ਇਮਾਨਦਾਰੀ ਦੀ ਸਜਾ ਮਿਲੀ ਖਹਿਰਾ ਨੂੰ : ਬੈਂਸ

ਕਾਂਗਰਸ, ਭਾਜਪਾ ਤੇ ਅਕਾਲੀਆਂ ਦੀ ਹੋਈ ਰੀਝ ਪੂਰੀ
ਕੇਜਰੀਵਾਲ ਦੀ ਡਿਕਟੇਟਰਸ਼ਿੱਪ ਕਾਰਣ ਹੀ ਨਹੀਂ ਬਣ ਸਕੀ ਆਪ ਦੀ ਸਰਕਾਰ

ਸਿਮਰਜੀਤ ਸਿੰਘ ਬੈਂਸ

ਸਿਮਰਜੀਤ ਸਿੰਘ ਬੈਂਸ

ਲੁਧਿਆਣਾ, 26 ਜੁਲਾਈ (ਜਸਵਿੰਦਰ ਸਿੰਘ ਲਾਟੀ) – ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿੱਚ ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਦੇ ਹੱਕ ਵਿੱਚ ਲੜੀ ਜਾਣ ਵਾਲੀ ਲੜਾਈ ਅਤੇ ਇਮਾਨਦਾਰੀ ਕਾਰਣ ਹੀ ਸਜਾ ਦਿੱਤੀ ਗਈ ਹੈ ਪਰ ਖਹਿਰਾ ਨੂੰ ਦਿੱਤੀ ਗਈ ਇਹ ਸਜਾ ਲਈ ਲੋਕ ਇਨਸਾਫ ਪਾਰਟੀ ਖਹਿਰਾ ਦੇ ਨਾਲ ਹੈ। ਵਿਧਾਇਕ ਬੈਂਸ ਅੱਜ ਖਹਿਰਾ ਦੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੇ ਤਿੱਖਾ ਪ੍ਰਤੀਕਰਮ ਜਤਾ ਰਹੇ ਹਨ।
ਵਿਧਾਇਕ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਗੇ ਸ਼ਰਤ ਰੱਖੀ ਗਈ ਸੀ ਕਿ ਜੇਕਰ ਕਾਂਗਰਸ ਤੇ ਆਪ ਦਾ ਸਮਝੌਤਾ ਹੋਵੇਗਾ ਤਾਂ ਪਹਿਲੀ ਸ਼ਰਤ ਇਹੋ ਹੈ ਕਿ ਖਹਿਰਾ ਨੂੰ ਹਟਾ ਦਿੱਤਾ ਜਾਵੇ। ਬੈਂਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਅਤੇ ਆਪ ਦਾ ਸਮਝੌਤਾ ਹੋਣ ਜਾ ਰਿਹਾ ਹੈ ਪਰ ਇਸ ਨਾਲ ਸੂਬੇ ਦਾ ਕੋਈ ਭਲਾ ਨਹੀਂ ਹੋਣ ਵਾਲਾ। ਵਿਧਾਇਕ ਬੈਂਸ ਅਨੁਸਾਰ ਆਪ ਕਨਵੀਨਰ ਕੇਜਰੀਵਾਲ ਡਿਕਟੇਟਰ ਹਨ ਅਤੇ ਡਿਕਟੇਟਰਸ਼ਿੱਪ ਵਲੋਂ ਉਠਾਏ ਗਏ ਗਲਤ ਕਦਮਾਂ ਕਾਰਣ ਹੀ ਸੂਬੇ ਵਿੱਚ 2017 ਦੀਆਂ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰਹਿ ਗਈ ਅਤੇ ਜੇਕਰ ਪੰਜਾਬ ਆਗੂਆਂ ਅਤੇ ਪੰਜਾਬੀਆਂ ਨੂੰ ਨਾਲ ਲੈ ਕੇ ਚੱਲਿਆ ਜਾਂਦਾ ਤਾਂ ਅੱਜ ਸੂਬੇ ਵਿੱਚ ਆਪ ਦੀ ਸਰਕਾਰ ਹੋਣੀ ਸੀ।