ਏਬੋਲੀ : ਪੰਜਾਬੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

msinghਸਲੇਰਨੋ (ਇਟਲੀ) 15 ਮਈ (ਕੈਂਥ) – ਇਟਲੀ ਦੇ ਸੂਬਾ ਕੰਪਾਨੀਆ ਅਧੀਨ ਪੈਂਦੇ ਜ਼ਿਲ੍ਹਾ ਸਲੇਰਨੋ ਦੇ ਸ਼ਹਿਰ ਏਬੋਲੀ ਨੇੜ੍ਹੇ ਇੱਕ ਪੰਜਾਬੀ ਨੌਜਵਾਨ ਵੱਲੋਂ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਦੁੱਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮੱਖਣ ਸਿੰਘ (42 ਸਾਲਾ, ਸ਼ਹੀਦ ਭਗਤ ਸਿੰਘ ਨਗਰ) ਪਿਛਲੇ ਕਰੀਬ ਡੇਢ -ਦੋ ਦਹਾਕਿਆਂ ਤੋਂ ਇਟਲੀ ਵਿੱਚ ਆਪਣੇ ਪਰਿਵਾਰ ਨਾਲ ਜਿੰਦਗੀ ਬਤੀਤ ਕਰ ਰਿਹਾ ਸੀ। ਉਸ ਦਾ ਕੰਮਕਾਰ ਵੀ ਵਧੀਆ ਸੀ, ਪਰ ਫਿਰ ਵੀ ਪਤਾ ਨਹੀਂ ਕਿਉਂ ਬੀਤੇ ਦਿਨ ਉਸ ਨੇ ਆਪਣੇ ਆਪ ਨੂੰ ਫਾਹਾ ਲਗਾ ਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਐਂਬੂਲਸ, ਇਟਲੀ ਦੀ ਪੁਲਿਸ ਯੂਨਿਟ ਕਾਰਾਬਿਨੇਰੀ ਅਤੇ ਮਾਨਵਤਾ ਪ੍ਰਤੀ ਕੰਮ ਕਰਨ ਵਾਲੇ ਸੰਗਠਨ, ਵਲੰਟੀਅਰਜ਼ ਘਟਨਾ ਸਥਲ ਉੱਤੇ ਪਹੁੰਚ ਗਏ। ਜਦੋਂ ਤੱਕ ਸਹਾਇਤਾ ਮੱਖਣ ਸਿੰਘ ਤੱਕ ਪਹੁੰਚੀ ਉਸ ਸਮੇਂ ਤੱਕ ਮੱਖਣ ਸਿੰਘ ਦੀ ਮੌਤ ਹੋ ਚੁੱਕੀ ਸੀ। ਸਥਾਨਕ ਪੁਲਿਸ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਕਿ ਆਖ਼ਿਰ ਕਿਉਂ ਉਸ ਨੇ ਆਤਮਹੱਤਿਆ ਕੀਤੀ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਮੱਖਣ ਸਿੰਘ ਵੱਲੋਂ ਕੀਤੀ ਆਤਮ ਹੱਤਿਆ ਇੱਕ ਰਹੱਸ ਬਣੀ ਹੋਈ ਹੈ। ਉਹ ਆਪਣੇ ਪਿੱਛੇ ਵਿਧਵਾ ਪਤਨੀ, ਦੋ ਬੱਚੇ ਅਤੇ ਬਜੁਰਗ ਮਾਂ ਨੂੰ ਛੱਡ ਗਿਆ। ਇਲਾਕੇ ਵਿੱਚ ਇਸ ਅਣਹੋਣੀ ਕਾਰਨ ਮਾਤਮ ਛਾਇਆ ਹੋਇਆ ਹੈ।