ਪਿਚੈਂਸਾ ਵਿਖੇ ਦਸਵੀਂ ਪਾਤਿਸ਼ਾਹੀ ਦਾ ਗੁਰਪੁਰਵ ਮਨਾਇਆ ਗਿਆ

altਬੈਰਗਾਮੋ (ਇਟਲੀ) 20 ਜਨਵਰੀ (ਰਣਜੀਤ ਗਰੇਵਾਲ) – ਇਟਲੀ ਦੇ ਸ਼ਹਿਰ ਕਸਤਲਸਨਜਵਾਨੀ (ਪਿਚੈਂਸਾ) ਵਿਚ “ਏਕ ਨੂਰ ਵੈਲਫੇਅਰ ਐਸੋਸੀਏਸ਼ਨ” ਵੱਲੋਂ ਦਸਵੀਂ ਪਾਤਿਸ਼ਾਹੀ ਜੀ ਦਾ ਗੁਰਪੁਰਵ ਦਿਵਸ ਬੜੇ ਹੀ ਵਿਸ਼ਾਲ ਪੱਧਰ ‘ਤੇ ਮਨਾਇਆ ਗਿਆ। ਇਸ ਸਮੇਂ ਦੀ ਵਿਸ਼ੇਸ਼ਤਾ ਇਹ ਵੀ ਰਹੀ ਕਿ ਖਰਾਬ ਮੌਸਮ ਅਤੇ ਭਾਰੀ ਬਰਸਾਤ ਦੇ ਬਾਵਜੂਦ ਵੀ ਸੰਗਤ ਨੇ ਹੁੰਮਹੁਮਾ ਕੇ ਪੁੱਜ ਕੇ ਗੁਰੂ ਸਾਹਿਬ ਜੀ ਪ੍ਰਤੀ ਸ਼ਰਧਾ ਅਤੇ ਗੁਰਬਾਣੀ ਨਾਲ ਪਿਆਰ ਨੂੰ ਦਰਸਾਇਆ। ਇਸ ਸਮੇਂ ਭਾਈ ਪਰਮਜੀਤ ਸਿੰਘ ਖਾਲਸਾ ਵੱਲੋਂ ਸੰਗਤ ਨੂੰ 2 ਘੰਟੇ ਤੱਕ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਤੋਂ ਇਲਾਵਾ ਭੁਟੋ ਕੁਮਾਰ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਪਾਰਮਾ ਪਿਚੈਂਸਾ ਵੱਲੋਂ ਵੀ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਅਤੇ ਭਾਈਚਾਰਕ ਸਾਂਝ ਦੀ ਵੀ ਬੇਨਤੀ ਕੀਤੀ ਗਈ। ਇਸ ਮੌਕੇ ਸਤਵਿੰਦਰ ਮਿਆਣੀ ਮੁੱਖ ਸੰਪਾਦਕ “ਦ ਯੂਰਪ ਟਾਈਮਜ਼” ਵੱਲੋਂ ਵੀ ਸੰਗਤ ਨੂੰ ਦਸਵੇਂ ਪਾਤਿਸ਼ਾਹ ਜੀ ਦੇ ਗੁਰਪੁਰਵ ਸਬੰਧੀ ਵਿਚਾਰ ਅਤੇ ਕੱਟੜਵਾਦ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਏਕਤਾ, ਆਖੰਡਤਾ ਅਤੇ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਹੋਣ ਲਈ ਅਪੀਲ ਕੀਤੀ। ਇਸ ਤੋਂ ਇਲਾਵਾ ਸੰਧੂ ਵੱਲੋਂ ਵੀ ਇਸ ਪ੍ਰੋਗਰਾਮ ਦੀ ਸਫਲਤਾ ਲਈ ਪ੍ਰਮਾਤਮਾ ਵੱਲੋਂ ਬਖਸ਼ੀ ਮਿਹਰ ਸਦਕਾ ਸਮੂਹ ਸੰਗਤਾਂ ਦਾ ਧੰਨਵਾਦ ਅਤੇ ਪਤਵੰਤੇ ਸੱਜਣਾਂ ਨੂੰ ਸਿਰਪਾਉ ਦੀ ਬਖਸ਼ਿਸ਼ ਵੀ ਕੀਤੀ ਗਈ। ਇਸ ਮੌਕੇ ਸੁਖਵਿੰਦਰ ਸਿੰਘ, ਬਲਵੀਰ ਸਿੰਘ, ਪਵਿੱਤਰ, ਸੁੱਚਾ ਰਾਮ, ਭਿੰਦਾ, ਸੁਨੀਲ ਕੁਮਾਰ ਅਤੇ ਸਮੂਹ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ।