ਕੈਪਟਨ ਵੱਲੋਂ ਕਰਜ਼ ਮੁਆਫ਼ੀ ਸ਼ੁਰੂਆਤ ਮੌਕੇ ਕਿਸਾਨ ਜਥੇਬੰਦੀਆਂ ਨੇ ਕੀਤਾ ਘਿਰਾਓ ਕਰਨ ਦਾ ਫੈਸਲਾ

kisanਭਦੌੜ, 5 ਜਨਵਰੀ (ਸਾਹਿਬ ਸੰਧੂ) – ਪਿਛਲੇ ਲੰਮੇ ਸਮੇ ਤੋਂ ਕਿਸਾਨਾਂ ਦੀ ਕਰਜ਼ ਮੁਆਫ਼ੀ ਦੀ ਉਠਦੀ ਆ ਰਹੀ ਮੰਗ ਤੇ ਪੰਜਾਬ ਸਰਕਾਰ ਦੁਆਰਾ ਕਰਜ਼ ਮੁਆਫ਼ੀ ਦੇ ਕਿਸਾਨਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ ਪਰ ਕਿਸਾਨਾਂ ਨੂੰ ਇਹ ਕਰਜ਼ ਮੁਆਫ਼ੀ ਨੀਤੀ ਰਾਸ ਨਹੀਂ ਆ ਰਹੀ ਤੇ ਕਿਸਾਨਾਂ ਨੇ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਦਾ ਘਿਰਾਓ ਕਰਨ ਦੀ ਗੱਲ ਆਖ਼ੀ ਹੈ।
ਵਿਧਾਨ ਸਭਾ ਚੋਣਾਂ ਦੌਰਾਨ ਵੱਡੇ ਵਾਅਦੇ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਨੇ ਕਿਸਾਨ ਕਰਜ਼ ਮੁਆਫੀ ਲਈ ਜਾਂਚ ਤੋਂ ਬਾਅਦ 5.63 ਲੱਖ ਕਿਸਾਨਾਂ ਦੀ ਸੂਚੀ ਜਾਰੀ ਕੀਤੀ ਹੈ ਹਾਲਾਂਕਿ ਇਹ ਸੂਚੀ ਬੀਤੇ ਵਰ੍ਹੇ ਦਿੱਤੇ ਗਏ ਪ੍ਰਸਤਾਅ ਜਿਸ ਵਿਚ 10 ਲੱਖ ਕਿਸਾਨਾਂ ਦੇ ਕਰਜ਼ ਮੁਆਫੀ ਦਾ ਜ਼ਿਕਰ ਕੀਤਾ ਗਿਆ ਸੀ ਨਾਲੋਂ ਕਿੱਤੇ ਘੱਟ ਹੈ। ਕਰਜ਼ਾ ਮੁਆਫੀ ਦੀ ਸ਼ੁਰੂਆਤ 7 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਮਾਨਸਾ ਤੋਂ ਕਰਨ ਜਾ ਰਹੇ ਹਨ। 170 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵਿਚ 46000 ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਇਨ੍ਹਾਂ ਵਿਚ ਪੰਜ ਜ਼ਿਲਿਆਂ ਮਾਨਸਾ, ਮੋਗਾ, ਮੁਕਤਸਰ, ਬਠਿੰਡਾ ਅਤੇ ਫਰੀਦਕੋਟ ਦੇ ਕਿਸਾਨ ਸ਼ਾਮਲ ਹਨ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਗੁਰਚਰਨ ਸਿੰਘ, ਦਰਸ਼ਨ ਸਿੰਘ, ਕਾਲਾ ਸਿੰਘ, ਗੁਰਦੇਵ ਸਿੰਘ, ਸਾਧੂ ਸਿੰਘ ਨੇ ਦੱਸਿਆ ਕਿ ਸਾਡੀ ਜੱਥੇਬੰਦੀ ਮਾਨਸਾ ਵਿਖੇ ਮੁੱਖ ਮੰਤਰੀ ਦਾ ਘਿਰਾਓ ਕਰੇਗੀ ਤੇ ਪੂਰਨ ਕਰਜ਼ ਮੁਆਫ਼, ਫ਼ਸਲੀ ਮੁਆਵਜ਼ਾ, ਖੁਦਕੁਸ਼ੀ ਮੁਆਵਜਾ ਨੌਕਰੀ ਆਦਿ ਮੰਗਾਂ ਨੂੰ ਲੈ ਪੰਜਾਬ ਭਰ ਵਿੱਚ 22 ਤੋਂ 26 ਜਨਵਰੀ ਤੱਕ ਦਿਨ ਰਾਤ ਡੀਸੀ ਦਫ਼ਤਰਾਂ ਅੱਗੇ ਧਰਨੇ ਲਗਾਏ ਜਾ ਰਹੇ ਹਨ।
ਇਸ ਤਰਾਂ ਹੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਰਨਾਲਾ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਨੇ ਆਖਿਆ ਕਿ ਕਿਸਾਨਾਂ ਨਾਲ ਕਰਜ਼ ਮੁਆਫ਼ੀ ਦੇ ਨਾਮ ਤੇ ਮਜ਼ਾਕ ਕਰਦਿਆਂ ਵੱਡੇ ਕਿਸਾਨਾਂ ਨੂੰ ਫਾਇਦਾ ਦਿੱਤਾ ਗਿਆ। ਉਹਨਾਂ ਨੇ ਆਖਿਆ ਹਰ ਜਗ੍ਹਾ ਸਰਕਾਰ ਦੇ ਕਰਜ਼ ਮੁਆਫ਼ੀ ਢਕਵੰਜ਼ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਸਾਡੀ ਜੱਥੇਬੰਦੀ ਵੱਲੋਂ 19 ਤਰੀਕ ਨੂੰ ਇੱਕ ਰੋਜਾ ਪੰਜਾਬ ਭਰ ਡੀਸੀ ਦਫ਼ਤਰਾਂ ਅੱਗੇ ਘਿਰਾਓ ਕਰ ਪੂਰਨ ਕਰਜ਼ ਮੁਆਫ਼ੀ ਦੀ ਮੰਗ ਰੱਖੀ ਜਾਵੇਗੀ ਤੇ 4 ਫਰਵਰੀ ਨੂੰ ਸਮੁੱਚੇ ਭਾਰਤ ਦੀਆਂ ਜੱਥੇਬੰਦੀਆਂ ਵੱਲੋਂ ਚੰਡੀਗੜ੍ਹ ਕੀਤੀ ਜਾ ਰਹੀ ਕੰਨਵੈਕਸ਼ਨ ਬਆਦ ਮਾਲਵੇ ਚ 25 ਤੋਂ 28 ਫਰਵਰੀ ਤੱਕ ਰੈਲੀਆਂ ਕੀਤੀਆਂ ਜਾਣਗੀਆਂ।