ਡਿਪਟੀ ਡੀਈਓ ਤੇ ਐਲਏ ਦਾ ਮਨੀ ਕੁਲੈਕਟਰ 70 ਹਜਾਰ ਰੁਪਏ ਰਿਸ਼ਵਤ ਸਮੇਤ ਬੈਂਸ ਨੇ ਕੀਤਾ ਕਾਬੂ

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਕਲ ਰੋਕਣ ਚ ਵਿਅਸਤ, ਅਧਿਕਾਰੀ ਭਰ ਰਹੇ ਨੇ ਜੇਬਾਂ
ਜਾਅਲੀ ਪੱਤਰਕਾਰਾਂ ਦੇ ਇਸ਼ਾਰੇ ਤੇ ਹੁੰਦੀ ਹੈ ਸ਼ਿਕਾਇਤ ਅਤੇ ਬਾਅਦ ਵਿੱਚ ਤਹਿ ਹੁੰਦਾ ਹੈ ਸੌਦਾ 
ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ ਵਿਧਾਨ ਸਭਾ ਚ ਚੁੱਕਾਂਗੇ ਆਵਾਜ਼ : ਬੈਂਸ
ਕ੍ਰਿਸ਼ਨ ਕੁਮਾਰ ਵਲੋਂ ਬੈਂਸ ਨੂੰ ਭਰੋਸਾ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ

bainsਲੁਧਿਆਣਾ, 6 ਮਾਰਚ (ਜਸਵਿੰਦਰ ਸਿੰਘ ਲਾਟੀ) – ਜਿੱਥੇ ਇਕ ਪਾਸੇ ਮੌਜੂਦਾ ਕਾਂਗਰਸ ਦੀ ਸਰਕਾਰ ਵਿੱਚ ਮੰਤਰੀ ਅਤੇ ਅਨੇਕਾਂ ਸਰਕਾਰੀ ਅਧਿਕਾਰੀ ਭ੍ਰਿਸ਼ਟਾਚਾਰ ਵਿੱਚ ਰੋਜ਼ਾਨਾ ਫਸਦੇ ਰਹਿੰਦੇ ਹਨ ਉੱਥੇ ਸੂਬੇ ਦਾ ਸਿੱਖਿਆ ਵਿਭਾਗ ਵੀ ਹੁਣ ਇਸ ਤੋਂ ਅਛੂਤਾ ਨਹੀਂ ਰਿਹਾ, ਜਦੋਂ ਕਿ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਬੇਹੱਦ ਇਮਾਨਦਾਰ ਵਿਅਕਤੀ ਹਨ ਪਰ ਉਨ੍ਹਾਂ ਦੇ ਥੱਲੇ ਦੇ ਅਧਿਕਾਰੀ ਜਿੱਥੇ ਇੱਕ ਪਾਸੇ ਰਿਸ਼ਵਤ ਲੈ ਕੇ ਵੱਖ ਵੱਖ ਸਕੂਲਾਂ ਦੇ ਮਾਲਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਉੱਥੇ ਕਈ ਸਕੂਲਾਂ ਵਿੱਚ ਰਿਸ਼ਵਤ ਲੈ ਕੇ ਨਕਲ ਵੀ ਕਰਵਾ ਰਹੇ ਹਨ।
ਲੁਧਿਆਣਾ ਦੇ ਪੱਖੋਵਾਲ ਰੋਡ ਵਿੱਖੇ ਇਕ ਪ੍ਰਾਈਵੇਟ ਸਕੂਲ ਦੇ ਮਾਲਕ ਕੋਲੋਂ ਅੱਜ ਲੁਧਿਆਣਾ ਦੇ ਡਿਪਟੀ ਡੀਉ ਕੁਲਦੀਪ ਸਿੰਘ ਅਤੇ ਵਿਭਾਗ ਦੇ ਲੀਗਲ ਐਡਵਾਈਜ਼ਰ ਹਰਵਿੰਦਰ ਸਿੰਘ ਦੇ ਨਾਮ ਤੇ ਇੱਕ ਸਿੱਖਿਆ ਵਿਭਾਗ ਦੇ ਹੀ ਕਲਰਕ (ਕਰਿੰਦੇ) ਅਮਿਤ ਮਿੱਤਲ ਨਾਮਕ ਵਿਅਕਤੀ ਨੇ 70 ਹਜਾਰ ਰੁਪਏ ਨਕਦ ਰਿਸ਼ਵਤ ਦੇ ਰੂਪ ਵਿੱਚ ਲੈ ਲਈ, ਜਿਸ ਤੇ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ  ਨੇ ਆਪਣੀ ਟੀਮ ਸਮੇਤ ਉਕਤ ਵਿਅਕਤੀ ਨੂੰ ਪੈਸੇ ਲੈਣ ਦੇ ਨਾਲ ਹੀ ਕਾਬੂ ਕਰ ਲਿਆ ਅਤੇ ਉਸ ਤੋਂ ਪੀੜਤ ਵਿਅਕਤੀ ਜਸਪ੍ਰੀਤ ਨੂੰ ਪੈਸੇ ਵਾਪਸ ਦੁਆਏ, ਜਦੋਂ ਕਿ ਇਹ ਪੂਰਾ ਮਾਮਲਾ ਫੇਸਬੁੱਕ ਤੇ ਲਾਈਵ ਹੋਣ ਕਰਕੇ ਸੂਬੇ ਭਰ ਦੇ ਲੋਕਾਂ ਦੇ ਨਾਲ ਨਾਲ ਬਾਹਰਲੇ ਮੁਲਕਾਂ ਦੇ ਲੋਕਾਂ ਨੇ ਵੀ ਵਿਧਾਇਕ ਬੈਂਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜੇਕਰ ਇੱਕ ਇਮਾਨਦਾਰ ਵਿਅਕਤੀ ਕ੍ਰਿਸ਼ਨ ਕੁਮਾਰ ਦੇ ਹੁੰਦੇ ਹੋਏ ਥੱਲੇ ਵਾਲੇ ਸਰਕਾਰੀ ਅਧਿਕਾਰੀ ਸ਼ਰੇਆਮ ਰਿਸ਼ਵਤ ਲੈ ਰਹੇ ਹਨ ਤਾਂ ਇਸ ਪਿੱਛੇ ਸਾਫ ਹੈ ਕਿ ਇਹ ਸਾਰਾ ਕੁਝ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਹੋ ਰਿਹਾ ਹੈ। ਉੱਧਰ ਵਿਧਾਇਕ ਬੈਂਸ ਨੇ ਕਿਹਾ ਕਿ ਇਸ ਸਬੰਧੀ ਜੇਕਰ ਸਿੱਖਿਆ ਸਕੱਤਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਜਸਪ੍ਰੀਤ ਨਾਮਕ ਵਿਅਕਤੀ ਦਾ ਪੱਖੋਵਾਲ ਰੋਡ ਸਥਿਤ ਇਕ ਸਕੂਲ ਹੈ, ਜਿੱਥੇ 106 ਬੱਚੇ ਪੜਦੇ ਹਨ, ਜਿਨ੍ਹਾਂ ਵਿੱਚੋਂ 20 ਕੁ ਬੱਚੇ ਗਰੀਬ ਘਰਾਂ ਦੇ ਹਨ। ਬੈਂਸ ਅਨੁਸਾਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਦੋ ਜਾਅਲੀ ਪੱਤਰਕਾਰਾਂ ਕੋਲੋਂ ਪਹਿਲਾਂ ਸ਼ਿਕਾਇਤ ਦੁਆਈ ਗਈ ਅਤੇ ਬਾਅਦ ਵਿੱਚ ਉਸ ਸ਼ਿਕਾਇਤ ਨੂੰ ਫਾਈਲ ਕਰਨ ਲਈ ਲੁਧਿਆਣਾ ਦੇ ਡੀਈਓ ਅਤੇ ਐਲਏ ਦੇ ਕਲਰਕ (ਮਨੀ ਕੁਲੈਕਟਰ) ਵਿਅਕਤੀ ਨੇ ਪੈਸਿਆਂ ਦੀ ਮੰਗ ਕੀਤੀ। ਪਹਿਲਾਂ ਸੌਦਾ 50 ਹਜਾਰ ਰੁਪਏ ਦਾ ਹੋਇਆ ਸੀ। ਬੈਂਸ ਨੇ ਕਿਹਾ ਕਿ ਉਹ ਨਿਗਮ ਚੋਣਾਂ ਵਿੱਚ ਵਿਅਸਤ ਸਨ ਤੇ ਉਨ੍ਹਾਂ ਪੀੜਤ ਵਿਅਕਤੀ ਨੂੰ ਕਿਹਾ ਕਿ ਉਹ ਅਮਿਤ ਮਿੱਤਲ ਨਾਲ ਗੱਲ ਕਰਕੇ ਅੱਗੇ ਦਾ ਸਮਾਂ ਲੈ ਲਵੇ। ਜਿਸ ਤੋਂ ਬਾਅਦ ਸੋਮਵਾਰ ਨੂੰ ਜਿਵੇਂ ਹੀ ਸਿੱਖਿਆ ਵਿਭਾਗ ਵਿੱਚ ਤੈਨਾਤ ਡਿਪਟੀ ਡੀਓ ਕੁਲਦੀਪ ਸਿੰਘ ਅਤੇ ਐਲਏ ਹਰਵਿੰਦਰ ਸਿੰਘ ਦੇ ਕਰਿੰਦੇ ਨੇ ਪੀੜਤ ਵਿਅਕਤੀ ਜਸਪ੍ਰੀਤ ਨੂੰ ਕੋਚਰ ਮਾਰਕਿਟ ਨੇੜੇ ਲੜਕੀਆਂ ਦੇ ਸਰਕਾਰੀ ਸਕੂਲ ਵਿੱਚ ਪੈਸੇ ਲੈ ਕੇ ਆਉਣ ਲਈ ਕਿਹਾ ਤਾਂ ਤੁਰੰਤ ਜਸਪ੍ਰੀਤ ਨੇ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਅਤੇ ਉਹ ਤੁਰੰਤ ਆਪਣੇ ਸਮਰਥਕਾਂ ਨਾਲ ਮੌਕੇ ਤੇ ਪੁੱਜ ਗਏ। ਬੈਂਸ ਨੇ ਕਿਹਾ ਕਿ ਆਉਣ ਸਾਰ ਉਨ੍ਹਾਂ ਕਲਰਕ ਅਮਿਤ ਕੋਲੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਪੈਸੇ ਕੱਢ ਕੇ ਦੇ ਦਿੱਤੇ, ਜਿਨ੍ਹਾਂ ਦੇ ਨੰਬਰ ਉਨ੍ਹਾਂ ਆਪਣੇ ਕੋਲ ਖਿੱਚੀ ਹੋਈ ਫੋਟੋ ਨਾਲ ਮਿਲਾਏ ਤਾਂ ਸਹੀ ਸਨ। ਇਸ ਦੌਰਾਨ 70 ਹਜਾਰ ਰੁਪਏ ਲੈਣ ਵਾਲੇ ਵਿਅਕਤੀ ਨੂੰ ਜਦੋਂ ਜੋਰ ਪਾਇਆ ਗਿਆ ਤੇ ਕਿਹਾ ਗਿਆ ਕਿ ਸਿੱਖਿਆ ਸਕੱਤਰ ਕੋਲ ਤੇਰੀ ਸ਼ਿਕਾਇਤ ਨਹੀਂ ਕੀਤੀ ਜਾਵੇਗੀ ਤਾਂ ਉਸ ਨੇ ਕਿਹਾ ਕਿ ਇਹ ਪੈਸੇ ਲੁਧਿਆਣਾ ਦੇ ਡੀਪਟੀ ਡੀਓ ਕੁਲਦੀਪ ਸਿੰਘ ਅਤੇ ਲੀਗਲ ਐਡਵਾਈਜਰ ਹਰਵਿੰਦਰ ਸਿੰਘ ਦੇ ਕਹਿਣ ਤੇ ਹੀ ਉਸ ਨੇ ਫੜੇ ਹਨ। ਇਸ ਦੌਰਾਨ ਬੈਂਸ ਨੇ ਦੱਸਿਆ ਕਿ ਰਿਸ਼ਵਤ ਲੈਣ ਵਾਲਾ ਵਿਅਕਤੀ ਪੀੜਤ ਵਿਅਕਤੀ ਨੂੰ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀ।
ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ : ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ
ਉੱਧਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਫੋਨ ਤੇ ਗੱਲ ਬਾਤ ਕੀਤੀ ਹੈ ਅਤੇ ਪੂਰੀ ਜਾਣਕਾਰੀ ਦੇ ਦਿੱਤੀ ਹੈ। ਬੈਂਸ ਨੇ ਕਿਹਾ ਕਿ ਸਕੱਤਰ ਕ੍ਰਿਸ਼ਨ ਕੁਮਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਸ ਦਾ ਕਿੰਨਾ ਵੀ ਵੱਡਾ ਅਹੁਦਾ ਹੋਵੇ ਤੇ ਜਾਂ ਉਹ ਕਿਸੇ ਵੀ ਮੰਤਰੀ ਜਾਂ ਮੁੱਖ ਮੰਤਰੀ ਤੱਕ ਦਾ ਵੀ ਰਿਸ਼ਤੇਦਾਰ ਵੀ ਕਿਓਂ ਨਾ ਹੋਵੇ। ਬੈਂਸ ਨੇ ਕਿਹਾ ਕਿ ਬੇਸ਼ੱਕ ਕ੍ਰਿਸ਼ਨ ਕੁਮਾਰ ਇਸ ਇਮਾਨਦਾਰੀ ਅਧਿਕਾਰੀ ਹਨ ਅਤੇ ਪੂਰੇ ਸੂਬੇ ਵਿੱਚ ਉਨ੍ਹਾਂ ਨਕਲ ਨਾ ਕਰਵਾਉਣ ਲਈ ਮੁਹਿੰਮ ਛੇੜੀ ਹੋਈ ਹੈ ਪਰ ਉਨ੍ਹਾਂ ਦੇ ਹੀ ਥੱਲੇ ਕੰਮ ਕਰ ਰਹੇ ਅਧਿਕਾਰੀ ਆਪਣੇ ਹੀ ਉੱਚ ਅਧਿਕਾਰੀਆਂ ਦੇ ਨਾਮ ਨੂੰ ਵੱਟਾ ਲਗਾ ਰਹੇ ਹਨ।
ਜਾਅਲੀ ਪੱਤਰਕਾਰਾਂ ਦੇ ਇਸ਼ਾਰੇ ਤੇ ਹੁੰਦੀ ਹੈ ਸ਼ਿਕਾਇਤ ਅਤੇ ਬਾਅਦ ਵਿੱਚ ਤਹਿ ਹੁੰਦਾ ਹੈ ਸੌਦਾ
ਉੱਧਰ ਫੜੇ ਗਏ ਕਰਿੰਦੇ ਅਮਿਤ ਮਿੱਤਲ ਨੇ ਦੱਸਿਆ ਕਿ ਲੁਧਿਆਣਾ ਦੇ ਦੇ ਜਾਅਲੀ ਬਖਸ਼ੀ ਅਤੇ ਮੱਕੜ ਨਾਮਕ ਪੱਤਰਕਾਰਾਂ ਦੇ ਇਸ਼ਾਰੇ ਤੇ ਹੀ ਪਹਿਲਾਂ ਸ਼ਿਕਾਇਤ ਕਰਵਾਈ ਗਈ ਅਤੇ ਬਾਅਦ ਵਿੱਚ ਉਸ ਸ਼ਿਕਾਇਤ ਨੂੰ ਹੀ ਫਾਇਲ ਕਰਨ ਦੇ ਬਹਾਨੇ ਸੌਦਾ ਤਹਿ ਕੀਤਾ ਗਿਆ। ਮਿੱਤਲ ਅਨੁਸਾਰ ਉਹ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਅਧਿਕਾਰੀਆਂ ਦੇ ਕਹਿਣ ਤੇ ਅਜਿਹਾ ਕਰ ਚੁੱਕਾ ਹੈ। ਜਿਸ ਤੋਂ ਸਾਫ ਹੈ ਕਿ ਬੇਸ਼ੱਕ ਕਿਸੇ ਵੀ ਵਿਭਾਗ ਦਾ ਅਧਿਕਾਰੀ ਰਿਸ਼ਵਤ ਲੈਣਾ ਜਾਂ ਵਿਭਾਗ ਵਿੱਚ ਕੋਈ ਵੀ ਗਲਤ ਕੰਮ ਨਾ ਕਰਵਾਉਣ ਦੀ ਹਾਮੀ ਭਰਦਾ ਹੈ ਪਰ ਥੱਲੇ ਕੰਮ ਕਰ ਰਹੇ ਅਧਿਕਾਰੀ ਅਤੇ ਕਰਮਚਾਰੀ ਬਿਨ੍ਹਾਂ ਰਿਸ਼ਵਤ ਲਏ ਕੋਈ ਵੀ ਕੰਮ ਨਹੀਂ ਕਰਦੇ।