Advertisement
Advertisement

ਇੰਡੀਅਨ ਅੰਬੈਸੀ ਨੇ ਭਾਰਤੀਆਂ ਦੀਆ ਮੁਸ਼ਕਿਲਾਂ ਸੁਣੀਆਂ ਤੇ ਪਾਸਪੋਰਟ ਬਣਾਏ

ਇੰਡੀਅਨ ਅੰਬੈਸੀ ਦੇ ਅਧਿਕਾਰੀਆ ਦਾ ਸਨਮਾਨ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ।

ਇੰਡੀਅਨ ਅੰਬੈਸੀ ਦੇ ਅਧਿਕਾਰੀਆ ਦਾ ਸਨਮਾਨ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ।

ਬਾਰੀ (ਇਟਲੀ) 28 ਨਵੰਬਰ (ਸਾਬੀ ਚੀਨੀਆਂ) – ਦੱਖਣੀ ਇਟਲੀ ‘ਚ ਵੱਸਦੇ ਭਾਰਤੀਆਂ ਦੀਆਂ ਇਮੀਗ੍ਰੇਸ਼ਨ ਤੇ ਪਾਸਪੋਰਟ ਸਬੰਧੀ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਰੋਮ ਅੰਬੈਸੀ ਵੱਲੋਂ ਇੱਥੋਂ ਦੇ ਸ਼ਹਿਰ ਬੇਤਰੀਤੋ (ਬਾਰੀ) ‘ਚ ਇਕ ਪਾਸਪੋਰਟ ਕੈਂਪ ਦੌਰਾਨ ਲੋਕਾਂ ਦੀਆ ਮੁਸ਼ਕਿਲਾਂ ਦੇ ਮੌਕੇ ਉੱਤੇ ਹੱਲ ਕਰ ਕੇ ਸਲਾਹੁਣਯੋਗ ਉਪਰਾਲਾ ਕੀਤਾ ਗਿਆ ਹੈ। ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਲੱਗੇ ਕੈਂਪ ਵਿਚ ਕੋਈ 200 ਤੋਂ ਵੱਧ ਲੋੜਵੰਦ ਭਾਰਤੀਆਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਦੇ ਪਾਸਪੋਰਟ ਨਾਲ ਸਬੰਧਿਤ ਮਸਲਿਆਂ ਨੂੰ ਮੈਡਮ ਸਾਰੂਚੀ ਸ਼ਰਮਾ ਦੀ ਅਗਵਾਈ ਵਿਚ ਪੁੱਜੇ ਅਧਿਕਾਰੀਆਂ ਨੇ ਚੰਗੀ ਤਰ੍ਹਾਂ ਵਿਚਾਰ ਕੇ ਹਰ ਯੋਗ ਹੱਲ ਕੀਤਾ। ਇਸ ਮੌਕੇ ਪਾਸਪੋਰਟ ਰੀਨਿਊ ਕਰਨ ਤੋਂ ਇਲਾਵਾ ਜਿਹੜੇ ਲੋਕਾਂ ਦੇ ਪਾਸਪੋਰਟ ਬਣ ਕੇ ਤਿਆਰ ਹੋ ਚੁੱਕੇ ਸਨ, ਉਨ੍ਹਾਂ ਨੂੰ ਪਾਸਪੋਰਟ ਮੌਕੇ ‘ਤੇ ਜਾਰੀ ਕੀਤਾ ਗਿਆ। ਦੱਸਣਯੋਗ ਹੈ ਕਿ ਮਿਲਾਨ ਤੇ ਰੋਮ ਅੰਬੈਸੀ ਵੱਲੋਂ ਇਟਲੀ ‘ਚ ਪੱਕੇ ਤੌਰ ‘ਤੇ ਰਹਿ ਰਹੇ ਭਾਰਤੀ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਬੜੇ ਸੁਚੱਜੇ ਢੰਗ ਨਾਲ ਹੱਲ ਕੀਤਾ ਜਾ ਰਿਹਾ ਹੈ।
ਇਟਲੀ ਵਿਚ ਗੈਰ ਕਾਨੂੰਨੀ ਤੌਰ ‘ਤੇ ਰਹਿਣ ਵਾਲਿਆਂ ਦੀਆਂ ਮੁਸ਼ਕਿਲਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ। ਕੱਚੇ ਤੌਰ ‘ਤੇ ਰਹਿਣ ਵਾਲਿਆਂ ਨੇ ਅੰਬੈਸੀ ਤੋਂ ਮੰਗ ਕੀਤੀ ਹੈ ਕਿ, ਉਨ੍ਹਾਂ ਦੇ ਵੀ ਪਾਸਪੋਰਟ ਬਣਾਏ ਜਾਣ, ਤਾਂ ਜੋ ਪੇਪਰ ਖੁੱਲ੍ਹਣ ਦੀ ਸੂਰਤ ਵਿਚ ਪੱਕੇ ਹੋ ਕੇ ਆਪਣੇ ਘਰਾਂ ਦੇ ਮੂੰਹ ਵੇਖ ਸਕਣ। ਜਿਸ ਸਬੰਧੀ ਵਿਸ਼ਾਵਸ਼ ਦਿਵਾਉਂਦਿਆਂ ਮੈਡਮ ਸ਼ਰਮਾ ਨੇ ਆਖਿਆ ਕਿ, ਉਹ ਭਾਰਤੀਆਂ ਦੀ ਸੇਵਾ ਲਈ ਹੀ ਬੈਠੇ ਹਨ, ਜਦ ਵੀ ਇਟਾਲੀਅਨ ਸਰਕਾਰ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਕਾਨੂੰਨ ਲੈ ਕੇ ਆਏਗੀ, ਉੁਹ ਆਪਣੇ ਦੇਸ਼ ਵਾਸੀਆਂ ਦੀ ਭਲਾਈ ਬਾਰੇ ਜਰੂਰ ਸੋਚਣਗੇ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ, ਭਾਈ ਗੁਰਮੇਲ ਸਿੰਘ ਅਤੇ ਉੱਘੇ ਸਮਾਜ ਸੇਵੀ ਹਰਬਿੰਦਰ ਸਿੰਘ ਧਾਲੀਵਾਲ ਵੱਲੋਂ ਅੰਬੈਸੀ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਛੁੱਟੀ ਵਾਲੇ ਦਿਨ ਕੰਮ ਕਰਕੇ ਲੋੜਵੰਦਾਂ ਦੀ ਮਦਦ ਕੀਤੀ।