ਕਿਉਂ ਲਿਖਣਾ ਪੈਂਦੈ ‘ਪੁੱਤ ਸਰਦਾਰਾਂ ਦੇ’

ਗੁਰੂ ਨਾਨਕ ਮਲਟੀਵਰਸਿਟੀ ਦੁਆਰਾ ਅਪਣਾਏ ਬੱਚਿਆਂ ਨੇ ਸੰਗਤਾਂ ਦੀਆਂ ਅੱਖਾਂ ਨਮ ਕੀਤੀਆਂ

ਮੇਰੀ ਤਮੰਨਾਂ ਹੈ ਕਿ ਸਿੱਖ ਬੱਚੇ ਆਈਏਐਸ, ਪੀਸੀਐਸ, ਜੱਜ ਤੇ ਹੋਰ ਅਫਸਰ ਬਣਨ – ਭਾਈ ਜਸਵਿੰਦਰ ਸਿੰਘ

altਬਠਿੰਡਾ, 8 ਜੁਲਾਈ, (ਬਿੱਟੂ ਗਰਗ, ਨਾਰਾਇਣ ਸਿੰਘ) – ਅੱਜ ਸਥਾਨਿਕ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਸੁਕ੍ਰਿਤ ਟਰੱਸਟ (ਗੁਰੂ ਨਾਨਕ ਮਲਟੀਵਰਸਿਟੀ) ਦੇ ਸੰਸਥਾਪਕ, ਪੰਥ ਰਤਨ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੀ ਚਲਾਈ ਗਰੀਬ ਬੱਚਿਆਂ ਨੂੰ ਸਿੱਖਿਆ ਦੀ ਲਹਿਰ ਨੂੰ ਅੱਗੇ ਤੋਰਦੇ ਹੋਏ ਭਾਈ ਜਸਵਿੰਦਰ ਸਿੰਘ ਯੂ ਕੇ ਵਾਲਿਆਂ ਨੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤਾ ਕੀਤੀ ਜਿਸ ਵਿੱਚ ਸੰਸਥਾ ਦੁਆਰਾ ਅਪਣਾਏ ਬੱਚਿਆਂ ਨੇ ਕੀਰਤਨ, ਕਥਾ, ਕਵਿਤਾਵਾਂ ਆਦਿ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਾਈ ਜਸਵਿੰਦਰ ਸਿੰਘ ਯੂਕੇ ਨੇ ਦੱਸਿਆ ਕਿ ਕੀ ਕਾਰਨ ਹੈ ਕਿ ਅੱਜ ਅੰਗਰੇਜ਼ ਸਿੱਖੀ ਧਾਰਨ ਕਰ ਰਹੇ ਹਨ ਪਰ ਸਿੱਖੀ ਦਾ ਘਰ ਪੰਜਾਬ ਸਿੱਖੀ ਤੋਂ ਵਿਰਵਾ ਹੋ ਰਿਹਾ ਹੈ? ਉਨ੍ਹਾਂ ਆਪਣੀ ਵਿੱਥਿਆ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਵੀ ਬਹੁਤ ਗਰੀਬੀ ਸੀ ਪਰ ਉਸਦੀ ਮਾਂ ਨੇ ਉਸਨੂੰ ਸਿੱਖੀ ਦੀ ਗੁੜ੍ਹਤੀ ਦਿੱਤੀ ਸੀ ਜਿਸ ਕਾਰਨ ਉਸਨੂੰ ਆਪਣੇ ਗੁਰੂ ਉੱਪਰ ਪੂਰਨ ਭਰੋਸਾ ਹੋਣ ਕਾਰਨ ਗੁਰਬਾਣੀ ਨਾਲ ਜੁੜਿਆ ਰਿਹਾ ਤੇ ਅੱਜ ਉਸਦੀ ਯੂਕੇ ਵਿਖੇ ਇੱਕ ਦਿਨ ਦੀ ਕਮਾਈ 3 ਲੱਖ ਰੁਪੈ ਹੈ। ਉਸਦੇ ਬੱਚੇ ਵੀ ਉੱਚ ਅਹੁਦਿਆਂ ਉੱਪਰ ਕੰਮ ਕਰਦੇ ਹਨ ਤੇ ਅੰਗਰੇਜ਼ ਵੀ ਉਨ੍ਹਾਂ ਦਾ ਜੀਵਨ ਦੇਖਕੇ ਸਿੱਖ ਬਣ ਰਹੇ ਹਨ। ਅੱਜ ਵਿਦੇਸ਼ ਵਿੱਚ ਢਾਈ ਤਿੰਨ ਲੱਖ ਅੰਗਰੇਜ਼ ਸਿੱਖੀ ਧਾਰਨ ਕਰ ਚੁੱਕੇ ਹਨ ਤੇ ਗੁਰਮੁਖੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਜ ਬਾਣੀ ਨਾਲੋਂ ਟੁੱਟ ਚੁੱਕੇ ਹਾਂ ਇਸ ਲਈ ਹੀ ਖੁਆਰ ਹੋ ਰਹੇ ਹਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਦੁਸ਼ਵਾਰੀਆਂ ਝੱਲ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਸਾਡੇ ਬਹੁਤੇ ਪ੍ਰਚਾਰਕ ਤੇ ਬਾਬੇ ਸਾਨੂੰ ਗੁਰਬਾਣੀ ਤੋਂ ਦੂਰ ਰੱਖਣ ਲਈ ਪਾਪ ਲੱਗਣ ਦਾ ਡਰ ਦਿੰਦੇ ਹਨ ਪਰ ਉਨ੍ਹਾਂ ਦੱਸਿਆ ਕਿ ਕੋਈ ਪਾਪ ਨਹੀਂ ਲਗਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਦਰਸ਼ਨ ਭਾਵ ਇੱਕ ਇੱਕ ਅੱਖਰ ਪੜ੍ਹਨ, ਸਮਝਣ ਅਤੇ ਆਪਣੇ ਜੀਵਨ ਵਿੱਚ ਢਾਲਣ ਤੋਂ ਬਿਨ੍ਹਾਂ ਗੁਜ਼ਾਰਾ ਨਹੀਂ ਹੋਣਾ। ਇਸ ਤੋਂ ਪਹਿਲਾਂ ਸੰਸਥਾ ਦੇ ਬੱਚਿਆਂ ਨਵਜੋਤ ਕੌਰ, ਮਨਜੀਤ ਕੌਰ ਅਤੇ ਪ੍ਰਦੀਪ ਸਿੰਘ ਨੇ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਜਗਜੋਤ ਕੌਰ ਜਗਰਾਉਂ ਨੇ ਆਪਣੇ ਘਰ ਦੀਆਂ ਦੁਸ਼ਵਾਰੀਆਂ ਦੱਸੀਆਂ ਅਤੇ ਦੱਸਿਆ ਕਿ ਘਰ ਵਿੱਚ ਅਤਿ ਦੀ ਗਰੀਬੀ ਦੇ ਬਾਵਜ਼ੂਦ ਉਸਨੇ ਗੁਰਬਾਣੀ ਨਾਲ ਜੁੜਨ ਤੋਂ ਬਾਅਦ ਉੱਚ ਵਿਦਿਆ ਵੀ ਪ੍ਰਾਪਤ ਕੀਤੀ ਤੇ ਅੱਜ ਉਹ ਵਿਦੇਸ਼ ਵੀ ਜਾ ਆਈ ਹੈ ਜਿਸ ਨਾਲ ਸੰਗਤਾਂ ਦੀਆਂ ਅੱਖਾਂ ਨਮ ਹੋ ਗਈਆਂ। ਇੱਕ ਬੱਚੇ ਗੁਰਤੇਜ ਸਿੰਘ ਪਟਿਆਲਾ ਨੇ ਕਵਿਤਾ ਪੜ੍ਹੀ ‘ਕਿਉਂ ਲਿਖਣਾ ਪੈਂਦਾ ਪੁੱਤ ਸਰਦਾਰਾਂ ਦੇ’ ਜਿਸ ਨੇ ਅੱਜ ਦੀ ਸਿੱਖੀ ਦੀ ਸੂਰਤ ਸਾਹਮਣੇ ਰੱਖੀ ਤੇ ਸੰਗਤਾਂ ਦੇ ਦਿਲ ਹਲੂਣ ਦਿੱਤੇ। ਭਾਈ ਜਸਵਿੰਦਰ ਸਿੰਘ ਨੇ ‘ਐਜੂਕੇਟ ਪੰਜਾਬ ਪ੍ਰੋਜੈਕਟ’ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤੇ ਕਿਹਾ ਕਿ ਜੋ ਗਰੀਬ ਬੱਚੇ ਉੱਚ ਵਿਦਿਆ ਹਾਸਿਲ ਕਰਨਾ ਚਾਹੁੰਦੇ ਹਨ ਤੇ ਫੀਸ ਨਹੀਂ ਭਰ ਸਕਦੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕਰਨ ਤੇ ਸਿੱਖੀ ਸਰੂਪ ਧਾਰਨ ਕਰਨ, ਗੁਰੂ ਉਨ੍ਹਾਂ ਉੱਪਰ ਕਿਰਪਾ ਕਰੇਗਾ ਤੇ ਸੰਸਥਾ ਵੱਲੋਂ ਸਹਿਯੋਗ ਕਰਕੇ ਉਨ੍ਹਾਂ ਦਾ ਮਨੋਰਥ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਸ਼ਹਿਰ ਦੇ ਕਈ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਨੇ ਸਮਾਗਮ ਦਾ ਆਨੰਦ ਮਾਣਿਆ ਤੇ ਸ਼੍ਰੀ ਸਹਿਜ ਪਾਠ ਆਰੰਭ ਕਰਨ ਦੀ ਇੱਛਾ ਪ੍ਰਗਟ ਕੀਤੀ ਜਿਨ੍ਹਾਂ ਦੇ ਨਾਮ ਦਰਜ਼ ਕਰ ਲਏ ਹਨ ਤੇ ਭਾਈ ਜਸਵਿੰਦਰ ਸਿੰਘ ਨੇ ਉਨ੍ਹਾਂ ਨੂੰ ਜਲਦ ਹੀ ਪੋਥੀਆਂ ਭੇਜਣ ਦਾ ਭਰੋਸਾ ਦਿੱਤਾ। ਇਸ ਮੌਕੇ ਉੱਘੇ ਵਿਦਵਾਨ ਭਾਈ ਕਿਰਪਾਲ ਸਿੰਘ ਨੇ ਗੁਰਬਾਣੀ ਸੰਥਿਆ ਲਈ ਵੈਬਸਾਈਟ eykqUhI[kfm` (ektuhi[com) aqy `vrlziswKlfeIv[kfm (forldsikhlive[com) ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਹੋਰ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ। ਬਾਅਦ ਵਿੱਚ ਹੈਡ ਗ੍ਰੰਥੀ ਭਾਈ ਭਗਵੰਤ ਸਿੰਘ ਨੇ ਭਾਈ ਜਸਵਿੰਦਰ ਸਿੰਘ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਉਪਰੰਤ ਬਰੈਡ ਤੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ।