ਕਰਮਚਾਰੀ ਯੂਨੀਅਨ ਐਸ ਆਈ ਕੋਬਾਸ ਦੇ ਕਰਮਚਾਰੀ ਮੰਗਾਂ ਨੂੰ ਲੈਕੇ ਉੱਤਰੇ ਰੋਮ ਦੀਆਂ ਸੜਕਾਂ ‘ਤੇ

ਅੰਤਾਂ ਦੀ ਠੰਡ ਵਿੱਚ ਵੀ ਕੀਤਾ ਸਰਕਾਰ ਵਿਰੋਧ ਵਿਸ਼ਾਲ ਰੋਸ ਮੁਜ਼ਾਹਰਾ

cobasਰੋਮ (ਇਟਲੀ) 28 ਫਰਵਰੀ (ਕੈਂਥ) – ਕਰਮਚਾਰੀ ਜਿਸ ਮਰਜ਼ੀ ਦੇਸ਼ ਦੇ ਹੋਣ, ਉਨ੍ਹਾਂ ਦਾ ਸੋਸ਼ਣ ਹਾਕਮ ਜਮਾਤਾਂ ਤੇ ਮੌਕੇ ਦੀਆਂ ਸਰਕਾਰਾਂ ਮੁੱਢ ਤੋਂ ਹੀ ਕਰਦੀਆਂ ਆਈਆਂ ਹਨ, ਜਿਸ ਕਾਰਨ ਕਈ ਵਾਰ ਵਿਚਾਰੇ ਕਰਮਚਾਰੀਆਂ ਨੂੰ ਆਪਣੇ ਪਰਿਵਾਰ ਲਈ ਦੋ ਵਕਤ ਦੀ ਰੋਟੀ -ਰੋਜ਼ੀ ਦੇਣਾ ਪਹਾੜ ਵਾਂਗ ਲੱਗਣ ਲੱਗਦਾ ਹੈ, ਪਰ ਇਟਲੀ ਦੇ ਕਰਮਚਾਰੀਆਂ ਦੀ ਪ੍ਰਸਿੱਧ ਸੰਸਥਾ ਐਸ ਆਈ ਕੋਬਾਸ ਨੇ ਹਮੇਸ਼ਾਂ ਹੀ ਹਾਕਮ ਟੋਲੇ ਅਤੇ ਮੌਕੇ ਦੀਆਂ ਸਰਕਾਰਾਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਸ ਵਾਰ ਬੀਤੇ ਦਿਨ ਜਿੱਥੇ ਪੂਰੇ ਇਟਲੀ ਵਾਸੀ ਪੈ ਰਹੀ ਧੜਾਧੜ ਬਰਫ਼ ਤੋਂ ਬਚਣ ਲਈ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ, ਉੱਥੇ ਇਸ ਸੰਸਥਾ ਦੇ 5000 ਤੋਂ ਵੱਧ ਇਟਲੀ ਭਰ ਤੋਂ ਕਰਮਚਾਰੀਆਂ ਨੇ ਇਟਾਲੀਅਨ ਸਰਕਾਰ ਖਿਲਾਫ਼ ਰਾਜਧਾਨੀ ਰੋਮ ਦੀਆਂ ਸੜਕਾਂ ਤੇ ਉੱਤਰ ਕੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਤੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ, ਜੇਕਰ ਉਨ੍ਹਾਂ ਦੇ ਹੱਕਾਂ ਨੂੰ ਅਣਗੋਲਿਆ ਕੀਤਾ ਗਿਆ ਤਾਂ ਸੰਸਥਾ ਆਪਣੇ ਸੰਘਰਸ਼ ਨੂੰ ਪਹਿਲਾਂ ਤੋਂ ਵੀ ਹੋਰ ਤਿੱਖਾ ਕਰ ਦੇਵੇਗੀ। ਸੰਸਥਾ ਦੀ ਮੰਗ ਹੈ ਕਿ ਕੁਝ ਸਰਕਾਰੀ ਤੇ ਸਹਿਕਾਰੀ ਉਦਯੋਗਕ ਫਾਰਮਾਂ ਕਰਮਚਾਰੀਆਂ ਤੋਂ ਕੰਮ ਜ਼ਿਆਦਾ ਲੈਂਦੀਆਂ ਹਨ ਤੇ ਮਿਹਨਤਾਨਾ ਘੱਟ ਦਿੰਦੀਆਂ ਹਨ, ਕੁਝ ਪੇਪਰਾਂ ਵਿੱਚ ਮਿਹਨਤਾਨਾ ਵੱਧ ਦਿਖਾਉਂਂਦੀਆਂ ਹਨ ਤੇ ਦਿੰਦੀਆਂ ਘੱਟ ਹਨ। ਅਜਿਹੀਆਂ ਗਤੀਵਿਧੀਆਂ ਕਾਰਨ ਇੰਡਸਟਰੀ ਘਾਟੇ ਵਿੱਚ ਜਾ ਰਹੀ ਹੈ, ਕਿਉਂਕਿ ਕਰਮਚਾਰੀਆਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਐਸ ਆਈ ਕੋਬਾਸ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁਹਿੰਮ ਉਸ ਸਮੇਂ ਵਿੱਢੀ ਗਈ ਜਦੋਂ ਇਟਲੀ ਦੀ ਨਵੀਂ ਸਰਕਾਰ ਬਣਨ ਜਾ ਰਹੀ ਹੈ, ਕਿਉਂਕਿ 4 ਮਾਰਚ ਨੂੰ ਇਟਲੀ ਵਿੱਚ ਸਰਕਾਰ ਬਨਾਉਣ ਲਈ ਵੋਟਾਂ ਪੈ ਰਹੀਆਂ ਹਨ। ਇਨਾਂ ਵੋਟਾਂ ਵਿੱਚ ਜਿਹੜੀ ਨਵੀ ਸਰਕਾਰ ਬਣੇਗੀ, ਉਸ ਲਈ ਇਹ ਮੁਜ਼ਾਹਰਾ ਵਿਸ਼ੇਸ਼ ਧਿਆਨ ਉਨਾਂ ਵੱਲ ਖਿੱਚੇਗਾ ਤੇ ਸਰਕਾਰ ਨੂੰ ਮੰਗਾਂ ਪ੍ਰਤੀ ਸੰਜੀਦਾ ਸੋਚਣ ਲਈ ਪ੍ਰੇਰਿਤ ਕਰੇਗਾ। ਇਸ ਰੋਸ਼ ਮੁਜ਼ਾਹਰੇ ਵਿੱਚ ਇਟਲੀ ਦੀ ਪੀ ਡੀ ਪਾਰਟੀ ਤੇ ਸੀ ਜੀ ਆਈ ਐਲ ਸੰਸਥਾ ਦੀ ਵੀ ਨਿਖੇਧੀ ਕੀਤੀ ਗਈ ਤੇ ਕਿਹਾ ਗਿਆ ਕਿ, ਇਨਾਂ ਸੰਸਥਾਵਾਂ ਵਿੱਚ ਕੁਝ ਲੋਕ ਵਿਰੋਧੀ ਕਾਰਵਾਈਆਂ ਕਰ ਰਹੇ ਹਨ। ਕਿਆਫੇ ਲਗਾਏ ਜਾ ਰਹੇ ਹਨ ਇਟਲੀ ਦੀ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਐਸ ਆਈ ਕੋਬਾਸ ਵੱਲੋਂ ਕਰਮਚਾਰੀਆਂ ਦੇ ਹੱਕਾਂ ਨੂੰ ਲੈਕੇ ਕੀਤਾ ਇਹ ਵਿਸ਼ਾਲ ਰੋਸ਼ ਮੁਜ਼ਾਹਰਾ ਰਾਜਨੀਤੀ ਵਿੱਚ ਕਈ ਤਰ੍ਹਾਂ ਦੇ ਫੇਰ ਬਦਲ ਕਰ ਸਕਦਾ ਹੈ।