wind_cyc_super_india_marzo2017_ing_728x90

ਖਾਲਸਾ ਪੰਥ ਦੀ ਸਿਰਜਣਾ ਦਿਵਸ ਨੂੰ ਅਮਰੀਕਾ ਦੇ ਸਿਟੀ ਆਫ ਨਾਰਵਿਚ, ਕਨੈਟੀਕਟ ‘ਚ ਮਿਲੀ ਮਾਨਤਾ

vaisakhi

ਕਨੈਟੀਕਟ, ਅਮਰੀਕਾ, 10 ਅਪ੍ਰੈਲ (ਹੁਸਨ ਲੜੋਆ ਬੰਗਾ) – ਕਨੈਟੀਕਟ-ਸਿਟੀ ਆਫ ਨਾਰਵਿਚ ਵਿਚ ਕਨੈਟੀਕਟ ਸਟੇਟ ਮੇਅਰ ਡੈਬ ਹੈਨਰੀ ਨੇ ਐਲਾਨ ਕੀਤਾ ਕਿ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਦਿਵਸ ਨੂੰ ਨੈਸ਼ਨਲ ਸਿੱਖ ਡੇਅ ਵਜੋਂ ਮਨਾਇਆ ਜਾਵੇਗਾ। ਇਹ ਐਲਾਨ ਉਨ੍ਹਾਂ ਨੇ ਸਿਟੀ ਹਾਲ ਨਾਰਵਿਚ ਵਿਚ ਇਕ ਪ੍ਰੋਗਰਾਮ ਦੌਰਾਨ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਹਾਜ਼ਰੀ ਵਿਚ ਕੀਤਾ। ਇਸ ਵਿਚ ਕਨੈਟੀਕਟ ਨਿਊਯਾਰਕ, ਨਿਊਜ਼ਰਸੀ ਦੇ ਪ੍ਰਬੰਧਕ ਤੇ ਸੰਗਤਾਂ ਹਾਜ਼ਰ ਸਨ। ਇਸ ਸਮਾਗਮ ਦਾ ਉਦਘਾਟਨ ਮੇਅਰ ਡੈਬ ਹੈਨਰੀ ਤੇ ਸਿਟੀ ਕੌਂਸਲ ਦੇ ਮੈਂਬਰਾਂ ਨੇ ਕੀਤਾ। ਮੇਅਰ ਡੈਬ ਹੈਨਰੀ ਨੇ ਇਸ ਮੌਕੇ ਕਿਹਾ ਕਿ, ਸਵਰਨਜੀਤ ਸਿੰਘ ਖਾਲਸਾ ਮੈਂਬਰ ਪਲੈਨਿੰਗ ਬੋਰਡ ਨਾਰਵਿਚ, ਮੈਂਬਰ ਡਿਪਾਰਟਮੈਂਟ ਆਫ਼ ਜਸਟਿਸ ਤੇ ਪ੍ਰਧਾਨ ਇੰਟਰਨੈਸ਼ਨਲ ਸਿੱਖ ਸੇਵਕ ਸੁਸਾਇਟੀ ਯੂ ਐਸਏ ਯੂਨਿਟ ਦੀਆਂ ਸੇਵਾਵਾਂ ਅਮਰੀਕਾ ਦੇ ਹਿੱਤਾਂ ਲਈ ਸ਼ਲਾਘਾਯੋਗ ਹਨ ਤੇ ਉਹ ਲਗਾਤਾਰ ਮਨੁੱਖੀ ਹਿੱਤਾਂ ਦੇ ਲਈ ਤੇ ਨਸਲਵਾਦ ਵਿਰੁੱਧ ਲਗਾਤਾਰ ਸੰਘਰਸ਼ ਕਰ ਰਹੇ ਹਨ। ਸਵਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ, ਉਨ੍ਹਾਂ ਨੇ ਸਮੁੱਚੀਆਂ ਪੰਥਕ ਧਿਰਾਂ ਵੱਲੋਂ ਇਹ ਐਲਾਨਨਾਮਾ ਮੇਅਰ ਡੈਬ ਹੈਨਰੀ ਨੂੰ ਸੌਂਪਿਆ ਸੀ, ਜਿਸ ਪਿੱਛੋਂ ਇਹ ਐਲਾਨ ਹੋਇਆ ਹੈ, ਜੋ ਸਿੱਖ ਭਾਈਚਾਰੇ ਲਈ ਅਹਿਮ ਅਰਥ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਇਸ ਐਲਾਨ ਵਿਚ ਇਹ ਦੱਸਿਆ ਗਿਆ ਹੈ ਕਿ ਸਿੱਖ ਪੰਜਾਬ ਦੇ ਵਸਨੀਕ ਹਨ, ਵੱਖਰੀ ਹੌਂਦ ਰੱਖਦੇ ਹਨ ਤੇ ਕਿਸੇ ਹੋਰ ਧਰਮ ਦਾ ਹਿੱਸਾ ਨਹੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ, ਸਿੱਖ ਧਰਮ ਪੰਜਵਾਂ ਸਭ ਤੋਂ ਵੱਡਾ ਧਰਮ ਜਾਣਿਆ ਜਾਂਦਾ ਹੈ। ਸਿੱਖ ਕੌਮ ਨੇ ਅਮਰੀਕਾ ਦੇ ਆਰਥਿਕ, ਸਮਾਜਿਕ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ। ਮਿਲਟਰੀ ਤੇ ਬਿਜਨੈਸ ਤੇ ਸ਼ੋਸ਼ਲ ਸਰਵਿਸ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ, ਜਦੋਂ ਵੀ ਕਿਸੇ ਵੀ ਕੌਮ ‘ਤੇ ਜਾਂ ਅਮਰੀਕਾ ‘ਤੇ ਬਿਪਤਾ ਆਉਂਦੀ ਹੈ ਤਾਂ ਗੁਰਦੁਆਰੇ ਤੇ ਪੰਥਕ ਜਥੇਬੰਦੀਆਾਂ ਇਕੱਠੀਆਾਂ ਹੋ ਕੇ ਅਹਿਮ ਭੂਮਿਕਾ ਨਿਭਾਉਂਦੀਆਾਂ ਹਨ। ਅਕਾਲ ਪੈਣ ‘ਤੇ ਜਾਂ ਤੂਫ਼ਾਨ ਆਉਣ ‘ਤੇ ਗੁਰਦੁਆਰੇ ਵਿਚ ਲੰਗਰ ਖੋਲ੍ਹ ਦਿੱਤੇ ਜਾਂਦੇ ਹਨ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਇਸ ਲਈ 14 ਅਪ੍ਰੈਲ ਨੂੰ ਵਿਸਾਖੀ ਦਾ ਦਿਹਾੜਾ ਖਾਲਸਾ ਪੰਥ ਦੀ ਸਿਰਜਣਾ ਦਿਵਸ ਵਜੋਂ ਨੈਸ਼ਨਲ ਸਿੱਖ ਡੇਅ ਵਜੋਂ ਐਲਾਨਿਆ ਜਾਵੇ। ਸ਼ ਖਾਲਸਾ ਨੇ ਦੱਸਿਆ ਕਿ, ਸਿੱਖ ਪੰਥ ਦੀ ਇਹ ਮੰਗ ਪ੍ਰਵਾਨ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਵਿਚ ਹਿੰਮਤ ਸਿੰਘ ਨਿਊਯਾਰਕ ਈਸਟ ਕੋਸਟ ਕੁਆਰਡੀਨੇਸ਼ਨ ਕਮੇਟੀ, ਵੀਰ ਸਿੰਘ, ਮਨਮੋਹਨ ਸਿੰਘ, ਮਨਿੰਦਰ ਸਿੰਘ, ਕੁਲਜੀਤ ਸਿੰਘ, ਸਤਨਾਮ ਸਿੰਘ, ਗੁਰਿੰਦਰ ਸਿੰਘ ਧਾਲੀਵਾਲ, ਸਤਿੰਦਰਪਾਲ ਸਿੰਘ, ਜੈਕਿਸ਼ਨ ਸਿੰਘ ਤੇ ਭਾਈ ਮਹਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਸਵਰਨਜੀਤ ਸਿੰਘ ਖਾਲਸਾ ਨੇ ਇਹ ਵੀ ਦੱਸਿਆ ਕਿ ਹੁਣ ਇਹ ਉਪਰਾਲਾ ਸਟੇਟ ਪੱਧਰ ‘ਤੇ ਵੀ ਕੀਤਾ ਜਾਵੇਗਾ।