ਨਸ਼ੇ ਦੇ ਵਪਾਰ ਕਾਰਨ ਦੋ ਵਿਅਕਤੀ ਗ੍ਰਿਫ਼ਤਾਰ

ਭਾਰਤੀ ਮਹਿਲਾ ਨੂੰ ਜੁਰਮਾਨਾ

nashaਬੋਲੋਨੀਆ (ਇਟਲੀ) 12 ਜੁਲਾਈ (ਪੰਜਾਬ ਐਕਸਪ੍ਰੈੱਸ) – ਨਸ਼ੇ ਦੇ ਵਪਾਰ ਦੇ ਦੋਸ਼ ਹੇਠ ਬੋਲੋਨੀਆ ਵਿਖੇ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ਵਿਚੋਂ ਇਕ ਭਾਰਤੀ ਹੈ ਅਤੇ ਇਕ ਪਾਕਿਸਤਾਨੀ, ਜੋ ਕਿ ਲੁਸਾਰਾ ਅਤੇ ਗੁਆਲਤੀਏਰੀ ਦੇ ਵਸਨੀਕ ਹਨ। ਗ੍ਰਿਫ਼ਤਾਰ ਕੀਤੇ ਜਾਣ ਮੌਕੇ ਇਨ੍ਹਾਂ ਵਿਅਕਤੀਆਂ ਕੋਲੋਂ ਨਸ਼ੇ ਲਈ ਵਰਤੇ ਜਾਂਦੇ 35 ਬਲਬ (ਡੋਡੇ) ਅਤੇ 300 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਪਰੰਤ ਇਨ੍ਹਾਂ ਦੇ ਘਰ ਦੀ ਤਲਾਸ਼ੀ ਲੈਣ ‘ਤੇ ਇਨ੍ਹਾਂ ਕੋਲੋਂ ਹੋਰ ਹੈਰੋਇਨ ਅਤੇ 8,400 ਯੂਰੋ ਨਾਗਦ ਬਰਾਮਦ ਹੋਏ, ਜੋ ਕਿ ਮੰਨਿਆ ਜਾ ਰਿਹਾ ਹੈ ਕਿ ਨਸ਼ੇ ਨੂੰ ਵੇਚ ਕੇ ਕਮਾਏ ਗਏ ਹਨ। ਇਸ ਸਮੇਂ ਇਹ ਦੋਵੇਂ ਵਿਅਕਤੀ ਪੁਲਿਸ ਹਿਰਾਸਤ ਵਿਚ ਹਨ ਅਤੇ ਅਗਲੀ ਕਾਰਵਾਈ ਜਾਰੀ ਹੈ।
ਜਿਕਰਯੋਗ ਹੈ ਕਿ ਜਿਸ ਸਮੇਂ ਪੁਲਿਸ ਵੱਲੋਂ ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਸਮੇਂ ਗੱਡੀ ਵਿਚ ਭਾਰਤੀ ਵਿਅਕਤੀ ਦੀ ਪਤਨੀ ਵੀ ਮੌਜੂਦ ਸੀ। ਪੁਲਿਸ ਵੱਲੋਂ ਉਸਨੂੰ ਵੀ ਦੋਸ਼ੀ ਮੰਨਿਆ ਜਾ ਰਿਹਾ ਹੈ, ਫਿਲਹਾਲ ਭਾਰਤੀ ਦੀ ਪਤਨੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਨਹੀਂ ਕੀਤਾ, ਬਲਕਿ ਉਸਨੂੰ ਪੁਲਿਸ ਵੱਲੋਂ ਜੁਰਮਾਨਾ ਜਾਰੀ ਕੀਤਾ ਗਿਆ ਹੈ।