ਡਾ: ਅੰਬੇਕਡਰ ਜੀ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਨੌਜਵਾਨ ਇੱਕ ਝੰਡੇ ਹੇਠ ਲਾਮਬੰਦ ਹੋਣ – ਮਹੇ, ਰਹਿਲ

ਕਤਾਨੀਆਂ ਵਿਖੇ ਧੂਮਧਾਮ ਨਾਲ ਮਨਾਇਆ ਬਾਵਾ ਸਾਹਿਬ ਦਾ 126ਵਾਂ ਜਨਮ ਦਿਵਸ

ਕਤਾਨੀਆਂ ਵਿਖੇ ਮਨਾਏ ਬਾਵਾ ਸਾਹਿਬ ਦੇ ਜਨਮ ਦਿਵਸ ਮੌਕੇ ਅੰਬੇਡਕਰੀ ਸਾਥੀ। ਫੋਟੋ : ਕੈਂਥ

ਕਤਾਨੀਆਂ ਵਿਖੇ ਮਨਾਏ ਬਾਵਾ ਸਾਹਿਬ ਦੇ ਜਨਮ ਦਿਵਸ ਮੌਕੇ ਅੰਬੇਡਕਰੀ ਸਾਥੀ। ਫੋਟੋ : ਕੈਂਥ

ਕਤਾਨੀਆ (ਇਟਲੀ) 17 ਮਈ (ਕੈਂਥ) – ਇਟਲੀ ਦੇ ਸੂਬੇ ਸੀਚੀਲੀਆ ਦੇ ਸ਼ਹਿਰ ਕਤਾਨੀਆਂ ਵਿਖੇ ਇਲਾਕੇ ਭਰ ਦੇ ਅੰਬੇਡਕਰੀਆਂ ਵੱਲੋਂ ਭਾਰਤੀ ਸੰਵਿਧਾਨ ਦੇ ਪਿਤਾਮਾ ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਦੇ 126ਵੇਂ ਜਨਮ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਅੰਬੇਡਕਰੀ ਸਾਥੀਆਂ ਨੂੰ ਬਾਵਾ ਸਾਹਿਬ ਜੀ ਦੀ ਫੋਟੋ ਭੇਂਟ ਕਰਦਿਆਂ ਕੀਤੀ ਗਈ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਇਟਲੀ ਦੇ ਉੱਘੇ ਅੰਬੇਡਕਰੀ ਸ਼੍ਰੀ ਅਮਰਨਾਥ ਮਹੇ ਅਤੇ ਬੁੱਧੀਜੀਵੀ ਆਗੂ ਦਲਜਿੰਦਰ ਰਹਿਲ ਨੇ ਬਾਵਾ ਸਾਹਿਬ ਦੀ ਸੋਚ ਅਤੇ ਸੰਘਰਸ਼ ਨੂੰ ਅੰਬੇਡਕਰੀ ਸਾਥੀਆਂ ਨਾਲ ਵਿਸਥਾਰ ਪੂਰਵਕ ਸਾਂਝੇ ਕਰਦਿਆਂ ਕਿਹਾ ਕਿ, ਅਯੋਕੇ ਨੌਜਵਾਨਾਂ ਨੂੰ ਬਾਵਾ ਸਾਹਿਬ ਜੀ ਦੇ ਜੀਵਨ ਤੋਂ ਸੇਧ ਲੈ ਕੇ ਸਮਾਜ ਅੰਦਰ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਡਾ: ਬੀ ਆਰ ਅੰਬੇਕਡਰ ਸਾਹਿਬ ਜੀ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਨੌਜਵਾਨਾਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਇੱਕ ਝੰਡੇ ਹੇਠ ਲਾਮਬੰਦ ਹੋਣ। ਜਨਮ ਦਿਵਸ ਸਮਾਰੋਹ ਨੂੰ ਸ਼੍ਰੀ ਚਮਨ ਲਾਲ ਨੇ ਸੰਬੋਧਿਤ ਕਰਦਿਆਂ ਬਾਵਾ ਸਾਹਿਬ ਜੀ ਦੀ ਜੀਵਨੀ ਬਾਰੇ ਜਾਣਕਾਰੀ ਦਿੰਦਿਆਂ ਆਈਆਂ ਮੁਸੀਬਤਾਂ ਦਾ ਜ਼ਿਕਰ ਕੀਤਾ। ਉਪਰੰਤ ਮਲਕੀਤ ਵਿਰਕ ਨੇ ਕਿਹਾ ਕਿ, ਬਾਵਾ ਸਾਹਿਬ ਨੇ ਸਾਨੂੰ ਮਾਨਸਿਕ ਗੁਲਾਮੀ ਤੋਂ ਆਜ਼ਾਦ ਕਰਵਾਇਆ ਅਤੇ ਭਾਰਤੀ ਨਾਰੀ ਨੂੰ ਸਮਾਜ ਵਿੱਚ ਬਰਾਬਰ ਦਾ ਹੱਕ ਲੈ ਕੇ ਦਿੱਤਾ। ਸਮਾਗਮ ਦੌਰਾਨ ਮਿਸ਼ਨਰੀ ਗਾਇਕ ਰਾਕੇਸ਼ ਕੁਮਾਰ ਵੱਲੋਂ ਆਪਣੀ ਦਮਦਾਰ ਅਤੇ ਸੁਰੀਲੀ ਆਵਾਜ਼ ਵਿੱਚ ਆਪਣਾ ਇਨਕਲਾਬੀ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਬਾਵਾ ਸਾਹਿਬ ਦੇ ਇਸ 126ਵੇਂ ਜਨਮ ਦਿਵਸ ਸਮਾਰੋਹ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਵਿਜੈ ਕੁਮਾਰ, ਸਤਪਾਲ, ਗੁਰਦਿਆਲ, ਮਨਦੀਪ ਅੰਬੇਡਕਰੀ, ਚਮਨ ਲਾਲ, ਹਰਪ੍ਰੀਤ ਰਾਏ, ਵਰਿੰਦਰ ਕੁਮਾਰ, ਮਨਦੀਪ ਸਿੰਘ, ਲਖਵਿੰਦਰ, ਪ੍ਰਦੀਪ, ਜੌਹਲ ਨਿਗਾਹ ਸਮੇਤ ਸਮੁੱਚੀਆਂ ਸੰਗਤਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੌਕੇ 25 ਕਿਲੋ ਦਾ ਇੱਕ ਕੇਕ ਵੀ ਸਮੂਹਿਕ ਤੌਰ ‘ਤੇ ਅੰਬੇਕਡਰੀ ਸਾਥੀਆਂ ਵੱਲੋਂ ਕੱਟਿਆ ਗਿਆ। ਸਮਾਰੋਹ ਮੌਕੇ ਸਟੇਜ ਸਕੱਤਰ ਦੀ ਸੇਵਾ ਸਤਪਾਲ ਬੰਗੜ ਵੱਲੋਂ ਬਾਖੂਭੀ ਨਿਭਾਈ ਗਈ।