‘ਓਪਨ ਹਾਊਸ’ ਤਹਿਤ ਭਾਰਤੀ ਲੈ ਸਕਦੇ ਹਨ ਅੰਬੈਸੀ ਸੇਵਾਵਾਂ ਦਾ ਲਾਭ – ਸਰੂਚੀ ਸ਼ਰਮਾ

ਬਿਨ੍ਹਾਂ ਪਾਸਪੋਰਟ ਦਾ ਮੁੱਦਾ ਵੀ ਲਿਆਂਦਾ ਸਾਹਮਣੇ

s-sharma2ਲਵੀਨੀਓ (ਇਟਲੀ) 14 ਮਈ (ਸਾਬੀ ਚੀਨੀਆਂ) – ਇਟਲੀ ਰਹਿ ਕੇ ਜੀਵਨ ਬਤੀਤ ਕਰ ਰਹੇ ਭਾਰਤੀ, ਅੰਬੈਸੀ ਦੁਆਰਾ ਚਲਾਈ ਗਈ ‘ਓਪਨ ਹਾਊਸ’ ਮੀਟਿੰਗ ਤਹਿਤ ਅੰਬੈਸੀ ਅਧਿਕਾਰੀਆਂ ਨੂੰ ਮਿਲਕੇ ਆਪਣੇ ਮਸਲਿਆਂ ਦਾ ਹੱਲ ਕਰਵਾ ਸਕਦੇ ਹਨ, ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਚੀ ਸ਼ਰਮਾ ਫਸਟ ਸੈਕਟਰੀ ਭਾਰਤੀ ਅੰਬੈਸੀ ਰੋਮ ਨੇ ਇਥੋਂ ਦੇ ਕਸਬਾ ਲਵੀਨੀਓ ਵਿਖੇ ਸਿੱਖ ਕਮਿਨਊਟੀ ਦੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਸਥਾਨਕ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ, ਉਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਯੋਗ ਹੱਲ ਲੱਭਣ ਲਈ ਰੋਮ ਅੰਬੈਸੀ ਵਿਖੇ ਹਰ ਬੁੱਧਵਾਰ 3 ਤੋਂ ਸ਼ਾਮ 5 ਵਜੇ ਤੱਕ ਇਕ ਓਪਨ ਹਾਊਸ ਮੀਟਿੰਗ ਦੀ ਮੁਹਿੰਮ ਆਰੰਭੀ ਹੈ, ਜਿਸ ਵਿਚ ਬਿਨਾਂ ਕਿਸੇ ਅਗਾਹੂ ਜਾਣਕਾਰੀ ਦੇ ਸਿੱਧੇ ਤੌਰ ‘ਤੇ ਆਪਣੀਆਂ ਮੁਸ਼ਕਿਲਾਂ ਲੈਕੇ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹੋ। ਇਸ ਲਈ ਕਿਸੇ ਤਰ੍ਹਾਂ ਦੀ ਅਗਾਹੂ ਮਨਜੂਰੀ ਲੈਣ ਦੀ ਵੀ ਲੋੜ ਨਹੀਂ।
ਇਸ ਮੌਕੇ ਭਾਈਚਾਰੇ ਦੇ ਆਗੂਆਂ ਵੱਲੋਂ ਇਟਲੀ ਦਾ ਵੀਜਾ ਲੈਣ ਮੌਕੇ ਦਿੱਲੀ ਵਿਖੇ ਇਟਲੀ ਅੰਬੈਸੀ ਵੱਲੋਂ ਭਾਰਤੀਆਂ ਨਾਲ ਕੀਤੇ ਜਾ ਰਹੇ ਦੁਰਵਿਹਾਰ ਤੇ ਵੀਜੇ ਦੇਣ ਵਿਚ ਕੀਤੀ ਜਾ ਰਹੀ ਦੇਰੀ ਵਾਲਾ ਮੁੱਦਾ ਵੀ ਅਧਿਕਾਰੀਆਂ ਦੇ ਸਾਹਮਣੇ ਰੱਖਿਆ ਗਿਆ। ਦੱਸਣਯੋਗ ਹੈ ਕਿ ਇਟਲੀ ‘ਚ ਕੋਈ 20 ਹਜਾਰ ਦੇ ਕਰੀਬ ਪੰਜਾਬੀ ਨੌਜਵਾਨ ਅਜਿਹੇ ਵੀ ਹਨ, ਜਿਨ੍ਹਾਂ ਕੋਲ ਪੱਕੇ ਪੇਪਰ ਨਾ ਹੋਣ ਦੀ ਸੂਰਤ ਵਿਚ ਉਨ੍ਹਾਂ ਦੇ ਪਾਸਪੋਰਟ ਅੰਬੈਸੀ ਵੱਲੋਂ ਰੀਨਿਊ ਨਹੀਂ ਕੀਤੇ ਜਾ ਰਹੇ। ਜਿਸ ਲਈ ਸਥਾਨਕ ਆਗੂਆਂ ਵੱਲੋਂ ਵਾਰ ਵਾਰ ਅੰਬੈਸੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਪਰ ਇਸ ਦਾ ਕੋਈ ਯੋਗ ਹੱਲ ਨਹੀਂ ਨਿਕਲਦਾ ਦਿਸਦਾ। ਇਸ ਮੌਕੇ ਇਟਲੀ ਦੀਆਂ ਕਈ ਪ੍ਰਮੁੱਖ ਸਖ਼ਸ਼ੀਅਤਾਂ ਮੌਜੂਦ ਸਨ।