ਪਾਰਮਾ ਵਿਖੇ ਭਾਰਤੀ ਨੌਜਵਾਨ ਦੀ ਹਾਦਸੇ ਵਿਚ ਮੌਤ

alt

ਮਰਹੂਮ ਸੁਰਿੰਦਰ ਸਿੰਘ ‘ਰਿੰਕੂ’

ਪਾਰਮਾ(ਇਟਲੀ),16 ਜੂਨ (ਵਰਿੰਦਰ ਕੌਰ ਧਾਲੀਵਾਲ)- ਅਮਰੀਕਾ ਜਾ ਕੇ ਆਪਣੇ ਸੁਪਨੇ ਪੂਰੇ ਕਰਨ ਦਾ ਇੱਛੁਕ ਰਿੰਕੂ ਅੱਜ ਪਾਰਮਾ ਦੇ ਹਸਪਤਾਲ ਵਿਚ ਜਖਮਾਂ ਦੀ ਤਾਬ ਨਾ ਝੱਲਦਾ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਗੁਰਮੇਲ ਸਿੰਘ ਦਾ ਇਕਲੌਤਾ ਪੁੱਤਰ 16 ਅਪ੍ਰੈਲ 2013 ਨੂੰ 20 ਵਰ੍ਹਿਆਂ ਦਾ ਹੋਇਆ ਸੀ ਅਤੇ ਇਟਲੀ ਵਿਚ ਸੁਰਿੰਦਰ ਸਿੰਘ ਕੋਈ ਚਾਰ ਕੁ ਵਰ੍ਹੇ ਪਹਿਲਾਂ ਪਰਿਵਾਰਕ ਵੀਜ਼ੇ ‘ਤੇ ਚੰਡੀਗੜ੍ਹ ਤੋਂ ਪਿਚੈਂਸਾ ਆ ਕੇ ਵੱਸਿਆ ਸੀ, ਜਿੱਥੇ ਉਹ ਓਲਡ ਵਾਈਡ ਵੈੱਸਟ ਰੈਸਟੋਰੈਂਟ ਵਿਚ ਕੰਮ ਕਰਦਾ ਸੀ। ਰਿੰਕੂ ਦਾ ਸੁਪਨਾ ਸੀ ਇੰਡੀਆ ਵਿਚ ਆਪਣੇ ਪਰਿਵਾਰ ਲਈ ਇਕ ਖੂਬਸੂਰਤ ਘਰ ਬਨਾਉਣਾ ਅਤੇ ਅਮਰੀਕਾ ਜਾ ਕੇ ਕੰਮ ਕਰਨਾ, ਪਰ ਉਸ ਦੇ ਇਹ ਸਾਰੇ ਸੁਪਨੇ ਉਸ ਵੇਲੇ ਚਕਨਾਚੂਰ ਹੋ ਗਏ ਜਦੋਂ ਬੀਤੇ ਦਿਨ ਸਾਇਕਲ ‘ਤੇ ਸਵਾਰ ਰਿੰਕੂ ਜਦੋਂ ਸੈਂਟ ਨਿਕੋਲਾ ਦੇ ਪੁੱਲ ‘ਤੇ ਪਹੁੰਚਿਆ ਤੇ ਤੇਜ ਰਫਤਾਰ ਕਾਰ ਦੀ ਚਪੇਟ ਵਿਚ ਆ ਗਿਆ, ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਹਾਲਤ ਨਾਜੁਕ ਹੋਣ ਕਾਰਨ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਪਾਰਮਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਦਾ ਪਿਤਾ ਗੁਰਮੇਲ ਸਿੰਘ ਫੁੱਲਾਂ ਦਾ ਕੰਮ ਕਰਦਾ ਸੀ ਅਤੇ ਚੰਗੇ ਸ਼ਹਿਰੀ ਵਾਂਗ ਰਹਿਣਾ ਉਸ ਨੇ ਆਪਣੇ ਪੁੱਤਰ ਰਿੰਕੂ ਨੂੰ ਵੀ ਸਿਖਾਇਆ ਸੀ। ਪਿਤਾ ਨੇ ਭਰੇ ਦਿਲ ਨਾਲ ਖੁਲਾਸਾ ਕੀਤਾ ਕਿ ਰਿੰਕੂ ਮਾੜੇ ਐਬਾਂ ਤੋਂ ਕੋਹਾ ਦੂਰ ਸੀ ਅਤੇ ਬਹੁਤ ਹੀ ਮਿਹਨਤੀ ਨੌਜਵਾਨ ਸੀ। ਉਹ ਹਰ ਰੋਜ ਕੰਮ ਤੋਂ ਮੁੜਨ ਮਗਰੋਂ ਉਸ ਲਈ ਖਾਣਾ ਬਣਾਉਂਦਾ ਸੀ ਅਤੇ ਹੋਰ ਵੀ ਘਰ ਦੇ ਕੰਮਾਂ ਵਿਚ ਹੱਥ ਵਟਾਇਆ ਕਰਦਾ ਸੀ। ਇਸ ਘਟਨਾ ਦਾ ਮਰਹੂਮ ਸੁਰਿੰਦਰ ਸਿੰਘ ਦੇ ਪਰਿਵਾਰ ‘ਤੇ ਗਿਹਰਾ ਅਸਰ ਪਿਆ। ਪਿਤਾ ਅਨੁਸਾਰ ਰਿੰਕੂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਪੰਜਾਬ ਵਿਚ ਹੀ ਅਦਾ ਕੀਤੀਆਂ ਜਾਣਗੀਆਂ।