ਨੋਵੇਲਾਰਾ ਵਿਖੇ ਹਫ਼ਤਾਵਾਰੀ ਧਾਰਮਿਕ ਦੀਵਾਨਾਂ ਵਿੱਚ ਨਾਭੇ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਭਰ ਰਿਹਾ ਹਾਜ਼ਰੀ

altਨੋਵੇਲਾਰਾ (ਇਟਲੀ) 27 ਨਵੰਬਰ (ਸਾਧੂ ਸਿੰਘ ਹਮਦਰਦ) – ਇਨੀਂ ਦਿਨੀਂ ਪੰਥ ਦਾ ਸਿਰਮੋਰ ਢਾਡੀ ਜਥਾ ਸ਼ਾਹ ਮੁਹੰਮਦ ਐਵਾਰਡ ਅੰਤਰਰਾਸ਼ਟਰੀ ਗੋਲਡ ਮੈਡਲ ਨਾਲ ਸਨਮਾਨਿਤ ਸਵ: ਬਲਵੰਤ ਸਿੰਘ ਪ੍ਰੇਮੀ ਨਾਭੇ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਇਟਲੀ ਵਿੱਚ ਚੜ੍ਹਦੀ ਕਲਾ ਦੁਆਰਾ ਸਿੱਖੀ ਦਾ ਭਰਪੂਰ ਪ੍ਰਚਾਰ ਕਰ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚੋਂ ਵਿਚਰਦਾ ਹੋਇਆ ਇਹ ਜਥਾ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ (ਰਿਜੋਮੀਲੀਆ) ਵਿਖੇ ਸੰਗਤਾਂ ਨੂੰ ਨਿਹਾਲ ਕਰਣ ਲਈ ਪਹੁੰਚਿਆ ਹੈ, ਜੋ ਮਿਤੀ 25 ਨਵੰਬਰ ਤੋਂ ਦੀਵਾਨਾਂ ਵਿੱਚ ਹਾਜ਼ਰੀ ਭਰ ਰਿਹਾ ਹੈ ਅਤੇ 1 ਦਸੰਬਰ ਦਿਨ ਐਤਵਾਰ ਤੱਕ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਨਗੇ। ਇਸ ਮੌਕੇ ਜਥੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਈ ਸੁਖਜਿੰਦਰ ਸਿੰਘ ਨੂਰ, ਭਾਈ ਜਸਵੰਤ ਸਿੰਘ ਪ੍ਰੇਮੀ ਅਤੇ ਭਾਈ ਕੁਲਵੰਤ ਸਿੰਘ ਪ੍ਰੇਮੀ ਨੇ ਦੱਸਿਆ ਕਿ, ਜੋ ਪਿਆਰ ਸਤਿਕਾਰ ਯੂਰਪ ਦੀਆਂ ਸੰਗਤਾਂ ਨਿਮਾਣੇ ਜਥੇ ਨੂੰ ਬਖਸ਼ ਰਹੀਆਂ ਹਨ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਇਟਲੀ ਦੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਜਥੇ ਨੂੰ ਸੰਗਤਾਂ ਵਿੱਚ ਹਾਜ਼ਰੀ ਭਰਣ ਦਾ ਜੋ ਸਮਾਂ ਬਖਸ਼ਿਸ਼ ਕੀਤਾ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ। ਉਨ੍ਹਾਂ ਨੇ ਦੱਸਿਆ ਕਿ, ਜਥਾ ਇਟਲੀ ਦੇ ਜਿਸ-ਜਿਸ ਗੁਰੂ ਘਰ ਵਿੱਚ ਪਹੁੰਚਿਆ ਉਸ ਗੁਰਦੁਆਰਾ ਸਾਹਿਬ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਸਤਿਗੁਰਾਂ ਦੇ ਚਰਣਾਂ ਵਿੱਚ ਹਾਜ਼ਰੀ ਭਰਣ ਪਹੁੰਚਦੀਆਂ ਰਹੀਆਂ ਹਨ।