ਨਵਜਨਮੀ ਧੀ ਦਾ ਸ਼ਾਹੀ ਅੰਦਾਜ ‘ਚ ਹੋਇਆ ਬਾਬੁਲ ਦੇ ਵਿਹੜੇ ਸਵਾਗਤ

japnitਮਿਲਾਨ (ਇਟਲੀ) 7 ਜਨਵਰੀ (ਸਾਬੀ ਚੀਨੀਆਂ) – ਪੁੱਤਰ ਪ੍ਰਾਪਤੀ ਦੀ ਲਾਲਸਾ ‘ਚ ਅੰਨ੍ਹੇ ਹੋਏ ਭਾਰਤੀ ਵਿਦੇਸ਼ਾਂ ‘ਚ ਵੀ ਭਰੂਣ ਹੱਤਿਆ ਕਰਵਾਉਣ ਤੋਂ ਬਾਜ ਨਹੀਂ ਆ ਰਹੇ। ਇਟਲੀ ‘ਚ ਵਾਪਰੀਆ ਕੁਝ ਘਟਨਾਵਾਂ ਨਾਲ ਇੱਥੇ ਰਹਿੰਦੇ ਭਾਈਚਾਰੇ ਦੀ ਦਿੱਖ ‘ਤੇ ਇਕ ਕਲੱਕ ਵੀ ਲੱਗਾ ਹੈ। ਸ਼ਾਇਦ ਇਸੇ ਕਲੰਕ ਨੂੰ ਧੌਣ ਤੇ ਭਾਰਤੀਆਂ ਦੇ ਦਿਲਾਂ ‘ਚ ਕੁੜੀਆ ਪ੍ਰਤੀ ਪਿਆਰ ਨੂੰ ਦਿਖਾਉਣ ਲਈ ਇਕ ਪੰਜਾਬੀ ਪਰਿਵਾਰ ਨੇ ਬੱਚੀ ਮਾਨ ਜਪਨੀਤ ਕੌਰ ਦੇ ਜਨਮ ਦੀ ਖੁਸ਼ੀ ਪੂਰੇ ਸ਼ਾਹੀ ਅੰਦਾਜ਼ ‘ਚ ਮਨਾਈ ਹੈ। ਉਸ ਨੂੰ ਗੱਡੀ ‘ਤੇ ਫੁੱਲ ਬੂਟੇ ਲਗਾ ਕੇ ਹਸਪਤਾਲ ਤੋਂ ਘਰ ਹੀ ਨਹੀਂ ਲਿਆਂਦਾ ਸਗੋਂ ਧੀ ਦੇ ਘਰ ਪੈਰ ਰੱਖਣ ‘ਤੇ ਪਟਾਕੇ ਚਲਾਕੇ ਖੁਸ਼ੀ ਮਨਾਉਂਦੇ ਹੋਏ ਭੰਗੜੇ ਵੀ ਪਾਏ।
ਬੇਟੀ ਮਾਨ ਜਪਨੀਤ ਕੌਰ ਤੇ ਪਿਤਾ ਸੁਖਚੈਨ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ, ਉਨ੍ਹਾਂ ਦੇ ਘਰ ਪਹਿਲੇ ਬੱਚੇ ਨੇ ਜਨਮ ਲਿਆ ਹੈ, ਉਹ ਪੂਰੀ ਤਰ੍ਹਾਂ ਖੁਸ਼ ਹਨ ਕਿ ਪ੍ਰਮਾਤਮਾ ਨੇ ਲਕਸ਼ਮੀ ਦੇ ਰੂਪ ‘ਚ ਧੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੋਰੇ ਲੋਕਾਂ ਕੋਲੋਂ ਕਈ ਵਾਰੀ ਮਿਹਣਾ ਸੁਣਿਆ ਹੈ ਕਿ ਭਾਰਤੀ ਲੋਕ ਕੁੜੀਆਂ ਨੂੰ ਉਹ ਸਤਿਕਾਰ ਨਹੀਂ ਦਿੰਦੇ ਜਿਹੜਾ ਪਿਆਰ ਮੁੰਡਿਆਂ ਨੂੰ ਕਰਦੇ ਹਨ। ਉਨ੍ਹਾਂ ਅਜਿਹੇ ਲੋਕਾਂ ਨੂੰ ਦਿਖਾਉਣ ਲਈ ਆਪਣੀ ਧੀ ਦੇ ਜਨਮ ਦੀਆਂ ਖੁਸ਼ੀਆਂ ਨੂੰ ਵਿਆਹ ਵਾਂਗ ਮਨਾਇਆ ਹੈ। ਸੋਚਣ ਵਾਲੀ ਗੱਲ ਹੋਵੇਗੀ ਕਿ ਕੀ ਹੋਰ ਲੋਕ ਵੀ ਆਪਣੀਆਂ ਧੀਆਂ ਇਸੇ ਤਰ੍ਹਾਂ ਸਤਿਕਾਰ ਪਿਆਰ ਨਾਲ ਅਪਨਾਉਣਗੇ।

japnit1