ਵਿਚੈਂਸਾ : ਨਗਰ ਕੀਰਤਨ ਦੌਰਾਨ ਕਲਤੂਰਾ ਸਿੱਖ ਇਟਲੀ ਦੀ ‘ਕੀ ਏ ਉਨ ਸਿੱਖ’ ਕਿਤਾਬ ਜਾਰੀ

ਕਿਤਾਬ ਨੂੰ ਪੰਜ ਪਿਆਰਿਆਂ ਨੇ ਕੀਤਾ ਰਿਲੀਜ਼

bookਵਿਚੈਂਸਾ (ਇਟਲੀ) (ਬਲਵਿੰਦਰ ਸਿੰਘ ਢਿੱਲੋਂ) –  ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਸਤਲਗੋਮਬੈਰਤੋ (ਵਿਚੈਂਸਾ) ਵਿਖੇ ਹੋਲੇ ਮਹੱਲੇ ਤੇ ਨਾਨਕਸ਼ਾਹੀ ਸੰਮਤ ਦੇ ਆਗਮਨ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਤਿਕਾਰ ਯੋਗ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਸਿੱਖ ਧਰਮ ਪ੍ਰਤੀ ਇਟਲੀ ਵਿੱਚ ਇਟਾਲੀਅਨ ਲੋਕਾ ਨੂੰ ਜਾਣੂ ਕਰਵਾਉਣ ਲਈ ਲੰਮੇ ਸਮੇਂ ਤੋ ਇਟਲੀ ਵਿੱਚ ਸੇਵਾ ਕਰ ਰਹੀ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਤਿਆਰ ਕੀਤੀ 43 ਪੰਨਿਆਂ ਦੀ ਇਟਾਲੀਅਨ ਵਿੱਚ ਅਨੁਵਾਦ ‘ਕੀ ਏ ਉਨ ਸਿੱਖ’ ਕਿਤਾਬ ਨੂੰ ਪੰਜ ਪਿਆਰਿਆਂ ਨੇ ਜੈਕਾਰੇ ਲਗਾ ਕੇ ਰਿਲੀਜ਼ ਕੀਤਾ। ਇਸ ਕਿਤਾਬ ਸਬੰਧੀ ਜਾਣਕਾਰੀ ਦਿੰਦਿਆਂ ਕਲਤੂਰਾ ਸਿੱਖ ਇਟਲੀ ਦੇ ਭਾਈ ਕੁਲਵੰਤ ਸਿੰਘ ਖਾਲਸਾ, ਤਰਲੋਚਨ ਸਿੰਘ, ਸਿਮਰਜੀਤ ਸਿੰਘ ਡੱਡੀਆ, ਤਰਮਨਪ੍ਰੀਤ ਸਿੰਘ, ਅਰਵਿੰਦਰ ਸਿੰਘ, ਗੁਰਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ, ਇਸ ਕਿਤਾਬ ਦੀ 30 ਹਜਾਰ ਕਾਪੀ ਛਪਵਾਈ ਗਈ ਹੈ। ਜਿਸਨੂੰ ਆਉਣ ਵਾਲੇ ਦਿਨਾਂ ਵਿੱਚ ਇਟਲੀ ਦੇ ਵੱਖ ਵੱਖ ਗੁਰੂ ਘਰਾਂ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨਾਂ ਵਿਚ ਇਟਾਲੀਅਨ ਲੋਕਾਂ ਨੂੰ ਵੰਡਿਆ ਜਾਵੇਗਾ। ਇਸ ਕਿਤਾਬ ਵਿੱਚ ਪੰਜ ਕਕਾਰਾਂ ਦੀ ਮਹੱਤਤਾ, ਸਿੱਖ ਧਰਮ ਵਿੱਚ ਕੇਸਾਂ ਦੀ ਮਹੱਤਤਾ, ਜਿਸ ਵਿੱਚ ਭਾਈ ਤਾਰੂ ਸਿੰਘ ਦੀ ਸ਼ਹਾਦਤ ਦਾ ਜਿਕਰ ਹੈ। ਸਿੱਖ ਧਰਮ ਵਿੱਚ ਇਸਤਰੀਆਂ ਦੀ ਮਹੱਤਤਾ, ਜਿਸ ਵਿੱਚ ਮਾਤਾ ਭਾਗ ਕੌਰ ਦਾ ਜਿਕਰ ਹੈ। ਸਿੱਖ ਧਰਮ ਵਿੱਚ ਦਸਤਾਰ ਦੀ ਮਹੱਤਤਾ, ਜਿਸ ਵਿੱਚ ਅਕਾਲੀ ਫੂਲਾ ਸਿੰਘ ਅਤੇ ਦਸਤਾਰ ਦੇ ਵੱਖ-ਵੱਖ ਰੰਗਾਂ ਦਾ ਜਿਕਰ ਹੈ। ਸਿੱਖ ਧਰਮ ਦੇ ਜਰੂਰੀ ਨਾਮ ਤੇ ਚਿੰਨ੍ਹਾਂ ਦਾ ਜਿਕਰ ਵੀ ਹੈ। ਸਿੱਖ ਧਰਮ ਦੀ ਅਰਦਾਸ ਤੇ 10 ਗੁਰੂਆਂ ਦਾ ਜਿਕਰ ਆਦਿ ਵਿਸ਼ਿਆਂ ਨਾਲ ਸਬੰਧਿਤ ਹੈ। ਜਿਸ ਵੀ ਵਿਅਕਤੀ ਜਾਂ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਇਹ ਕਿਤਾਬ ਲੈਣੀ ਹੋਵੇ, ਉਹ ਸੰਸਥਾ ਕਲਤੂਰਾ ਸਿੱਖ ਇਟਲੀ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਇਟਲੀ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਹੈ ਕਿ ਇਸ ਸਾਲ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਸਜਾਏ ਜਾ ਰਹੇ ਨਗਰ ਕੀਰਤਨਾਂ ਬਾਰੇ ਸੰਸਥਾ ਕਲਤੂਰਾ ਸਿੱਖ ਇਟਲੀ ਦੀ ਈਮੇਲ ਉੱਤੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਿੱਖ ਧਰਮ ਦੇ ਪ੍ਰਚਾਰ ਨੂੰ ਇਟਲੀਅਨ ਲੋਕਾਂ ਤੱਕ ਪਹੁੰਚਾਇਆ ਜਾ ਸਕੇ।