ਇਟਲੀ ਆਇਆ ਪੰਜਾਬੀ ਨੌਜਵਾਨ ਕਰਨੈਲ ਸਿੰਘ ਪਿਛਲੇ ਇੱਕ ਸਾਲ ਤੋਂ ਲਾਪਤਾ

ਧਰਮਪਤਨੀ ਕੰਨਿਆਂ ਦਾਨ ਕਰਨ ਲਈ ਕਰ ਰਹੀ ਹੈ ਉਡੀਕ

ਇਟਲੀ ਵਿੱਚ ਲਾਪਤਾ ਹੋਏ ਕਰਨੈਲ ਸਿੰਘ ਦੀ ਇੱਕ ਪੁਰਾਣੀ ਤਸਵੀਰ।

ਇਟਲੀ ਵਿੱਚ ਲਾਪਤਾ ਹੋਏ ਕਰਨੈਲ ਸਿੰਘ ਦੀ ਇੱਕ ਪੁਰਾਣੀ ਤਸਵੀਰ।

ਰੋਮ (ਇਟਲੀ) 11 ਅਪ੍ਰੈਲ (ਕੈਂਥ) – ਕਈ ਪੀੜ੍ਹੀਆਂ ਤੋਂ ਚੱਲੀ ਆ ਰਹੀ ਆਰਥਿਕ ਮੰਦਹਾਲੀ ਤੋਂ ਨਿਜਾਤ ਪਾਉਣ ਅਤੇ ਸੁਨਿਹਰੀ ਭਵਿੱਖ ਲਈ ਪੰਜਾਬ ਦੇ ਲੱਖਾਂ ਨੌਜਵਾਨ ਕਰਜ਼ਾ ਚੁੱਕ ਪ੍ਰਦੇਸਾਂ ਵੱਲ ਵਹੀਰਾਂ ਘੱਤ ਚੁੱਕੇ ਹਨ ਅਤੇ ਸੈਂਕੜੇ ਹਰ ਰੋਜ਼ ਘੱਤ ਰਹੇ ਹਨ, ਪਰ ਪ੍ਰਦੇਸ ਆਕੇ ਵੀ ਕਈ ਪੰਜਾਬੀ ਨੌਜਵਾਨਾਂ ਦੇ ਸੁਪਨੇ ਸਾਕਾਰ ਨਹੀਂ ਹੁੰਦੇ ਤੇ ਉਹ ਪ੍ਰਦੇਸਾਂ ਵਿੱਚ ਆਕੇ ਵੀ ਬੇਰੁਜ਼ਗਾਰੀ ਦੀ ਮਾਰ ਝੱਲਦੇ-ਝੱਲਦੇ ਕੰਮ ਲੱਭਦੇ-ਲਭਾਉਂਦੇ ਆਪ ਗੁਆਚ ਜਾਂਦੇ ਹਨ। ਅਜਿਹਾ ਹੀ ਸ਼ਾਇਦ ਪੰਜਾਬੀ ਨੌਜਵਾਨ ਹੈ ਕਰਨੈਲ ਸਿੰਘ (47) ਪੁੱਤਰ ਮੁਖਤਿਆਰ ਸਿੰਘ ਪਿੰਡ ਵੱਡੀ ਮਿਆਣੀ ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ) ਜੋ ਕਿ ਸੰਨ 2007 ਵਿੱਚ ਘਰ ਦੀ ਗਰੀਬੀ ਦੂਰ ਕਰਨ ਲਈ ਕਰਜ਼ਾ ਚੁੱਕ ਇਟਲੀ 9 ਮਹੀਨੇ ਵਾਲੇ ਪੇਪਰਾਂ ਉੱਪਰ ਆਇਆ। ਪਹਿਲਾਂ ਪਹਿਲ ਤਾਂ ਸਭ ਕੁਝ ਸਭ ਠੀਕ -ਠਾਕ ਰਿਹਾ ਤੇ ਕਰੀਬ ਸਾਲ ਵਿੱਚ ਇੱਕ ਵਾਰ ਕਰਨੈਲ ਸਿੰਘ ਆਪਣੇ ਬੱਚਿਆਂ ਨੂੰ ਪੰਜਾਬ ਜਾ ਮਿਲ ਵੀ ਆਉਂਦਾ, ਪਰ ਸੰਨ 2016 ਦੀ 3 ਨਵੰਬਰ ਨੂੰ ਪੰਜਾਬ ਤੋਂ ਆਕੇ ਕਰਨੈਲ ਸਿੰਘ ਕੰਮਾਂਕਾਰਾਂ ਨੂੰ ਲੈਕੇ ਪ੍ਰੇਸ਼ਾਨ ਰਹਿਣ ਲੱਗਾ। ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਉਹ ਅਕਸਰ ਸ਼ਰਾਬ ਵੀ ਪੀ ਲੈਂਦਾ ਸੀ। ਪੰਜਾਬ ਤੋਂ ਫੋਨ ਰਾਹੀਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਰਨੈਲ ਸਿੰਘ ਦੀ ਘਰਵਾਲੀ ਹਰਵਿੰਦਰਜੀਤ ਕੌਰ ਨੇ ਕਿਹਾ ਕਿ, 16 ਅਪ੍ਰੈਲ 2017 ਨੂੰ ਉਨ੍ਹਾਂ ਦੇ ਪਤੀ ਨੇ ਆਖਰੀ ਵਾਰ ਗੱਲ ਕੀਤੀ। ਉਸ ਤੋਂ ਬਾਅਦ ਅੱਜ ਤੱਕ ਉਸ ਦਾ ਕੋਈ ਫੋਨ ਜਾਂ ਸੁਨੇਹਾ ਘਰ ਨਹੀਂ ਆਇਆ। ਇਟਲੀ ਜਿਨ੍ਹਾਂ ਮੁੰਡਿਆਂ ਨਾਲ ਉਹ ਰਹਿੰਦਾ ਸੀ ਉਨ੍ਹਾਂ ਨੇ ਕਿਹਾ ਕਿ, ਉਹ ਘਰੋਂ ਅਪ੍ਰੈਲ ਮਹੀਨੇ ਦਾ ਹੀ ਲਾਪਤਾ ਹੈ। ਕਰਨੈਲ ਸਿੰਘ ਦੀ ਧਰਮਪਤਨੀ ਨੇ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ, ਇਸ ਸਮੇਂ ਉਨ੍ਹਾਂ ਦੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟਾ ਹੋਇਆ ਹੈ। ਉਹ ਲੱਖਾਂ ਰੁਪਏ ਦੀ ਕਰਜ਼ਾਈ ਹੈ, ਪਰ ਸ਼ਰੀਕੇ ਵਿੱਚੋਂ ਉਹਨਾਂ ਦੀ ਕਈ ਵੀ ਮਦਦ ਨਹੀਂ ਕਰਨ ਨੂੰ ਤਿਆਰ। ਇਸੇ ਸਾਲ ਦਸੰਬਰ ਵਿੱਚ ਉਸ ਦੀ ਲੜਕੀ ਦਾ ਵਿਆਹ ਹੈ। ਜਿਸ ਦਾ ਫਿਕਰ ਹਰਵਿੰਦਰਜੀਤ ਕੌਰ ਨੂੰ ਵੱਢ-ਵੱਢ ਖਾਅ ਰਿਹਾ ਹੈ। ਕਰਨੈਲ ਸਿੰਘ ਦੇ ਇਟਲੀ ਰਹਿੰਦੇ ਇੱਕ ਰਿਸ਼ਤੇਦਾਰ ਪ੍ਰੀਤਮ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਕਾਫ਼ੀ ਕੋਸ਼ਿਸ ਕਰ ਰਹੇ ਹਨ। ਉਸ ਨੂੰ ਲੱਭਣ ਦੀ ਪਰ ਹਾਲੇ ਤੱਕ ਉਸ ਦੀ ਕੋਈ ਉੱਘ-ਸੁੱਘ ਨਹੀਂ। ਪ੍ਰੀਤਮ ਸਿੰਘ ਨੇ ਇਟਲੀ ਦੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ, ਉਹ ਕਰਨੈਲ ਸਿੰਘ ਨੂੰ ਲਭਾਉਣ ਵਿੱਚ ਉਸ ਦੀ ਸਹਾਇਤਾ ਕਰਨ, ਤਾਂ ਜੋ ਕਰਨੈਲ ਸਿੰਘ ਆਪਣੇ ਹੱਥੀਂ ਕੰਨਿਆਂ ਦਾਨ ਕਰ ਦੇਵੇ। ਸਾਰਾ ਪਰਿਵਾਰ ਇਸ ਸਮੇਂ  ਕਾਫੀ ਪ੍ਰੇਸ਼ਾਨ ਹੈ।