ਜਿੰਦਗੀ ਜਿੰਨੀ ਵੀ ਰਹਿੰਦੀ ਹੈ ਹੁਣ ਦਲਿਤ ਸਮਾਜ ਦੇ ਲੇਖੇ ਹੀ ਹੋਵੇਗੀ – ਪੰਮਾ ਸੁੰਨੜ

ਪ੍ਰਸਿੱਧ ਮਿਸ਼ਨਰੀ ਗਾਇਕ ਪੰਮਾ ਸੁੰਨੜ ਦਾ ਗੋਲਡ ਮੈਡਲ ਨਾਲ ਸਨਮਾਨ

ਪ੍ਰਸਿੱਧ ਮਿਸ਼ਨਰੀ ਗਾਇਕ ਪੰਮਾ ਸੁੰਨੜ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਦੇ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਦੇ ਪ੍ਰਬੰਧਕ। ਫੋਟੋ : ਕੈਂਥ

ਪ੍ਰਸਿੱਧ ਮਿਸ਼ਨਰੀ ਗਾਇਕ ਪੰਮਾ ਸੁੰਨੜ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਦੇ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਦੇ ਪ੍ਰਬੰਧਕ। ਫੋਟੋ : ਕੈਂਥ

ਰੋਮ (ਇਟਲੀ) 16 ਅਪ੍ਰੈਲ (ਕੈਂਥ) – ਕਦੀਂ ਸਮਾਂ ਸੀ ਕਿ ਪੰਜਾਬੀ ਲੋਕ ਗਾਇਕਾਂ ਨਾਲ ਇੱਕ ਸਾਜ਼ੀ ਵਜੋਂ ਸਾਜ ਵਜਾਉਣਾ ਹੀ ਆਪਣੀ ਜਿੰਦਗੀ ਦਾ ਹਿੱਸਾ ਸਮਝਦਾ ਸੀ ਪਰ ਜਦੋਂ ਵਿਆਨਾ ਕਾਂਡ ਹੋਇਆ ਤਾਂ ਦਿਲ ਲਹੂ-ਲੂਹਾਨ ਹੋ ਗਿਆ ਇਹ ਸਭ ਦੇਖ ਕਿ 21ਵੀਂ ਸਦੀ ਵਿੱਚ ਵੀ ਦਲਿਤ ਸਮਾਜ ਦੇ ਲੋਕਾਂ ਨੂੰ ਮਨੂੰਵਾਦੀ ਹਾਕਮ ਹੀਣ ਭਾਵਨਾ ਨਾਲ ਹੀ ਦੇਖਦੇ ਹਨ। ਉਸ ਦਿਨ ਆਪਣੇ ਆਪ ਨਾਲ ਇਹ ਵਾਅਦਾ ਕੀਤਾ ਕਿ ਜਿੰਦਗੀ ਪਤਾ ਨਹੀਂ ਕਿੰਨੀ ਬਾਕੀ ਹੈ, ਪਰ ਜਿੰਨੀ ਵੀ ਰਹਿੰਦੀ ਹੈ ਹੁਣ ਦਲਿਤ ਸਮਾਜ ਦੇ ਲੇਖੇ ਹੀ ਹੋਵੇਗੀ। ਇਹ ਭਾਵੁਕਤਾ ਭਰੇ ਅਲਫਾਜ ਪ੍ਰਸਿੱਧ ਮਿਸ਼ਨਰੀ ਗਾਇਕ ਸ਼੍ਰੀ ਪੰਮਾ ਸੁੰਨੜ ਨੇ ਆਪਣੀ ਯੂਰਪ ਵਿਸੇæਸ ਫੇਰੀ ਮੌਕੇ ਇਟਲੀ ਵਿਖੇ ਪ੍ਰੈੱਸ ਨਾਲ ਸਾਂਝੈ ਕਰਦਿਆਂ ਉਦੋਂ ਕਹੇ ਜਦੋਂ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਸ਼੍ਰੀ ਪੰਮਾ ਸੁੰਨੜ ਵੱਲੋਂ ਦਲਿਤ ਸਮਾਜ ਲਈ ਕੀਤੀਆਂ ਜਾ ਰਹੀਆਂ ਅਨੇਕਾਂ ਘਾਲਨਾਵਾਂ ਅਤੇ ਜਾਗਰੂਕਤਾ ਭਰੇ ਪ੍ਰਚਾਰ  ਹਿੱਤ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਸ਼੍ਰੀ ਸੁੰਨੜ ਜਿਹੜੇ ਕਿ  ਪਿਛਲੇ ਕਰੀਬ ਇੱਕ ਦਹਾਕੇ ਤੋਂ ਦਲਿਤ ਸਮਾਜ ਦੇ ਹੱਕਾਂ ਦੇ ਪ੍ਰਚਾਰ ਲਈ ਹਨੇਰੀ ਵਾਂਗ ਚੱਲ ਰਹੇ ਹਨ ਹੁਣ ਤੱਕ 8 ਟੇਪਾਂ ਵਿਸ਼ੇਸ਼ ਤੌਰ ਤੌਰ ‘ਤੇ ਦਲਿਤ ਸਮਾਜ ਦੇ ਲਈ ਕੱਢ ਚੁੱਕੇ ਹਨ। ਗੋਲਡ ਮੈਡਲ ਦੇ ਸਨਮਾਨ ਲਈ ਸ਼੍ਰੀ ਸੁੰਨੜ ਨੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ, ਉਹ ਗੁਰੂ ਘਰ ਕਮੇਟੀ ਦੇ ਸਦਾ ਰਿਣੀ ਰਹਿਣਗੇ ਜਿਨ੍ਹਾਂ, ਉਨ੍ਹਾਂ ਨੂੰ ਯੂਰਪ ਦੀ ਧਰਤੀ ਉੱਪਰ ਬੁਲਾ ਕੇ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਅਤੇ ਗੋਲਡ ਮੈਡਲ ਦੇ ਸਨਮਾਨ ਨਾਲ ਨਿਵਾਜਿਆ। ਯੂਰਪ ਫੇਰੀ ਦੌਰਾਨ ਸ਼੍ਰੀ ਪੰਮਾ ਸੁੰਨੜ ਗਰੀਸ, ਫਰਾਂਸ, ਇਟਲੀ ਅਤੇ ਅਸਟਰੀਆ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੇ ਮਿਸ਼ਨ ਦੇ ਝੰਡੇ ਨੂੰ ਬੁਲੰਦ ਕਰਨ ਲਈ ਅਨੇਕਾਂ ਪ੍ਰੋਗਰਾਮ ਵੀ ਸੰਗਤਾਂ ਦੇ ਸਨਮੁੱਖ ਪੇਸ਼ ਕਰਨਗੇ। ਸਨਮਾਨ ਸਮਾਰੋਹ ਮੌਕੇ ਸ਼੍ਰੀ ਰਾਣਾ ਰਾਮ ਕਟਾਰੀਆ ਉਪ-ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਨੇ ਕਿਹਾ ਕਿ, ਸਾਡੇ ਸਮਾਜ ਨੂੰ ਪੰਮਾ ਸੁੰਨੜ ਵਰਗੇ ਮਿਸ਼ਨਰੀ ਗਾਇਕਾਂ ਦੀ ਵੱਧ ਤੋਂ ਵੱਧ ਹੌਸਲਾ ਅਫ਼ਜਾਈ ਕਰਨੀ ਚਾਹੀਦੀ ਹੈ ਤਾਂ ਕਿ ਸਾਡੀ ਕੌਮ ਦੇ ਇਹ ਹੀਰੇ ਪਹਿਲਾਂ ਤੋਂ ਵੀ ਵੱਧ ਆਪਣੇ ਪ੍ਰਚਾਰ ਨਾਲ ਸਮਾਜ ਅੰਦਰ ਮਿਸ਼ਨ ਪ੍ਰਤੀ ਜਾਗਰੂਕਤਾ ਫੈਲਾਉਣ। ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਗੁਦੁਆਰਾ ਪ੍ਰਬੰਧਕ ਕਮੇਟੀ ਮਿਸ਼ਨਰੀ ਗਾਇਕ ਸ਼੍ਰੀ ਪੰਮਾ ਸੁੰਨੜ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੇਮ ਰਾਜ ਬੰਗੜ, ਬੋਧ ਰਾਜ ਝੱਲੀ, ਵਿਨੋਦਪਾਲ, ਗੁਰਮੀਤ ਸਿੰਘ, ਹੁਸਲ ਲਾਲ, ਸਤਪਾਲ, ਪਰਮਜੀਤ ਤੇਜੇ, ਅਜਮੇਰ ਦਾਸ ਕਲੇਰ ਆਦਿ ਤੋਂ ਇਲਾਵਾ ਭੋਲੀ ਰੰਧਾਵਾ ਆਗੂ ਕਾਂਸ਼ੀ ਟੀਵੀ ਮੌਜੂਦ ਸਨ।