ਕਤਲ ਹੋਏ ਅਮਨਦੀਪ ਸਿੰਘ ਦੇ ਦੋ ਕਾਤਲ ਪੁਲਿਸ ਵੱਲੋਂ ਗ੍ਰਿਫ਼ਤਾਰ

asinghਬੈਰਗਾਮੋ (ਇਟਲੀ) (ਪੰਜਾਬ ਐਕਸਪ੍ਰੈੱਸ) – ਇਕ ਕਾਰ ਦੀ ਅੱਗ ਨੇ ਅਜਿਹਾ ਭਾਂਭੜ ਬਾਲਿਆ, ਜਿਸ ਨੂੰ ਕਾਰ ਮਾਲਕ ਨੇ ਅੱਗ ਦਾ ਦੋਸ਼ੀ ਮੰਨ ਕੇ ਇਕ ਨੌਜਵਾਨ ਦੇ ਖੂਨ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਹ ਖੂਨ ਹੋਇਆ ਹੈ ਐਤਵਾਰ ਦੀ ਰਾਤ ਨੂੰ ਤਕਰੀਬਨ 10 ਵਜੇ ਵੀਆ ਸਪਾਮਪਾਤੀ ਅਲ ਬਾਤੋਲੀਨੋ (ਪਾਲੋਸਕੋ) ਦੇ ਰਹਿਣ ਵਾਲੇ 22 ਸਾਲਾ ਅਮਨਦੀਪ ਸਿੰਘ ਦਾ। ਇਸ ਹਾਦਸੇ ਨੂੰ ਅਜੇ ਪੁਲਿਸ ਵੱਲੋਂ ਭਾਰਤੀਆਂ ਦੇ ਗਰੁੱਪਾਂ ਵਿਚ ਪਹਿਲਾਂ ਤੋਂ ਚੱਲ ਰਹੀ ਲੜਾਈ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜਿਸ ਤਹਿਤ ਗੋਲੀ ਮਾਰ ਕੇ ਕਾਰ ਨੂੰ ਅੱਗ ਲਾਉਣ ਦਾ ਦੋਸ਼ੀ ਸਮਝ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਪਹਿਲਾਂ ਅਮਨਦੀਪ ਬਾਰਤੋਲੀਨੀ ਵਿਚ ਇਕ ਕੋਰੀਅਰ ਤਹਿਤ ਕੰਮ ਕਰਦਾ ਸੀ, ਜਦਕਿ ਪਿਛਲੇ ਢੇਡ ਸਾਲ ਤੋਂ ਇਤਾਲਤਰਾਂਸ ਕਾਲਚੋ ਨਾਲ ਕੰਮ ਕਰ ਰਿਹਾ ਸੀ।
ਇਸ ਹੀ ਖੇਤਰ ਵਿਚ ਪੁੱਛ ਪੜ੍ਹਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਤਕਰੀਬਨ ਇਕ ਮਹੀਨਾ ਪਹਿਲਾਂ ਅਮਨਦੀਪ ਸਿੰਘ ਦੀ ਆਪਣੇ ਖਾਸ ਦੋਸਤਾਂ ਨਾਲ ਕਿਸੇ ਗੱਲ ਤੋਂ ਬਹੁਤ ਲੜਾਈ ਝਗੜਾ ਹੋਇਆ ਸੀ। ਉਨ੍ਹਾਂ ਵਿਚੋਂ ਇਕ ਭਾਰਤੀ ਨੌਜਵਾਨ ਪ੍ਰਿੰਸ ਨਾਲ ਖਾਸ ਤੌਰ ‘ਤੇ ਉਸਦੀ ਕਾਰ ਸੜ ਜਾਣ ਕਾਰਨ ਝਗੜਾ ਹੋਇਆ ਸੀ, ਕਿਉਂਕਿ ਪ੍ਰਿੰਸ ਕਾਰ ਸੜ੍ਹਨ ਦਾ ਦੋਸ਼ੀ ਅਮਨਦੀਪ ਸਿੰਘ ਨੂੰ ਮੰਨ ਰਿਹਾ ਸੀ। ਐਤਵਾਰ, 10 ਸਤੰਬਰ ਨੂੰ ਰਾਤ ਤਕਰੀਬਨ 10 ਵਜੇ ਤਕਰੀਬਨ ਚਾਰ ਕਾਰਾਂ ਵਿਚ, ਜਿਸ ਵਿਚ ਬੀਐਮਡਬਲੂ ਵੀ ਸ਼ਾਮਿਲ ਸੀ, ਜੋ ਕਿ ਬਾਅਦ ਵਿਚ ਪੁਲਿਸ ਨੂੰ ਸੁੰਨਸਾਨ ਜਗ੍ਹਾ ਤੋਂ ਬਰਾਮਦ ਹੋਈ, ਅਮਨਦੀਪ ਦੇ ਘਰ ਦੀ ਬਾਲਕਾਨੀ ਦੇ ਹੇਠਾਂ ਪਹੁੰਚੇ ਭਾਰਤੀ ਨੌਜਵਾਨਾਂ ਨੇ ਅਮਨਦੀਪ ਸਿੰਘ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ।
ਹਮਲਾਵਰ ਨੌਜਵਾਨ, ਅਮਨਦੀਪ ਸਿੰਘ ਦੇ ਘਰ ਦੀ ਬਾਲਕੋਨੀ ਦੇ ਹੇਠਾਂ ਪਾਰਕ ਵਿਚ ਖੜੇ ਸਨ, ਜਦਕਿ ਅਮਨਦੀਪ ਸਿੰਘ ਦੂਸਰੀ ਮੰਜਿਲ ਵਿਚ ਆਪਣੇ ਘਰ ਦੀ ਬਾਲਕਾਨੀ ਵਿਚ ਖੜ੍ਹਾ ਸੀ। ਹੇਠਾਂ ਖੜ੍ਹੇ ਨੌਜਵਾਨਾਂ ਨੇ ਪਹਿਲਾਂ ਅਮਨਦੀਪ ਸਿੰਘ ਨਾਲ ਗਾਲੀ ਗਲੌਚ ਕੀਤੀ, ਅਤੇ ਉਪਰੰਤ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਆਸਪਾਸ ਦੇ ਘਰਾਂ ਦੇ ਲੋਕਾਂ ਨੇ ਵੀ ਕਈ ਗੋਲੀਆਂ ਦੀ ਅਵਾਜ ਸੁਣੀ, ਇਕ ਗੋਲੀ ਅਮਨਦੀਪ ਸਿੰਘ ਦੇ ਖੱਬੇ ਮੋਢੇ ਵਿਚ ਜਾ ਲੱਗੀ, ਜੋ ਕਿ ਦਿਲ ਦੇ ਬਹੁਤ ਨਜਦੀਕ ਵੱਜੀ ਸੀ। ਉਸ ਸਮੇਂ ਕੁਝ ਹੋਸ਼ ਵਿਚ ਅਮਨਦੀਪ ਸਿੰਘ ਨੇ ਖੁਦ ਹੀ ਮਦਦ ਲਈ ਹਸਪਤਾਲ ਨੂੰ ਫੋਨ ਕੀਤਾ, ਜਦਕਿ ਪਲ੍ਹ ਪਲ੍ਹ ਵਿਚ ਹੀ ਉਸਦੀ ਹਾਲਤ ਕਾਫੀ ਖਰਾਬ ਹੋ ਰਹੀ ਸੀ, ਹਸਪਤਾਲ ਪਹੁੰਚਣ ਤੱਕ ਅਮਨਦੀਪ ਸਿੰਘ ਦੀ ਮੌਤ ਗੋਲੀ ਲੱਗਣ ਕਾਰਨ ਹੋ ਗਈ।
ਅਮਨਦੀਪ ਸਿੰਘ ਦੇ ਕਤਲ ਦੇ ਦੋਸ਼ੀ ਦੋ ਭਾਰਤੀਆਂ 28 ਸਾਲਾ ਬੀ ਐਸ ਅਤੇ 30 ਸਾਲਾ ਬਖਸ਼ੀਸ਼ ਸਿੰਘ ਨੂੰ ਇਟਲੀ ਦੀ ਪੁਲਿਸ ਯੂਨਿਟ ਕਾਰਾਬਿਨੇਰੀ ਨੇ ਤਰੇਵੀਲੀਓ ਵਿਖੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਕਾਰ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਇਕ ਕੁਲਹਾੜੀ ਵੀ ਬਰਾਮਦ ਕੀਤੀ ਹੈ। ਫਿਲਹਾਲ ਦੋਸ਼ੀ ਬੈਰਗਾਮੋ ਦੀ ਜੇਲ੍ਹ ਵਿਚ ਹਨ ਅਤੇ ਅਗਲੀ ਕਾਰਵਾਈ ਜਾਰੀ ਹੈ।