ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਡਾਇਰੈਕਟਰ ਡਾ: ਆਨੰਦ ਸਨਮਾਨਿਤ

drਮਿਲਾਨ (ਇਟਲੀ) 10 ਮਈ (ਬਲਵਿੰਦਰ ਸਿੰਘ ਢਿੱਲੋਂ) – ਇਲਾਕੇ ਦੀ ਨਾਮਵਰ ਸਹਿ ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਡਾਇਰੈਕਟਰ, ਅੰਗ੍ਰੇਜ਼ੀ ਸਾਹਿਤ ਦੇ ਅੰਤਰਰਾਸ਼ਟਰੀ ਪੱਧਰ ਦੇ ਕਵੀ, ਵਿਦਵਾਨ ਵਿਚਾਰਧਾਰਕ ਡਾ: ਜੇ ਐਸ ਆਨੰਦ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦੇ ਲਈ ਮਹਾਰਾਜਾ ਰਣਜੀਤ ਸਿੰਘ ਕਾਲਜ ਦੀ ਮੈਨੇਜਮੈਂਟ ਦੇ ਚੇਅਰਮੈਨ ਸ: ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਸ: ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਪ੍ਰਬੰਧਕੀ ਸਕੱਤਰ ਸ: ਦਲਜਿੰਦਰ ਸਿੰਘ ਬਿੱਲਾ ਸੰਧੂ, ਪ੍ਰਿੰਸੀਪਲ ਸੁਖਦੀਪ ਕੌਰ ਵੱਲੋਂ ਕਾਲਜ ਦੇ ਸੱਭਿਆਚਰਕ ਪ੍ਰੋਗਰਾਮ ਗੁਲਦਸਤਾ ‘ਚ ਸਨਮਾਨਿਤ ਕੀਤਾ ਗਿਆ। ਡਾ: ਆਨੰਦ ਨੂੰ ਇਹ ਸਨਮਾਨ ਕਲਾ, ਵਿਦਵਤਾ, ਸਾਹਿਤ, ਫਲਸਫਾ ਅਤੇ ਅਧਿਆਤਮ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਉਣ ਲਈ ਦਿੱਤਾ ਗਿਆ।
ਡਾ: ਆਨੰਦ ਨੂੰ ਵਿਸ਼ਵ-ਖਿਆਤੀ ਦੀ ਚੋਟੀ ਤੇ ਉਨ੍ਹਾਂ ਦੀ ਅਧਿਆਤਮ ਦੀ ਪੁਸਤਕ ‘ਬਲਿਸ’ ਨੇ ਪਹੁੰਚਾਇਆ, ਜਿਸਨੂੰ ਫ਼ਾਰਸੀ ਵਿਚ ਤਰਜਮਾ ਕਰਕੇ ਪ੍ਰੋ: ਨਰਗਿਸ ਮੁਹੰਮਦੀ ਨੇ ਤਹਿਰਾਨ ਵਿਚ ਪ੍ਰਕਾਸ਼ਿਤ ਕੀਤਾ। ‘ਬਿਯਾਂਡ ਲਾਈਫ ਬਿਯਾਂਡ ਡੈੱਥ’ ਉਨ੍ਹਾਂ ਦੀ ਪੋਸਟ-ਕਾਲੋਨੀਅਲ ਪੁਸਤਕ ਸੀ, ਜਿਸਨੂੰ ਟੀ ਐਸ ਈਲੀਅਟ ਦੀ ਵਿਸ਼ਵ ਪ੍ਰਸਿੱਧ ਰਚਨਾ ‘ਦ ਵੇਸਟਲੈਂਡ ਨਾਲ ਹਮ’ ਰੁਤਬਾ ਹੋਣ ਦਾ ਮਾਣ ਪ੍ਰਾਪਤ ਹੈ। ਡਾ: ਆਨੰਦ ਨੇ ਅੰਗ੍ਰੇਜ਼ੀ ਮੁਹਾਵਰੇ ਨੂੰ ਵੀ ਨਵੀਂ ਪਹਿਚਾਣ ਦਿੱਤੀ ਹੈ ਅਤੇ ਸਾਹਿਤਕ ਮੁਲਾਂਕਣ ਲਈ ਇਕ ਨਵੀਂ ਥਿਊਰੀ ਬਾਇਓਟੈਕਸਟ ਵੀ ਵਿਕਸਿਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਡਾ: ਜੇ ਐਸ ਆਨੰਦ ਨੂੰ ਵਰਲਡ ਆਈਕਨ ਆਫ਼ ਪੀਸ ਅਤੇ ਵਰਲਡ ਆਈਕਨ ਆਫ਼ ਲੀਡਰਸ਼ਿਪ (ਨਾਈਜ਼ੀਰੀਆ) ਅਤੇ ਆਰਟ 4 ਪੀਸ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਵਰਲਡ ਪਾਰਲੀਮੈਂਟ ਆਫ਼  ਲਿਟਰੇਚਰ ਦੇ ਸਕੱਤਰ ਜਨਰਲ ਰਹੇ ਹਨ ਅਤੇ ਵਰਲਡ ਯੂਨੀਅਨ ਆਫ ਪੋਇਟਸ ਦੇ ਅੰਬੈਸਡਰ ਹਨ। ਇਸ ਮੌਕੇ ਬੋਲਦਿਆਂ ਕਾਲਜ ਮੈਨੇਜਮੈਂਟ ਦੇ ਜਨਰਲ ਸਕੱਤਰ ਸ: ਲਖਵਿੰਦਰ ਸਿੰਘ ਰੋਹੀਵਾਲਾ ਨੇ ਕਿਹਾ ਕਿ, ਡਾ: ਆਨੰਦ ਤਕਰੀਬਨ 40 ਤੋਂ ਵੱਧ ਪੁਸਤਕਾਂ ਦੇ ਰਚੇਤਾ ਹਨ ਤੇ ਕਈ ਪੁਸਤਕਾਂ ਦਾ ਫ਼ਾਰਸੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ। ਜੋ ਕਿ ਨਾ ਸਿਰਫ਼ ਸਾਡੇ ਲਈ ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ, ਅੱਜ ਅਸੀਂ ਇਸ ਸਖਸ਼ੀਅਤ ਦਾ ਸਨਮਾਨ ਕਰਨ ਦਾ ਮਾਣ ਹਾਸਲ ਕਰ ਰਹੇ ਹਾਂ, ਕਿਉਂਕਿ ਇਹ ਸਖਸ਼ੀਅਤ ਅੰਤਰਰਾਸ਼ਟਰੀ ਪੱਧਰ ‘ਤੇ ਸਾਡੇ ਇਲਾਕੇ ਨੂੰ ਚਰਚਾ ਵਿਚ ਲੈ ਕੇ ਆ ਰਹੀ ਹੈ ਅਤੇ ਕਾਲਜ ਵਿਚ ਅਕਾਦਮਿਕ ਸ਼੍ਰੇਸ਼ਟਤਾ ਦੇ ਨਵੇਂ ਬੈਂਚ ਮਾਰਕ ਸਥਾਪਿਤ ਕੀਤੇ ਜਾ ਰਹੇ ਹਨ।