ਜਦੋਂ ਤੱਕ ਪੂਰੀ ਦੁਨੀਆ ਦੇ ਦਲਿੱਤ ਸਮਾਜ ਦੇ ਲੋਕ ਗੁਰੂ ਰਵਿਦਾਸ ਜੀ ਦੇ ਮਿਸ਼ਨ ਨੂੰ ਨਹੀਂ ਸਮਝਦੇ ਉਂਦੋ ਤੱਕ ਉਨ੍ਹਾਂ ਦਾ ਹਰ ਥਾਂ ਸੋਸ਼ਣ ਹੁੰਦਾ ਰਹੇਗਾ – ਧੀਰ

ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਰੂਪ ਲਾਲ ਧੀਰ ਦਾ ਵਿਸ਼ੇਸ਼ ਸਨਮਾਨ

dheer

ਮਿਸ਼ਨਰੀ ਗਾਇਕ ਰੂਪ ਲਾਲ ਧੀਰ ਨੂੰ ਸਨਮਾਨਿਤ ਕਰਦੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਮੈਂਬਰ। ਫੋਟੋ : ਕੈਂਥ।
ਰੋਮ (ਇਟਲੀ) 27 ਮਾਰਚ (ਕੈਂਥ) – ਪਿਛਲੇ ਕਰੀਬ 30 ਸਾਲਾਂ ਤੋਂ ਗਰੀਬਾਂ ਦੇ ਰਹਿਬਰ ਮਹਾਨ ਕਾਂ੍ਰਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਪੂਰੀ ਦੁਨੀਆ ਵਿੱਚ ਘੁੰਮ ਕੇ ਬੁਲੰਦ ਕਰਨ ਵਾਲੇ ਪ੍ਰਸਿੱਧ ਮਿਸ਼ਨਰੀ ਗਾਇਕ ਸ਼੍ਰੀ ਰੂਪ ਲਾਲ ਧੀਰ ਅੱਜਕਲ੍ਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 640ਵੇਂ ਆਗਮਨ ਪੁਰਬ ਦੇ ਸਮਾਗਮਾਂ ਸਬੰਧੀ ਵਿਸ਼ੇਸ਼ ਯੂਰਪ ਫੇਰੀ ਉੱਤੇ ਹਨ। ਗੁਰੂ ਰਵਿਦਾਸ ਜੀ ਦੇ ਮਿਸ਼ਨ ਨੂੰ ਸਮਰਪਿਤ ਦਰਜਨਾਂ ਟੇਪਾਂ ਸ਼੍ਰੀ ਰੂਪ ਲਾਲ ਧੀਰ ਹੁਰੀਂ ਸੰਗਤਾਂ ਦੀ ਝੌਲੀ ਪਾ ਚੁੱਕੇ ਹਨ, ਜਿਨਾਂ ਵਿੱਚੋਂ ‘ਬਗਾਵਤ ਜਾਰੀ ਹੈ’, ‘ਕਾਂਸ਼ੀ ਸ਼ਹਿਰ ਦੀਏ ਧਰਤੀਏ ਨੀ’, ‘ਕ੍ਰਾਂਤੀਕਾਰੀ ਜੋਤ’, ‘ਨਿੱਤ ਗੁਰੂ ਰਵਿਦਾਸ ਧਿਆਓ’ ‘ਦਲਿੱਤਾਂ ਦੀ ਬਣੂ ਸਰਕਾਰ’, ‘ਮੇਰੇ ਗੁਰੂ ਰਵਿਦਾਸ’, ‘ਬੇਗਮਪੁਰ ਦਾ ਵਾਸੀ’, ‘ਜੰਗ ਜਾਰੀ ਹੈ’, ‘ਪੁੱਤ ਗੁਰੂ ਰਵਿਦਾਸ ਦੇ’, ‘ਕਾਂਸ਼ੀ ਵਾਲਿਆ’, ‘ਕਾਂਸ਼ੀ ਵੱਲ ਜਾਣ ਸੰਗਤਾਂ’, ‘ਲਾਲ ਗੁਰੂ ਰਵਿਦਾਸ ਦੇ’, ‘ਮੇਰੇ ਕਾਂਸ਼ੀ ਵਾਲੇ ਸਤਿਗੁਰੂ’, ‘ਮੋਢੀ ਇਨਕਲਾਬ ਦਾ’, ‘ਜਪ ਗੁਰੂ ਰਵਿਦਾਸ’, ‘ਉਹ ਹੈ ਮੇਰਾ ਗੁਰੂ ਰਵਿਦਾਸ’, ‘ਜੈ ਭੀਮ ਜੈ ਭਾਰਤ’ ਆਦਿ ਪ੍ਰਮੁੱਖ ਹਨ। ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਪ੍ਰੈੱਸ ਨਾਲ ਹੋਈ ਵਿਸੇæਸ ਮਿਲਣੀ ਮੌਕੇ ਰੂਪ ਲਾਲ ਧੀਰ ਨੇ ਆਪਣੇ ਵਿਚਾਰ ਮਿਸ਼ਨ ਪ੍ਰਤੀ ਸਾਂਝੇ ਕਰਦਿਆਂ ਕਿਹਾ ਕਿ, ਮਿਸ਼ਨਰੀ ਕਹਾਉਣਾ ਤੇ ਮਿਸ਼ਨਰੀ ਹੋਣਾ ਦੋਵੇਂ ਵੱਖ-ਵੱਖ ਹਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਨ੍ਹਾਂ ਦੀ ਸੇਵਾ ਸੰਗਤਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦੀ ਲਗਾਈ ਹੈ, ਜਿਸ ਨੂੰ ਉਹ ਆਖ਼ਿਰੀ ਸਾਹਾਂ ਤੱਕ ਕਰਦੇ ਰਹਿਣਗੇ। ਜਦੋਂ ਤੱਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਸਬੰਧੀ ਸੰਗਤਾਂ ਪੂਰੀ ਤਰ੍ਹਾਂ ਜਾਗਰੂਕ ਨਹੀਂ ਹੁੰਦੀਆਂ ਉਂਦੋ ਤੱਕ ਗੁਰੂ ਜੀ ਦਾ ਸੁਪਨ ਸ਼ਹਿਰ ‘ਬੇਗਮਪੁਰਾ’ ਸਥਾਪਿਤ ਹੋਣਾ ਬਹੁਤ ਔਖਾ ਹੈ। ਧੀਰ ਹੁਰਾਂ ਕਿਹਾ ਕਿ, ‘ਬੇਗਮਪੁਰਾ’ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਸੇ ਜਾਤ ਜਾਂ ਕਿਸੇ ਵਿਸ਼ੇਸ਼ ਵਰਗ ਲਈ ਵਸਾਉਣ ਦੀ ਗੱਲ ਨਹੀਂ ਕੀਤੀ, ਸਗੋਂ ਉਨ੍ਹਾਂ ਸਭ ਲੋਕਾਂ ਲਈ ਵਸਾਉਣ ਦੀ ਗੱਲ ਕੀਤੀ, ਜਿਨ੍ਹਾਂ ਨੂੰ ਉੱਚ ਜਾਤੀ ਅਭਿਮਾਨੀ ਮਨੂੰਵਾਦੀ ਸਰਮਾਏਦਾਰ ਲੋਕ ਸਮਾਜ ਅੰਦਰ ਬਰਾਬਰ ਦਾ ਸਨਮਾਨ ਅਤੇ ਬਰਾਬਰ ਦੇ ਹੱਕ ਨਹੀਂ ਸਨ ਦਿੰਦੇ। ਜਦੋਂ ਤੱਕ ਦੁਨੀਆ ਭਰ ਵਿੱਚ ਰੈਣ ਬਸੇਰਾ ਕਰਦੇ ਦਲਿੱਤ ਸਮਾਜ ਦੇ ਲੋਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਨਹੀਂ ਸਮਝਦੇ ਉਂਦੋ ਤੱਕ ਦਲਿਤਾਂ ਦਾ ਹਰ ਥਾਂ ਸੋਸ਼ਣ ਹੁੰਦਾ ਰਹੇਗਾ। ਜੇਕਰ ਜੁਲਮ ਕਰਨਾ ਪਾਪ ਹੈ ਤਾਂ ਜੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ। ਸ਼੍ਰੀ ਧੀਰ ਹੁਰਾਂ ਦੱਸਿਆ ਕਿ, ਉਨ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਸੰਸਥਾ ਬੇਗਮਪੁਰਾ ਇੰਟਰਨੈਸ਼ਨਲ ਸੰਗੀਤ ਸੰਸਥਾ (ਰਜਿ) ਔੜ (ਸ਼ਹੀਦ ਭਗਤ ਸਿੰਘ ਨਗਰ) ਵੀ ਬਣਾਈ ਹੋਈ ਹੈ, ਜਿਸ ਤਹਿਤ ਉਨ੍ਹਾਂ ਮਿਸ਼ਨ ਲਈ ਸੇਵਾ ਕਰਨ ਵਾਲੇ ਗਾਇਕਾਂ, ਗੀਤਕਾਰਾਂ ਅਤੇ ਫ਼ਿਲਮਾਂ ਬਣਾਉਣ ਵਾਲੀਆਂ ਸਖ਼ਸ਼ੀਅਤਾਂ ਦਾ ਸੋਨੇ ਦੇ ਮੈਡਲਾਂ ਨਾਲ ਵਿਸ਼ੇਸ਼ ਸਨਮਾਨ ਕਰਕੇ ਹੌਸਲਾ ਅਫ਼ਜਾਈ ਕੀਤੀ ਹੈ। ਇਸ ਕਾਰਵਾਈ ਵਿੱਚ ਉਹ ਹੁਣ ਤੱਕ ਰੱਤੂ ਰੰਧਾਵਾ (ਮਿਸ਼ਨਰੀ ਗੀਤਕਾਰ) ਸੁਦੇਸ਼ ਕੁਮਾਰੀ (ਮਿਸ਼ਨਰੀ ਗਾਇਕਾ), ਬਾਬਾ ਕਮਲ, ਬੱਗਾ ਡੁਮਾਣਾ, ਐੱਚ ਐਸ ਤਾਜਪੁਰੀ, ਪਰਮਜੀਤ ਗੋਸਲ, ਬਲਵਿੰਦਰ ਬਿੱਟੂ ਆਦਿ ਦਾ ਗੋਲਡ ਮੈਡਲ ਨਾਲ ਸਨਮਾਨ ਕਰ ਚੁੱਕੇ ਹਨ। ਸ਼੍ਰੀ ਧੀਰ ਹੁਰਾਂ ਜਿੱਥੇ ਇੱਕ ਪੰਜਾਬੀ ਫਿਲਮ ‘ਜਪ ਗੁਰੂ ਰਵਿਦਾਸ’ ਬਣਾਈ ਹੈ ਉੱਥੇ ਹੀ ਸਤਿਗੁਰੂ ਰਵਿਦਾਸ ਜੀ ਦੇ ਮਿਸ਼ਨ ਉੱਪਰ 3 ਕਿਤਾਬਾਂ ‘ਨਾਅਰਾ ਲੋਕਾਂ ਦਾ’, ‘ਮੋਢੀ ਇਨਕਲਾਬ’, ‘ਹੁਣ ਜੈ ਭੀਮ ਜੈਭਾਰਤ’ ਵੀ ਲਿਖੀਆਂ ਹਨ। ਮਿਸ਼ਨਰੀ ਗਾਇਕ ਰੂਪ ਲਾਲ ਧੀਰ ਦੀਆਂ ਮਿਸ਼ਨ ਪ੍ਰਤੀ ਸੇਵਾਵਾਂ ਦੇ ਮੱਦੇਨਜ਼ਰ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਆਉਣ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।