ਕੌਰਤੇਮਾਜੋਰੇ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

ਗਿਆਨੀ ਜੀਵਨ ਸਿੰਘ ਮਾਨ ਦੇ ਕੀਰਤਨੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ
ਬੇਗਮਪੁਰਾ ਦਾ ਸੰਕਲਪ ਪੂਰਾ ਕਰਨ ਲਈ ਗੁਰੂ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਲੋੜ

ਸ੍ਰੀ ਗੁਰੂ ਰਵਿਦਾਸ ਸਭਾ ਪਾਰਮਾ (ਪਿਚੈਂਸਾ) ਵੱਲੋਂ ਕੌਰਤੇਮਾਜੋਰੇ ਵਿਖੇ ਮਨਾਏ ਗਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਵੱਖ-ਵੱਖ ਝਲਕਾਂ - ਫੋਟੋ : ਟੇਕ ਚੰਦ ਜਗਤਪੁਰ

ਸ੍ਰੀ ਗੁਰੂ ਰਵਿਦਾਸ ਸਭਾ ਪਾਰਮਾ (ਪਿਚੈਂਸਾ) ਵੱਲੋਂ ਕੌਰਤੇਮਾਜੋਰੇ ਵਿਖੇ ਮਨਾਏ ਗਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਵੱਖ-ਵੱਖ ਝਲਕਾਂ – ਫੋਟੋ : ਟੇਕ ਚੰਦ ਜਗਤਪੁਰ

ਕੋਰਤੇਮਾਜੋਰੇ (ਇਟਲੀ) 6 ਮਾਰਚ (ਟੇਕ ਚੰਦ ਜਗਤਪੁਰ) – ਜਿੱਥੇ ਸਮੁੱਚੇ ਸੰਸਾਰ ਭਰ ‘ਚ ਸ਼੍ਰੋਮਣੀ ਸੰਤ, ਮਹਾਨ ਕ੍ਰਾਂਤੀਕਾਰੀ, ਸਮੁੱਚੀ ਮਾਨਵਤਾ ਦੇ ਮਸੀਹਾ, ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਦਾ 641ਵਾਂ ਗੁਰਪੁਰਬ ਸਮੂਹ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ, ਉੱਥੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਪਾਰਮਾ (ਪਿਚੈਂਸਾ) ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸੰਗਤ ਦੇ ਸਹਿਯੋਗ ਨਾਲ ਕੌਰਤੇਮਾਜੋਰੇ (ਪਿਚੈਂਸਾ) ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਬੜੀ ਸ਼ਰਧਾ ਅਤੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਸੰਗਤਾਂ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਵਿਸ਼ਾਲ ਸਮਾਗਮ ਵਿਚ ਸ੍ਰੀ ਸੁਖਮਣੀ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਦਾ ਆਂਯੋਜਿਨ ਕੀਤਾ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ੍ਰੀ ਭੁੱਟੋ ਕੁਮਾਰ ਨੇ ਕਿਹਾ ਕਿ, ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪੂਰਾ ਜੀਵਨ ਮਨੁੱਖਤਾ ਦੀ ਭਲਾਈ ਹਿੱਤ ਸਮਰਪਿਤ ਸੀ। ਉਨ੍ਹਾਂ ਜਿੱਥੇ ਆਪਣੀ ਅੰਮ੍ਰਿਤ ਪਵਿੱਤਰ ਬਾਣੀ ਨਾਲ ਅਗਿਆਨਤਾ ‘ਚ ਫਸੀ ਲੋਕਾਈ ਨੂੰ ਸਿੱਧੇ ਰਾਹ ਪਾਇਆ, ਉੱਥੇ ਉਨ੍ਹਾਂ ਆਪਣੇ ਇਨਕਲਾਬੀ ਕਦਮਾਂ ਰਾਹੀਂ ਚਾਰ-ਚੁਫੇਰੇ ਪਸਰੇ ਜਾਤ-ਪਾਤ, ਊਚ-ਨੀਚ ਅਤੇ ਛੂਆਛਾਤ ਦੇ ਕਾਲੇ ਹਨੇਰੇ ਨੂੰ ਦੂਰ ਕਰਕੇ ਲੋਕਾਂ ਵਿਚ ਨਵੀਂ ਜਾਗਰਤੀ ਪੈਦਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਜੋ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਦੀ ਹੈ। ਇਸ ਲਈ ਸਾਨੂੰ ਉਨ੍ਹਾਂ ਦੀ ਬਾਣੀ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਬੇਗਮਪੁਰੇ ਦਾ ਸੁਪਨਾ ਸਕਾਰ ਕਰਨ ਲਈ ਸਾਰਥਿਕ ਯਤਨ ਜਾਰੀ ਰੱਖਣੇ ਚਾਹੀਦੇ ਹਨ ਅਤੇ ਅੱਜ ਸਾਨੂੰ ਉਨ੍ਹਾਂ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦੀ ਲੋੜ ਹੈ। ਇਸ ਉਪਰੰਤ ਉਚੇਚੇ ਤੌਰ ‘ਤੇ ਪਹੁੰਚੇ ਗਿਆਨੀ ਜੀਵਨ ਸਿੰਘ ਮਾਨ ਦੇ ਕੀਰਤਨੀ ਜਥੇ ਨੇ  ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਇਤਿਹਾਸ ਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੂੰ ਰਸਭਿੰਨੇ ਕੀਤੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਖਸ਼ੀਅਤਾਂ ਦਾ ਵਿਸੇæਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ‘ਤੇ ਇਟਲੀ ਦੀਆਂ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਸਭਾਵਾਂ ਜਿਨ੍ਹਾਂ ‘ਚ ਮਾਸਟਰ ਬਲਵੀਰ ਮੱਲ ਵਿਰੋਨਾ, ਸ੍ਰੀ ਸਰਬਜੀਤ ਰਾਮ ਬਰੇਸ਼ੀਆ, ਕੁਲਵਿੰਦਰ ਲੋਈ, ਸਰਬਜੀਤ ਵਿਰਕ ਅਤੇ ਹੋਰ ਬੁਲਾਰਿਆਂ ਨੇ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸ ‘ਤੇ ਚਾਨਣਾ ਪਾਇਆ। ਇਸ ਮੌਕੇ ਬਲਦੇਵ ਮੱਖਣ, ਸ੍ਰੀ ਸੁਰਜੀਤ ਲਾਲ, ਸ: ਜਸਵੀਰ ਸਿੰਘ ਸੋਢੀ, ਸ: ਪਵਿੱਤਰ ਸਿੰਘ, ਸ: ਬਲਵਿੰਦਰ ਸਿੰਘ, ਸ: ਬਲਵੀਰ ਸਿੰਘ, ਸ੍ਰੀ ਗੁਰਮਿੰਦਰ ਸੈਲਾ, ਸ੍ਰੀ ਨੀਰਜ਼ ਰਾਮ, ਰੂਪ ਲਾਲ, ਤਜਿੰਦਰ ਕੁਮਾਰ, ਰੇਸ਼ਮ ਆਲੇਸਾਂਦਰੀਆ, ਜੋਗਾ ਸਿੰਘ, ਦਲਜੀਤ ਸਿੰਘ, ਪਰਮਜੀਤ ਪੰਮਾ, ਸ੍ਰੀ ਕਸ਼ਮੀਰ ਲਾਲ, ਦਵਿੰਦਰ ਲੱਕੀ, ਲਾਡੀ, ਜਸ਼ਨ ਰੱਲ, ਅਰਮਾਨ ਰੱਲ ਆਦਿ ਹਾਜ਼ਰ ਸਨ।