍ਰੈੱਸ) – ਪੰਜਾਬ ਤੋਂ ਪ੍ਰਵਾਸੀਆਂ ਦੀ ਇਟਲੀ ਵਿਚ ਆ ਕੇ ਵੱਸੀ ਦੂਜੀ ਪੀੜ੍ਹੀ ਸਮੂਹ ਭਾਰਤ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ। ਇਸਦੀ ਮਿਸਾਲ ਇਟਲੀ ਵਿਚ ਪੰਜਾਬ ਤੋਂ ਆ ਕੇ ਵੱਸੇ ਸਿੱਖ ਪਰਿਵਾਰ ਦੇ ਨੌਜਵਾਨ ਵੱਲੋਂ ਸਾਬਿਤ ਕੀਤੀ ਗਈ, ਜਦੋਂ ਸਿੱਖ ਨੌਜਵਾਨ ਮਨਰਾਜ ਸਿੰਘ ਨੂੰ ਇਟਲੀ ਦੀ ਖਾਸ ਪੁਲਿਸ ਯੂਨਿਟ ਕਾਰਾਬਿਨੇਰੀ ਦੀ ਪ੍ਰੀਖਿਆ ਵਿਚ ਅੱਵਲ ਨੰਬਰ ਲੈ ਕੇ ਚੁਣੇ ਜਾਣ ਦਾ ਮਾਣ ਹਾਸਲ ਹੋਇਆ।  ਰੇਜੋ ਕਲਾਬਰੀਆ ਵਿਖੇ ਇਟਲੀ ਦੀ ਪੁਲਿਸ ਯੂਨਿਟ ਕਾਰਾਬਿਨੇਰੀ ਦੇ ਸਭ ਤੋਂ ਹੋਣਹਾਰ ਵਿਦਿਆਰਥੀ ਰਹੇ ਮਨਰਾਜ ਸਿੰਘ ਨੇ ਪੁਲਿਸ ਵਿਚ ਭਰਤੀ ਹੋਣ ਦੀ ਸਹੁੰ ਚੁੱਕੀ। ਪੁਲਿਸ ਭਰਤੀ ਦੀ ਰੀਤ ਅਨੁਸਾਰ, ਇਟਲੀ ਦੇ ਗ੍ਰਹਿ ਮੰਤਰੀ ਮਾਰਕੋ ਮਿਨੀਤੀ ਅਤੇ ਸੈਨਾ ਦੇ ਕਮਾਂਡਿੰਗ ਜਨਰਲ, ਜਨਰਲ ਤੁਲੀਓ ਦੇਲ ਸੇਤੇ ਨੇ ਮਨਰਾਜ ਸਿੰਘ ਦੀ ਵਰਦੀ ਉੱਤੇ ਪੁਲਿਸ ਯੂਨਿਟ ਦੇ ਸਟਾਰ ਲਗਾਏ। ਜਿਕਰਯੋਗ ਹੈ ਕਿ ਮਨਰਾਜ ਸਿੰਘ 18 ਸਾਲ ਦੀ ਉਮਰ ਵਿਚ ਇਟਲੀ ਦਾ ਨਾਗਰਿਕ ਬਣਿਆ ਅਤੇ ਇਸ ਮੌਕੇ ਗ੍ਰਹਿ ਮੰਤਰੀ ਮਾਰਕੋ ਮਿਨੀਤੀ ਨੇ ਟਿੱਪਣੀ ਕਰਦਿਆਂ ਕਿਹਾ ਕਿ, ਮਨਰਾਜ ਸਿੰਘ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਇਟਲੀ ਦਾ ਨਾਗਰਿਕ ਕਿਉਂ ਨਹੀਂ ਬਣ ਸਕਿਆ। ਮੰਤਰੀ ਵੱਲੋਂ ਹੋਣਹਾਰ ਸਿੱਖ ਵਿਦਿਆਰਥੀ ਦੀ ਰੱਜ ਕੇ ਸ਼ਲਾਘਾ ਕੀਤੀ ਗਈ। ਜਿੱਥੇ ਮਨਰਾਜ ਸਿੰਘ ਦੇ ਪਰਿਵਾਰ, ਦੋਸਤਾਂ ਮਿੱਤਰਾਂ ਲਈ ਇਹ ਮਾਣ ਵਾਲੀ ਗੱਲ ਹੈ, ਉੱਥੇ ਇਟਲੀ ਦਾ ਸਿੱਖ ਭਾਈਚਾਰਾ ਵੀ ਉਨਾਂ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸਮਾਰੋਹ ਦੌਰਾਨ ਮਨਰਾਜ ਸਿੰਘ ਦੇ ਮਾਤਾ ਪਿਤਾ ਉਸਦੇ ਨਾਲ ਹਾਜਰ ਸਨ, ਆਪਣੇ ਪੁੱਤਰ ਦੀ ਇੰਨੀ ਵੱਡੀ ਪ੍ਰਾਪਤੀ ਉੱਤੇ ਉਨ੍ਹਾਂ ਦੀ ਖੁਸ਼ੀ ਦੇਖੇ ਹੀ ਬਣਦੀ ਸੀ। ਮਨਰਾਜ ਸਿੰਘ ਨੇ ਇਸ ਸਮੇਂ ਦੇਸ਼ ਦੀ ਏਕਤਾ ਨੂੰ ਬਣਾਈ ਰੱਖਣ ਲਈ ਆਪਣੀਆਂ ਸੇਵਾਵਾਂ ਦੇਣ ਦਾ ਵਾਅਦਾ ਕੀਤਾ।