wind_cyc_super_nov2017_ita_320x50

ਇਟਲੀ ਵਿੱਚ ਮਿਸ਼ਨਰੀ ਗਾਇਕਾ ਗਿੰਨੀ ਮਾਹੀ ਅਤੇ ਗਾਇਕ ਕਮਲ ਤੱਲਣ ਦਾ ਨਿੱਘਾ ਸਵਾਗਤ

g1ਰੋਮ (ਇਟਲੀ) 9 ਜਨਵਰੀ (ਕੈਂਥ) – ਆਪਣੇ ਮਿਸ਼ਨਰੀ ਗੀਤਾਂ ਨਾਲ ਦੁਨੀਆ ਭਰ ਦੀਆਂ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਮਿਸ਼ਨ ਪ੍ਰਤੀ ਜਾਗਰੂਕ ਕਰਨ ਵਾਲੀ ਪੰਜਾਬ ਦੀ ਪ੍ਰਸਿੱਧ ਗਾਇਕਾ ਗਿੰਨੀ ਮਾਹੀ ਅਤੇ ਗਾਇਕ ਕਮਲ ਤੱਲਣ ਅੱਜਕਲ੍ਹ ਆਪਣੀ ਵਿਸ਼ੇਸ਼ ਯੂਰਪ ਫੇਰੀ ‘ਤੇ ਹਨ। ਇਸ ਸੰਖੇਪ ਫੇਰੀ ਮੌਕੇ ਯੂਰਪ ਦੇ ਦੇਸ਼ ਗਰੀਸ ਅਤੇ ਇਟਲੀ ਵਿੱਚ ਗਿੰਨੀ ਮਾਹੀ ਅਤੇ ਕਮਲ ਤੱਲਣ ਦਾ ਸਮੁੱਚੇ ਰਵਿਦਾਸੀਆ ਸਮਾਜ ਵੱਲੋਂ ਬਹੁਤ ਹੀ ਨਿੱਘੇ ਢੰਗ ਨਾਲ ਸਵਾਗਤ ਕੀਤਾ ਗਿਆ। ਇਸ ਫੇਰੀ ਮੌਕੇ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਰਤ ਤੋਂ ਉਚੇਚੇ ਤੌਰ ‘ਤੇ ਯੂਰਪ ਆਏ ਮਿਸ਼ਨ ਦੇ ਇਨ੍ਹਾਂ ਨਾਮੀ ਕਲਾਕਾਰਾਂ ਨੂੰ ਸੁਣਨ ਲਈ ਸੰਗਤਾਂ ਇਟਲੀ ਭਰ ਤੋਂ ਕਾਫ਼ਲਿਆਂ ਦੇ ਰੂਪ ਵਿੱਚ ਪਹੁੰਚੀਆਂ।ਸਮਾਗਮ ਦੀ ਸ਼ੁਰੂਆਤ ਵਿੱਚ ਗੁਰਦੁਆਰਾ ਸਾਹਿਬ ਦੇ ਸਟੇਜ ਸਕੱਤਰ ਕੁਲਜਿੰਦਰ ਬਬਲੂ ਨੇ ਮਿਸ਼ਨਰੀ ਗਾਇਕਾ ਗਿੰਨੀ ਮਾਹੀ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੁਲੰਦ ਜੈਕਾਰਿਆਂ ਦੀ ਗੂੰਜ ਵਿੱਚ ਪ੍ਰੋਗਰਾਮ ਦਾ ਆਗਾਜ ਕਰਨ ਲਈ ਸੱਦਾ ਦਿੱਤਾ। ਸਮਾਗਮ ਦੀ ਆਰੰਭਤਾ ਗਿੰਨੀ ਮਾਹੀ ਨੇ ਆਪਣੀ ਸੁਰੀਲੀ ਅਤੇ ਦਮਦਾਰ ਆਵਾਜ਼ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ‘ਤੇਰੇ ਚਰਨਾਂ ਚ ਇਹੋ ਅਰਦਾਸ ਸਾਡਾ ਬਣਿਆ ਰਹੇ ਵਿਸ਼ਵਾਸ’ ਨਾਲ ਕੀਤੀ। ਫਿਰ ਮਿਸ਼ਨਰੀ ਗੀਤਾਂ ਦੀ ਚੱਲੀ ਲੜ੍ਹੀ ਦੌਰਾਨ ਹਰਿ ਦੇ ਨਿਸ਼ਾਨ ਦੀ ਸ਼ੋਭਾ ਵਿੱਚ ‘ਗੁਰੂ ਜੀ ਤੇਰੇ ਦਰ ‘ਤੇ ਹਰਿ ਦੇ ਝੂਲਣ ਨਿਸ਼ਾਨ ਗੁਰੂ ਜੀ ਤੇਰੇ ਦਰ ਤੇ’ ਗਾ ਕੇ ਸੰਗਤਾਂ ਵਿੱਚ ਜੋæਸ ਭਰ ਦਿੱਤਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਰਵਿਦਾਸੀਆ ਸਮਾਜ ‘ਤੇ ਅਪਾਰ ਬਖ਼ਸ਼ਿਸ਼ ਨੂੰ ਸਲਾਹੁੰਦਿਆਂ ‘ਗੁਰੂ ਰਵਿਦਾਸ ਜੀ ਦੀ ਕ੍ਰਿਪਾ, ਐਵੇ ਤਾਂ ਨਹੀਂ ਜੱਗ ਵਿੱਚ ਬੱਲੇ-ਬੱਲੇ ਐ’ ਦੁਆਰਾ ਸੰਗਤਾਂ ਨੂੰ ਭਗਤੀ ਰਸ ਵਿੱਚ ਝੂੰਮਣ ਲਗਾ ਦਿੱਤਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਤ-ਪਾਤ ਵਿਰੁੱਧ ਕੀਤੇ ਸੰਘਰਸ਼ ਨੂੰ ਸੰਗਤਾਂ ਵਿੱਚ ਵਿਸਥਾਰ ਨਾਲ ਉਜਾਗਰ ਕੀਤਾ ਅਤੇ ਦੱਸਿਆ ਕਿ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਘਰਸ਼ ਨੂੰ ਬਾਬਾ ਸਾਹਿਬ ਜੀ ਦੇ ਕਿਸ ਤਰ੍ਹਾਂ ਅੱਗੇ ਤੋਰਿਆ। ਕਿਸ ਤਰ੍ਹਾਂ ਸੰਨ 1932 ਦੀ ਗੋਲਮੇਜ ਕਾਨਫਰੰਸ ਦਾ ਵਰਨਣ ‘ਮੈਂ ਹੱਕ ਲੈ ਕੇ ਦੇਣੇ ਬਣਦੇ ਜਿਹੜੇ ਸਰਬ ਸਮਾਜ ਨੂੰ’ ਗਾ ਕੇ ਬਹੁਤ ਹੀ ਸੁਚੱਜੇ ਲਹਿਜੇ ਵਿੱਚ ਸਰਬ ਸਮਾਜ ਦੀ ਪੇਸ਼ਕਾਰੀ ਕੀਤੀ। ਇਸ ਤੋਂ ਇਲਾਵਾ ਗਿੰਨੀ ਮਾਹੀ ਨੇ ਆਪਣਾ ਵਿਸ਼ਵ ਭਰ ਵਿੱਚ ਮਕਬੂਲ ਹੋਇਆ ਮਿਸ਼ਨਰੀ ਗੀਤ ‘ਮੈਂ ਧੀ ਹਾਂ ਬਾਬਾ ਸਾਹਿਬ ਦੀ, ਜਿਨ੍ਹਾਂ ਲਿਖਿਆ ਹੈ ਸੰਵਿਧਾਨ, ਉਹਦੀ ਕਲਮ ਦਾ ਖੱਟਿਆ ਖਾਈਦਾ ਤਾਹੀਉਂ ਸਿਫ਼ਤਾ ਕਰੇ ਜਹਾਨ’ ਆਦਿ ਗਾ ਕੇ ਪੰਡਾਲ ਵਿੱਚ ਹਾਜ਼ਰ ਸੰਗਤਾਂ ਨੂੰ ਗੁਰੂ ਜੀ ਦੇ ਮਿਸ਼ਨ ਪ੍ਰਤੀ ਨਵਾਂ ਜੋਸ਼ ਭਰਿਆ।
ਇਸ ਸਮਾਗਮ ਵਿੱਚ ਜਿੱਥੇ ਮਿਸ਼ਨਰੀ ਗਾਇਕ ਕਮਲ ਤੱਲਣ ਨੇ ਆਪਣੇ ਮਿਸ਼ਨਰੀ ਗੀਤਾਂ ਨਾਲ ਸੰਗਤਾਂ ਨੂੰ ਮਿਸ਼ਨ ਨਾਲ ਜੋੜਿਆ, ਉੱਥੇ ਹੀ ਦਲਿਤ ਸਮਾਜ ਦੇ ਹੀਰੇ ਮਰਹੂਮ ਮਿਸ਼ਨਰੀ ਗਾਇਕ ਮੋਹਣ ਬੰਗੜ ਦੀ ਯਾਦ ਨੂੰ ਤਾਜ਼ਾ ਕਰਾਉਂਦਿਆ ਉਨ੍ਹਾਂ ਦਾ ਗਾਇਆ ਗੀਤ ‘ਚਾਹੁੰਦਾ ਹਾਂ ਰਾਜ ਮੈਂ ਐਸਾ ਦਿੱਲੀ ਦਿਆ ਹਾਕਮਾ’ ਗਾ ਕੇ ਸੰਗਤਾਂ ਦਾ ਭਰਪੂਰ ਆਸ਼ੀਰਵਾਦ ਲਿਆ। ਇਸ ਸਮਾਗਮ ਵਿੱਚ ਦੋਵੇਂ ਮਿਸ਼ਨਰੀ ਕਲਾਕਾਰਾਂ ਨੇ ਪਹੁੰਚੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ: ਭੀਮ ਰਾਓ ਦੇ ਮਿਸ਼ਨ ਪ੍ਰਤੀ ਜਾਗਰੂਕ ਹੀ ਨਹੀਂ ਕੀਤਾ, ਸਗੋਂ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਵੀ ਉਤਸ਼ਾਹਿਤ ਕੀਤਾ। ਸਮਾਗਮ ਦੇ ਆਖਿਰ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਸਵੀਰ ਬੱਬੂ ਨੇ ਭਾਰਤ ਤੋਂ ਉਚੇਚੇ ਤੌਰ ‘ਤੇ ਮਿਸ਼ਨ ਦੀ ਸੇਵਾ ਹਿੱਤ ਆਏ ਇਨ੍ਹਾਂ ਮਿਸ਼ਨਰੀ ਕਲਾਕਾਰਾਂ ਦਾ ਉਚੇਚਾ ਧੰਨਵਾਦ ਕੀਤਾ ਅਤੇ ਯੂਰਪ ਦੀਆਂ ਸੰਗਤਾਂ ਨੂੰ ਗੁਰੂ ਜੀ ਦੇ ਮਿਸ਼ਨ ਪ੍ਰਤੀ ਲਾਮਬੰਦ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ। ਪ੍ਰਬੰਧਕ ਕਮੇਟੀ ਵੱਲੋਂ ਮਿਸ਼ਨਰੀ ਕਲਾਕਾਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਾਜ਼ਰ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।