ਗੁਰਦਵਾਰਾ ਸੰਗਤ ਸਭਾ ਤੈਰਾਨੋਵਾ ਆਰੇਸੋ (ਇਟਲੀ)ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਗਿਆ

ਸਾਕਾ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ

ਕਥਾਵਾਚਕ ਭਾਈ ਗੁਰਦੀਪ ਸਿੰਘ ਗਨੀਵ ਜੀ ਨੇ ਸੰਗਤਾਂ ਨੂੰ ਗੁਰੂ ਜੀ ਦੀ ਸ਼ਹੀਦੀ ਅਤੇ ਸਿੱਖਾਂ ਨਾਲ ਵਾਪਰੇ ਇਸ ਕਾਂਡ ਤੇ ਪਾਇਆ ਚਾਨਣਾ

altਇਟਲੀ, 19 ਜੂਨ, (ਬਲਵਿੰਦਰ ਸਿੰਘ ਚਾਹਲ ‘ਮਾਧੋਝੰਡਾ’) – ਗੁਰਦਵਾਰਾ ਸੰਗਤ ਸਭਾ ਤੈਰਾਨੋਵਾ ਆਰੇਸੋ (ਇਟਲੀ)ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਗਏ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸਾਹਿਬ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕਥਾ ਕੀਰਤਨ ਦੇ ਪ੍ਰਵਾਹ ਚਲਾਏ ਗਏ। ਜਿਸ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਕਥਾ ਵਾਚਕ ਭਾਈ ਗੁਰਦੀਪ ਸਿੰਘ ਗਨੀਵ ਜੀ ਨੇ ਸੰਗਤਾਂ ਨੂੰ ਗੁਰੂ ਜੀ ਦੀ ਸ਼ਹੀਦੀ ਅਤੇ ਸਿੱਖਾਂ ਨਾਲ ਵਾਪਰੇ ਇਸ ਕਾਂਡ ਤੇ ਪਾਇਆ ਚਾਨਣਾ। ਆਪ ਜੀ ਨੇ ਕਥਾ ਦੌਰਾਨ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਬੋਲਦੇ ਸੰਗਤਾਂ ਨੂੰ ਦੱਸਿਆ ਕਿ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਿੱਖ ਕੌਮ ਨੂੰ ਹੀ ਨਹੀਂ ਸਗੋਂ ਸਾਰੇ ਸੰਸਾਰ ਨੂੰ ਇੱਕ ਮਹਾਨ ਗ੍ਰੰਥ ਦਿੱਤਾ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਦਾ ਦਰਜਾ ਦੇ ਕੇ ਸਿੱਖ ਕੌਮ ਦਾ ਮਾਰਗ ਦਰਸ਼ਨ ਕੀਤਾ। ਆਪ ਜੀ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਨੇ ਸ਼ਾਂਤਮਈ ਰਹਿ ਕੇ ਜਿਸ ਤਰਾਂ ਸ਼ਹੀਦੀ ਪ੍ਰਾਪਤ ਕੀਤੀ ਉਸ ਨਾਲ ਸਿੱਖ ਕੌਮ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਦਾ ਬਲ ਬਖਸ਼ਿਆ। ਭਾਈ ਗੁਰਦੀਪ ਸਿੰਘ ਗਨੀਵ ਜੀ ਨੇ ਜੂਨ 1984 ਦੇ ਬਾਰੇ ਬੋਲਦੇ ਹੋਏ ਕਿਹਾ ਕਿ ਸਿੱਖ ਕੌਮ ਨਾਲ ਇਹ ਜੋ ਦੁਖਾਂਤ ਵਾਪਰਿਆ ਸੀ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਨਾਲ ਸਿੱਖਾਂ ਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਹੈ ਕਿ ਸਿੱਖਾਂ ਦੇ ਧਾਰਮਿਕ ਸਥਾਨ ਵੀ ਸੁਰਖਿਅਤ ਨਹੀਂ ਹਨ। ਉਪਰੰਤ ਹੁਕਮਨਾਮਾ ਸਰਵਣ ਕੀਤਾ ਗਿਆ। ਇਸ ਤੋਂ ਬਾਅਦ ਗੁਰਦਵਾਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਸੁਰਿੰਦਰ ਸਿੰਘ ਧਾਲੀਵਾਲ ਨੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਪਰੰਤ ਗੁਰੂ ਜੀ ਦੇ ਅਤੁੱਟ ਲੰਗਰ ਵਰਤਾਏ ਗਏ।