ਬੈਰੇ ਤੋਂ ਉਦਯੋਗਪਤੀ ਤੱਕ ਦਾ ਕੀਤਾ ਸਫ਼ਰ ਕਰਨ ਵਾਲੇ ਚਰਨ ਗਿੱਲ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ

ਲੰਦਨ, 6 ਮਈ – 1963 ’ਚ ਬਰਤਾਨੀਆ ਆ ਕੇ ਰੈਸਟੋਰੈਂਟ ਦੇ ਬੈਰੇ ਵਜੋਂ ਜ਼ਿੰਦਗੀ ਸ਼ੁਰੂ ਕਰਕੇ ਗਲਾਸਗੋ ’ਚ ਰੈਸਟੋਰੈਂਟ ਦੀ ਲੜੀ ਚਲਾਉਣ ਵਾਲੇ ਪ੍ਰਵਾਸੀ ਭਾਰਤੀ ਚਰਨ ਗਿੱਲ ਨੂੰ ਯੂਨੀਵਰਿਸਟੀ ਆਫ਼ ਗਲਾਸਗੋ ਨੇ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਨੇ ਆਪਣੇ ਪ੍ਰੈਸ ਨੋਟ ’ਚ ਚਰਨ ਗਿੱਲ ਨੂੰ ਸਕਾਟਲੈਂਡ ਦਾ ਜਾਣਿਆ-ਪਛਾਣਿਆ ਉਦਮੀ ਦੱਸਦਿਆਂ ਗਲਾਸਗੋ ਦੀ ਤਰੱਕੀ ਲਈ ਪਾਏ ਗਏ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਹੈ। 1963 ’ਚ ਪੰਜਾਬ ਤੋਂ ਇੱਥੇ ਆ ਕੇ ਉਨ੍ਹਾਂ ਸਮੁੰਦਰੀ ਜਹਾਜ਼ਾਂ ਦੇ ਕਾਰਖਾਨੇ ‘ਯਾਰੋ ਸ਼ਿਪ ਬਿਲਡਿਰ’ ’ਚ ਕੰਮ ਕੀਤਾ। ਫਿਰ ਉਹ ਰੈਸਟੋਰੈਂਟ ’ਚ ਬੈਰੇ ਦਾ ਕੰਮ ਕਰਨ ਲੱਗ ਪਏ। ਪਿਛਲੇ ਸਾਲ ਉਨ੍ਹਾਂ ਨੇ ਯਾਰੋ ਸ਼ਿਪ ਬਿਲਡਿਰ ਨੂੰ ਖਰੀਦ ਲਿਆ ਅਤੇ ਉੁਨ੍ਹਾਂ ਨੇ 17 ਰੈਸਟੋਰੈਂਟ ਖੋਲ੍ਹੇ ਅਤੇ ਸੰਨ 2005 ’ਚ ਇਥੋਂ ਇਕ ਕਰੋੜ ਸੱਤ ਲੱਖ ਪੌਂਡ ਰਕਮ ਕੱਢ ਕੇ ਪ੍ਰਾਪਰਟੀ ਅਤੇ ਹੋਰ ਕੰਮਾਂ ’ਚ ਨਿਵੇਸ਼ ਕਰ ਦਿੱਤੀ। ਉਨ੍ਹਾਂ ਵੱਲੋਂ ਗਲਾਸਗੋ ਦੀ ਤਰੱਕੀ ’ਚ ਪਾਏ ਯੋਗਦਾਨ ਬਦਲੇ ਡਾਕਟਰੇਟ ਦੀ ਡਿਗਰੀ ਅਗਲੇ ਮਹੀਨੇ ਹੋਣ ਵਾਲੇ ਸਮਾਗਮ ’ਚ ਦਿੱਤੀ ਜਾਵੇਗੀ।