ਚਿਸਤੇਰਨਾ : ਭਾਰਤੀਆਂ ਵਿਚਕਾਰ ਹਿੰਸਕ ਲੜਾਈ, ਤਿੰਨ ਜਖਮੀ

ਕਰੇਮੋਨਾ (ਇਟਲੀ) 10 ਅਕਤੂਬਰ (ਪੰਜਾਬ ਐਕਸਪ੍ਰੈੱਸ) – ਚਿਸਤੇਰਨਾ ਵਿਖੇ ਭਾਰਤੀ ਭਾਈਚਾਰੇ ਦੇ ਲੋਕਾਂ ਵਿਚ ਇਕ ਹਿੰਸਕ ਝੜਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਾਰਤੀ ਵਿਅਕਤੀਆਂ ਵਿਚਕਾਰ ਇਹ ਝਗੜਾ ਪੈਸੇ ਦੇ ਦੇਣ ਲੈਣ ਕਾਰਨ ਵਾਪਰਿਆ। ਝਗੜੇ ਦੌਰਾਨ ਤਿੰਨ ਵਿਅਕਤੀ ਜਖਮੀ ਹੋ ਗਏ, ਜਿਨ੍ਹਾਂ ਨੂੰ ਬਾਅਦ ਵਿਚ ਹਸਪਤਾਲ ਪਹੁੰਚਾਇਆ ਗਿਆ। ਹੋਰ ਵਧੇਰੇ ਜਾਣਕਾਰੀ ਅਨੁਸਾਰ ਦੋ ਭਾਰਤੀ ਗਰੁੱਪਾਂ ਵਿਚਕਾਰ ਹੋਈ ਲੜਾਈ 500 ਯੂਰੋ ਦੇ ਦੇਣ ਲੈਣ ਪਿੱਛੇ ਹੋਈ ਹੈ। ਜਿਸ ਵਿਚ ਇਕ ਪਾਸੇ ਸਨ ਇਕ ਦੁਕਾਨਦਾਰ ਅਤੇ ਉਸਦੇ ਬੇਟੇ ਜਿਨ੍ਹਾਂ ਨੇ ਜਿਹੜੇ ਵਿਅਕਤੀਆਂ ਤੋਂ ਪੈਸੇ ਲੈਣੇ ਸਨ, ਉਹ ਪੈਸੇ ਵਾਪਸ ਕਰਨ ਦਾ ਇਰਾਦਾ ਨਹੀਂ ਸਨ ਰੱਖਦੇ।
ਇਟਾਲੀਅਨ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਵਿਚੋਂ 5 ਭਾਰਤੀ ਅਤੇ ਇਕ ਇਟਾਲੀਅਨ ਵਿਅਕਤੀ ਦੀ ਸ਼ਨਾਖਤ ਕੀਤੀ ਹੈ, ਜਿਨ੍ਹਾਂ ਦੀ ਉਮਰ 25-50 ਸਾਲ ਦੇ ਵਿਚ ਹੈ। ਪੁਲਿਸ ਨੇ ਇਨ੍ਹਾਂ ਖਿਲਾਫ ਲੜਾਈ ਝਗੜਾ, ਅਪਰਾਧ ਲਈ ਹਥਿਆਰ ਵਰਤਣ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਇਨ੍ਹਾਂ ਦੇ ਘਰ ਵਿਚੋਂ ਇਕ ਕੁਹਾੜੀ, ਇਕ ਲਾਠੀ ਅਤੇ ਦੋ ਰਸੋਈ ਵਾਲੇ ਚਾਕੂ ਬਰਾਮਦ ਕੀਤੇ ਹਨ, ਜਿਨਾਂ ਦੀ ਵਰਤੋ ਲੜਾਈ ਦੌਰਾਨ ਕੀਤੀ ਗਈ ਹੈ। ਜਖਮੀ ਹੋਏ ਲੋਕਾਂ ਵਿਚੋਂ ਦੋ ਵਿਅਕਤੀ ਹਸਪਤਾਲ ਵਿਚ ਦਾਖਲ ਹਨ, ਜਦਕਿ ਕਿ ਤੀਸਰੇ ਵਿਅਕਤੀ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।