ਨਿਹੰਗ ਸਿੰਘਾਂ ਛਾਉਣੀ ਵਿਖੇ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਨੇ ਪ੍ਰੋ: ਬਡੂੰਗਰ ਨੂੰ ਕੀਤਾ ਸਨਮਾਨਿਤ

ਹੋਲਾ ਮਹੱਲਾ ਦਲੇਰੀ, ਹਿੰਮਤ ਅਤੇ ਗੈਰਤ ਨਾਲ ਜਿਉਣ ਦਾ ਪ੍ਰਤੀਕ – ਪ੍ਰੋ: ਬਡੂੰਗਰ
ਗੁਰੂ ਮਾਰਗ ‘ਤੇ ਚੱਲ ਕੇ ਹੀ ਗੁਰਮਤਿ ਸੱਭਿਆਚਾਰ ਦੇ ਧਾਰਨੀ ਬਣੋ – ਨਿਹੰਗ ਮੁੱਖੀ

ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਪੁੱਜਣ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਬਡੂੰਗਰ ਦਾ ਸਵਾਗਤ ਕਰਦੇ ਹੋਏ ਬਾਬਾ ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ।

ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਪੁੱਜਣ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਬਡੂੰਗਰ ਦਾ ਸਵਾਗਤ ਕਰਦੇ ਹੋਏ ਬਾਬਾ ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ।

ਸ੍ਰੀ ਆਨੰਦਪੁਰ ਸਾਹਿਬ 3 ਮਾਰਚ (ਪੰਜਾਬ ਐਕਸਪ੍ਰੈੱਸ) – ਹੋਲੇ ਮਹੱਲੇ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਕਰਵਾਏ ਵਿਰਸਾ ਸੰਭਾਲ ਨੈਸ਼ਨਲ ਗਤਕਾ ਮੁਕਾਬਲੇ ‘ਚ ਸ਼ਿਰਕਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਪਹੁੰਚੇ।
ਇਸ ਮੌਕੇ ਸ਼੍ਰੋਮਣੀ ਸੇਵਾ ਰਤਨ ਨਿਹੰਗ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਆਕਲੀ 96ਵੇਂ ਕਰੋੜੀ ਵੱਲੋਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਬਡੂੰਗਰ ਨੂੰ ਜੀ ਆਇਆ ਕਿਹਾ। ਇਸ ਦੌਰਾਨ ਨਿਹੰਗ ਜਥੇਬੰਦੀਆਂ ਨੇ ਜੈਕਾਰਿਆਂ ਦੀ ਗੂੰਜ ਪ੍ਰੋ: ਬਡੂੰਗਰ ਦਾ ਭਰਵਾਂ ਸਵਾਗਤ ਕੀਤਾ ਅਤੇ ਸਿਰੋਪਾਓ ਦੇ ਕੇ ਸਤਿਕਾਰ ਭੇਂਟ ਕੀਤਾ।
ਇਸ ਮੌਕੇ ਪ੍ਰੋ: ਬਡੂੰਗਰ ਨੇ ਨਿਹੰਗ ਜਥੇਬੰਦੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਲਾ ਮਹੱਲਾ ਖਾਲਸਾ ਪੰਥ ਦੇ ਚੜ੍ਹਦੀਕਲਾ ਦਾ ਪ੍ਰਤੀਕ ਹੈ ਅਤੇ ਇਸ ਕੌਮੀ ਦਿਹਾੜੇ ਦੀ ਸ਼ੁਰੂਆਤ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਵਿੱਤਰ ਧਰਤੀ ਸ੍ਰੀ ਆਨੰਦਪੁਰ ਸਾਹਿਬ ਤੋਂ ਕੀਤੀ, ਜਿਸ ਕਾਰਨ ਸਿੱਖ ਕੌਮ ਦੀ ਸਮੁੱਚੇ ਸੰਸਾਰ ‘ਚ ਵਿਲੱਖਣ ਪਹਿਚਾਣ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਹੋਲਾ ਮਹੱਲਾ ਦੀ ਆਰੰਭਤਾ ਕਰਕੇ ਮਨੁੱਖਤਾ ਨੂੰ ਦਲੇਰੀ, ਹਿੰਮਤ ਅਤੇ ਗੈਰਤ ਨਾਲ ਜਿਉਣ ਦੀ ਜੀਵਨ ਜਾਂਚ ਦਿੱਤੀ। ਪ੍ਰੋ: ਬਡੂੰਗਰ ਨੇ ਕਿਹਾ ਕਿ ਹੋਲਾ ਮਹੱਲਾ ਦੀ ਇਤਿਹਾਸਕ ਮਹੱਤਤਾ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੋਲਾ ਮਹੱਲੇ ਦਾ ਕੌਮੀ ਦਿਹਾੜਾ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਜੀਵਨ ਦੇ ਅਸਲ ਟੀਚਿਆਂ ਨੂੰ ਹਾਸਲ ਕਰਨ ਲਈ ਪ੍ਰੇਰਦਾ ਹੈ, ਜਿਸ ਨੂੰ ਰਹਿੰਦੀ ਦੁਨੀਆ ਤੱਕ ਫਤਹਿ ਦੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਰਹੇਗਾ।
ਇਸ ਮੌਕੇ ਨਿਹੰਗ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਹੋਲਾ ਮਹੱਲੇ ਦੇ ਇਤਿਹਾਸਕ ਅਤੇ ਵਿਲੱਖਣ ਦਿਹਾੜੇ ਦੀ ਮਹੱਤਤਾ ਤਾਂ ਹੀ ਕਾਇਮ ਰਹਿ ਸਕਦੀ ਹੈ, ਜੋ ਅਸੀਂ ਗੁਰੂ ਸਾਹਿਬ ਵੱਲੋਂ ਵਿਖਾਏ ਮਾਰਗ ਦੇ ਪਾਂਧੀ ਬਣੀਏ। ਉਨ੍ਹਾਂ ਕਿਹਾ ਕਿ ਅੱਜ ਗੁਰਮਤਿ ਸੱਭਿਆਚਾਰ, ਗੁਰਮਤਿ ਫਲਸਫੇ ਦੇ ਨਾਲ-ਨਾਲ ਬਾਣੀ ਅਤੇ ਬਾਣੇ ਦਾ ਧਾਰਨੀ ਹੋਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ, ਇਸ ਇਤਿਹਾਸਕ ਦਿਹਾੜੇ ‘ਤੇ ਗੁਰੂ ਸਾਹਿਬਾਨ ਵੱਲੋਂ ਵਿਖਾਏ ਰਸਤੇ ‘ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ। ਇਸ ਮੌਕੇ ਬਾਬਾ ਬੁੱਢਾ ਦਲ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਦੇ ਨਿਹੰਗ ਮੁਖੀ ਆਦਿ ਹਾਜ਼ਰ ਸਨ।