ਇਟਲੀ : ਯੂਰਪੀਅਨ ਯੂਨੀਅਨ ਦੇ ਨਾਲ-ਨਾਲ ਗੈਰ-ਕਾਨੂੰਨੀ ਵਿਦੇਸ਼ੀਆਂ ਦੀਆਂ ਵੀ ਨਜ਼ਰਾਂ ਨਵੀਂ ਸਰਕਰ ਵੱਲ

electionਰੋਮ (ਇਟਲੀ) 4 ਮਾਰਚ (ਕੈਂਥ) – ਇਟਲੀ ਵਿੱਚ ਨਵੀਂ ਸਰਕਾਰ ਬਣਨ ਲਈ ਲੋਕ ਸਭਾ ਦੀ ਹੋ ਰਹੀ ਚੋਣ ਜਿੱਥੇ ਇਟਲੀ ਦਾ ਉੱਜਵਲ ਭਵਿੱਖ ਤੈਅ ਕਰੇਗੀ, ਉੱਥੇ ਹੀ ਇਟਲੀ ਵਿੱਚ ਬਿਨ੍ਹਾਂ ਪੇਪਰਾਂ ਦੇ ਧੱਕੇ ਖਾ ਰਹੇ ਗੈਰ-ਕਾਨੂੰਨੀ ਵਿਦੇਸ਼ੀਆਂ ਨੂੰ ਵੀ ਇਨਾਂ ਚੋਣਾਂ ਤੋਂ ਡੂੰਘੀਆਂ ਆਸਾਂ ਹਨ ਕਿ ਨਵੀਂ ਸਰਕਾਰ ਜ਼ਰੂਰ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਅੰਤ ਇਮੀਗ੍ਰੇਸ਼ਨ ਖੋਲ੍ਹ ਕੇ ਕਰਨ ਲਈ ਸੰਜੀਦਗੀ ਦਿਖਾਏਗੀ। ਇਟਲੀ ਲੋਕ ਸਭਾ ਚੋਣਾਂ 2018 ਵਿੱਚ ਮੁੱਖ ਤੌਰ ‘ਤੇ ਇਟਲੀ ਦੀਆਂ ਚਾਰ ਸਿਆਸੀ ਪਾਰਟੀਆਂ ਫੋਰਸਾ ਇਤਾਲੀਆ, ਲੇਗਾ ਨਾਰਦ, ਡੈਮੋਕ੍ਰੇਟਿਕ ਪਾਰਟੀ ਅਤੇ ਚਿੰਕੂਏ ਸਤੇਲੇ ਪਾਰਟੀ ਆਦਿ ਜੋਰ ਅਜ਼ਮਾਇਸ ਕਰ ਰਹੀਆਂ ਹਨ। ਇਨ੍ਹਾਂ ਵੱਡੀਆਂ ਪਾਰਟੀਆਂ ਤੋਂ ਇਲਾਵਾ ਹੋਰ ਵੀ 12 ਪਾਰਟੀਆਂ ਹਨ, ਜੋ ਕਿ ਆਪਣੇ-ਅਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਕਾਫ਼ੀ ਜੱਦੋ-ਜਹਿਦ ਕਰ ਰਹੀਆਂ ਹਨ। ਇਹਨਾਂ ਵਿੱਚੋਂ ਚੋਣਾਂ ਜਿੱਤ ਕੇ ਕੋਈ ਇੱਕ ਪਾਰਟੀ ਇਟਲੀ ਦੀ ਡਗਮਗਾ ਰਹੀ ਅਰਥ ਵਿਅਸਥਾ ਨੂੰ ਸਥਿਰ ਕਰਨ ਲਈ ਨਵੀਆਂ ਨੀਤੀਆਂ ਦਾ ਆਗਾਜ ਕਰੇਗੀ। ਅੱਜ ਸਵੇਰੇ 6 ਵਜੇ ਤੋਂ ਸ਼ੁਰੂ ਹੋਈ ਪੋਲਿੰਗ ਰਾਤ 10 ਵਜੇ ਸਮਾਪਤ ਹੋਵੇਗੀ। ਜਿਸ ਵਿੱਚ ਵੱਡੀਆਂ ਪਾਰਟੀਆਂ ਦੇ ਸਾਰੇ ਉਮੀਦਵਾਰਾਂ ਨੇ ਵੋਟਾਂ ਦਿੱਤੀਆਂ ਹਨ। ਹੁਣ ਤੱਕ ਦੀਆਂ ਖ਼ਬਰਾਂ ਅਨੁਸਾਰ ਇਨਾਂ ਵੋਟਾਂ ਦੀ ਪੂਰੀ ਅਪਡੇਸ਼ਨ ਸੋਮਵਾਰ ਸਵੇਰ ਤੋਂ ਮਿਲੇਗੀ। ਸੂਤਰਾਂ ਅਨੁਸਾਰ ਸਿਲਵੀਓ ਬਰਲੁਸਕੋਨੀ ਦੀ ਪਾਰਟੀ ਫੋਰਸਾ ਇਤਾਲੀਆ ਨੂੰ ਹੁਣ ਤੱਕ 37% ਵੋਟਾਂ ਪੈ ਰਹੀਆਂ ਹਨ ਤੇ ਦੂਜੀ ਰੂਲਿੰਗ ਪਾਰਟੀ ਡੈਮੋਕ੍ਰੇਟਿਕ ਨੂੰ 28% ਤੇ 27% ਚਿੰਕੂਏ ਸਤੇਲੇ ਪਾਰਟੀ ਨੂੰ ਪੈ ਰਹੀਆਂ ਹਨ, ਪਰ ਇਸ ਸਾਲ ਇਨਾਂ ਵੋਟਾਂ ਵਿੱਚ ਨਵਾਂ ਤਰੀਕਾ ਇਹ ਹੋਵੇਗਾ ਕਿ ਪਾਰਟੀ ਦੀ ਆਪਣੀ ਬਹੁਮਤ ਘੱਟੋ-ਘੱਟ 40% ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਉਹ ਆਪਣੀ ਹੋਰ ਪਾਰਟੀਆਂ ਨਾਲ ਸਹਿਮਤੀ ਵਾਲੀ ਸਰਕਾਰ ਬਣਾ ਸਕਦੀਆਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਨਾਂ ਚੋਣਾਂ ਵਿੱਚ ਫੋਰਸਾ ਇਤਾਲੀਆ ਪਾਰਟੀ ਦੀ ਸਰਕਾਰ ਆਉਣ ਦੇ ਜ਼ਿਆਦਾ ਮੌਕੇ ਹਨ, ਕਿਉਂਕਿ ਪਹਿਲਾਂ ਵੀ ਇਸ ਪਾਰਟੀ ਦੇ ਸਿਲਵੀਓ ਬਰਲੁਸਕੋਨੀ 4 ਵਾਰ ਇਟਲੀ ਦੇ ਸੰਨ 1994, 2001, 2005 ਤੇ ਸੰਨ 2008 ਵਿੱਚ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ, ਤੇ ਜਦੋਂ-ਜਦੋਂ ਵੀ ਬਰਲੁਸਕੋਨੀ ਪ੍ਰਧਾਨ ਮੰਤਰੀ ਬਣੇ, ਇਮੀਗ੍ਰੇਸ਼ਨ ਖੁੱਲ੍ਹੀ ਹੈ। ਸ਼ਾਇਦ ਇਸੇ ਲਈ ਹੀ ਇਟਲੀ ਵਿੱਚ ਰਹਿ ਰਹੇ ਗੈਰ-ਕਾਨੂੰਨੀ ਵਿਦੇਸ਼ੀਆਂ ਨੂੰ ਆਸ ਦੀ ਕਿਰਨ ਨਜ਼ਰ ਆ ਰਹੀ ਹੈ, ਪਰ ਬੀਤੇ ਸਮੇਂ ਵਿੱਚ ਇਟਲੀ ਦੇ ਮੌਜੂਦਾ ਮੰਤਰੀ ਮਾਤੇਓ ਸਾਲਵੀਨੀ ਤੇ ਬਰਲੁਰਕੋਨੀ ਨੇ ਇੱਕ ਸਾਂਝਾ ਬਿਆਨ ਦਿੱਤਾ ਸੀ ਕਿ, ਉਹ ਸੇਸਤੋ ਸੰਜੋਵਾਨੀ ਇਲਾਕੇ ਵਿੱਚੋਂ 6 ਲੱਖ ਗੈਰ-ਕਾਨੂੰਨੀਆਂ ਨੂੰ ਬਾਹਰ ਕੱਢਣਗੇ। ਇਸ ਬਿਆਨ ਕਾਰਨ ਸ਼ਾਇਦ ਬਰਲੁਸਕੋਨੀ ਨੂੰ ਖਮਿਆਜਾ ਭੁਗਤਣਾ ਪਵੇ।