wind_cyc_super_nov2017_ita_320x50

ਪੰਜਾਬੀ ਕੁੜੀ ਸੇਰੇਨਾ ਨੇ ਇੰਜੀਨੀਅਰਿੰਗ ਦੀ ਡਿਗਰੀ 100% ਨੰਬਰਾਂ ਨਾਲ ਹਾਸਲ ਕਰਕੇ ਦੇਸ਼ ਦਾ ਨਾਮ ਰੁਸ਼ਨਾਇਆ

ਵਕੀਲ ਜਾਂ ਮੁੱਖ ਕਾਰੋਬਾਰੀ ਸਲਾਹਕਾਰ ਬਣਨਾ ਲੋੜਦੀ ਹੈ ਸੇਰੇਨਾ

ਮੱਲਣ ਸੇਰੇਨਾ ਨੂੰ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਉਸ ਦਾ ਮੂੰਹ ਮਿੱਠਾ ਕਰਵਾਉਂਦੇ ਉਸ ਦੇ ਮਾਪੇ ਮੱਲਣ ਹਰਦਿਆਲ ਅਤੇ ਦੇਵੀ ਕ੍ਰਿਸ਼ਨ।

ਮੱਲਣ ਸੇਰੇਨਾ ਨੂੰ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਉਸ ਦਾ ਮੂੰਹ ਮਿੱਠਾ ਕਰਵਾਉਂਦੇ ਉਸ ਦੇ ਮਾਪੇ ਮੱਲਣ ਹਰਦਿਆਲ ਅਤੇ ਦੇਵੀ ਕ੍ਰਿਸ਼ਨ।

ਰੋਮ (ਇਟਲੀ) 14 ਜੁਲਾਈ (ਕੈਂਥ) – ਜਿਹੜੇ ਲੋਕ ਅੱਜ ਵੀ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਣ ਤੋਂ ਅਕਲੋਂ ਵਿਹੁਣੇ ਹਨ, ਇਹ ਖ਼ਬਰ ਉਨ੍ਹਾਂ ਲਈ ਵਿਸ਼ੇਸ਼ ਹੈ, ਕਿਉਂਕਿ ਇਟਲੀ ਵਿੱਚ ਇੱਕ ਅਜਿਹੀ ਪੰਜਾਬਣ ਕੁੜੀ ਹੈ ਜਿਸ ਨੇ ਆਪਣੀ ਕਾਬਲੀਅਤ ਦੇ ਦਮ ਉੱਤੇ ਆਪਣੇ ਮਾਪਿਆਂ ਅਤੇ ਦੇਸ਼ ਇੰਡੀਆ ਦੇ ਨਾਂਅ ਨੂੰ ਇਟਲੀ ਭਰ ਵਿੱਚ ਰੁਸ਼ਨਾਇਆ ਹੀ ਨਹੀਂ ਸਗੋਂ ਇਟਾਲੀਅਨ ਭਾਈਚਾਰੇ ਵਿੱਚ ਮਾਣ ਸਨਮਾਨ ਦਾ ਸਬੱਬ ਬਣੀ ਹੈ। ਇਹ ਹੋਣਹਾਰ ਧੀ ਹੈ ਇਟਲੀ ਦੇ ਉੱਘੇ ਅੰਬੇਡਕਰੀ ਮੱਲਣ ਹਰਦਿਆਲ ਅਤੇ ਦੇਵੀ ਕ੍ਰਿਸ਼ਨਾ ਦੀ ਸੇਰੇਨਾ ਮੱਲਣ, ਜਿਸ ਨੇ ਹਾਲ ਹੀ ਵਿੱਚ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਦੇ ਵਿੱਚੋਂ 100 ਵਿਚੋਂ 100 ਨੰਬਰ ਹਾਸਲ ਕੀਤੇ ਹਨ। ਵਿਰੋਨਾ ਸ਼ਹਿਰ ਦੇ ਆਲਦੋ ਪਾਸੋਲੀ ਅਦਾਰੇ ਵਿੱਚ ਪੜ੍ਹਦੀ ਸੇਰੇਨਾ ਮੱਲਣ 26 ਦਸੰਬਰ 1998 ਨੂੰ ਇਟਲੀ ਵਿਖੇ ਹੀ ਮੱਲਣ ਹਰਦਿਆਲ ਦੇ ਘਰ ਜਨਮੀ, ਜਿਸ ਨੂੰ ਪੂਰੇ ਮੱਲਣ ਪਰਿਵਾਰ ਨੇ ਰੱਜਵੇਂ ਲਾਡਾਂ ਨਾਲ ਪਾਲਿਆ। ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਸੋਚ ਉੱਪਰ ਡਟਵਾਂ ਪਹਿਰਾ ਦੇਣ ਵਾਲੇ ਪੂਰੇ ਮੱਲਣ ਪਰਿਵਾਰ ਨੇ ਆਪਣੇ ਤਿੰਨਾਂ ਬੱਚਿਆਂ ਨੂੰ ਹੀ ਉੱਚ ਮਿਆਰੀ ਵਿੱਦਿਆ ਵਰਗੇ ਅਨਮੋਲ ਗੁਣਾਂ ਨਾਲ ਮਾਲਾ-ਮਾਲ ਕੀਤਾ ਹੈ। ਪੰਜਾਬ ਦੇ ਪਿੰਡ ਵੀਰ ਬੰਸੀਆਂ ਤਹਿਸੀਲ ਫਿਲੌਰ (ਜਲੰਧਰ) ਜ਼ਿਲ੍ਹੇ ਨਾਲ ਸਬੰਧਿਤ ਮੱਲਣ ਪਰਿਵਾਰ ਦੇ ਤਿੰਨ ਬੱਚੇ ਜਿਨ੍ਹਾਂ ਵਿੱਚ ਮੱਲਣ ਮਲਿਕ ਮੁੰਡਾ ਅਤੇ ਮੱਲਣ ਸੇਰੇਨਾ ਤੇ ਮੱਲਣ ਜੈਸੀਕਾ ਕੁੜੀਆਂ ਹਨ, ਇਨ੍ਹਾਂ 3 ਬੱਚਿਆਂ ਨੂੰ ਮੱਲਣ ਹਰਦਿਆਲ ਨੇ ਨਾ ਸਿਰਫ਼ ਉੱਚ ਮਿਆਰੀ ਵਿੱਦਿਆ ਪੜ੍ਹਾਈ, ਸਗੋਂ ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਪ੍ਰਤੀ ਵੀ ਪੂਰੀ ਤਰ੍ਹਾਂ ਜਾਗਰੂਕ ਕੀਤਾ ਹੈ। ਉਨ੍ਹਾਂ ਅਨੁਸਾਰ ਬਾਬਾ ਸਾਹਿਬ ਜੀ ਦਾ ਸਮੁੱਚੇ ਸਮਾਜ ਨੂੰ ਇਹ ਵਾਰ-ਵਾਰ ਉਪਦੇਸ਼ ਸੀ ਕਿ ਆਪਣੇ ਬੱਚਿਆਂ ਨੂੰ ਵਿੱਦਿਆ ਵਰਗੇ ਖਜ਼ਾਨੇ ਨਾਲ ਨੱਕੋ-ਨੱਕ ਭਰ ਦਿਓ, ਕਾਮਯਾਬੀ ਆਪ ਤੁਹਾਡੇ ਦਰਵਾਜੇ ਉੱਪਰ ਦਸਤਕ ਦੇਵੇਗੀ। ਮੱਲਣ ਸੇਰੇਨਾ ਨੇ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਦੇ ਵਿੱਚੋਂ 100 ਵਿਚੋਂ 100 ਨੰਬਰ ਪ੍ਰਾਪਤ ਕਰਕੇ ਜਿੱਥੇ ਇਟਲੀ ਭਰ ਵਿੱਚ ਨਵੀਂ ਮਿਸਾਲ ਕਾਇਮ ਕਰਕੇ ਸਮੁੱਚੇ ਭਾਈਚਾਰੇ ਲਈ ਮਾਣ ਦਾ ਪਾਤਰ ਬਣੀ ਹੈ, ਉੱਥੇ ਸੇਰੇਨਾ ਦੀ ਅਜਿਹੀ ਗਜਬੀ ਕਾਮਯਾਬੀ ਦੇਖ ਇਟਾਲੀਅਨ ਲੋਕਾਂ ਦੇ ਮੂੰਹ ਅੱਡੇ ਹੀ ਰਹਿ ਗਏ ਹਨ, ਕਿਉਂਕਿ ਮੱਲਣ ਸੇਰੇਨਾ ਇਟਲੀ ਵਿੱਚ ਪਹਿਲੀ ਅਜਿਹੀ ਪੰਜਾਬਣ ਹੈ, ਜਿਸ ਨੇ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਦੇ ਵਿੱਚੋਂ 100 ਵਿਚੋਂ 100 ਨੰਬਰ ਹਾਸਲ ਕੀਤੇ ਹੋਣ। ਮੱਲਣ ਸੇਰੇਨਾ ਦੀ ਦਿਲੀ ਇੱਛਾ ਹੈ ਕਿ ਉਹ ਭਵਿੱਖ ਵਿੱਚ ਵਕੀਲ ਜਾਂ ਮੁੱਖ ਕਾਰੋਬਾਰੀ ਸਲਾਹਕਾਰ ਬਣੇ, ਤਾਂ ਜੋ ਉਹ ਪੰਜਾਬੀ ਭਾਈਚਾਰੇ ਦੀ ਸੇਵਾ ਕਰ ਸਕੇ। ਇਸ ਖੁਸ਼ੀ ਦੇ ਮੌਕੇ ਸਮੂਹ ਮੱਲਣ ਪਰਿਵਾਰ ਨੂੰ ਵਧਾਈ ਦਿੰਦਿਆਂ ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ: ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ (ਰਜਿ:) ਦੇ ਚੇਅਰਮੈਨ ਗਿਆਨ ਚੰਦ ਸੂਦ ਅਤੇ ਪ੍ਰਧਾਨ ਸਰਬਜੀਤ ਵਿਰਕ ਹੁਰਾਂ ਨੇ ਕਿਹਾ ਕਿ, ਆਪਣੇ ਬੱਚਿਆਂ ਨੂੰ ਮਿਆਰੀ ਵਿੱਦਿਆ ਨਾਲ ਭਰਪੂਰ ਕਰਨਾ ਹੀ ਬਾਬਾ ਸਾਹਿਬ ਦਾ ਮਿਸ਼ਨ ਹੈ। ਇਟਲੀ ਦਾ ਬਾਕੀ ਅੰਬੇਡਕਰੀ ਸਾਥੀ ਵੀ ਬਾਬਾ ਸਾਹਿਬ ਦੇ ਇਸ ਸੁਪਨੇ ਉੱਪਰ ਸੰਜੀਦਗੀ ਦਿਖਾਉਂਦੇ ਹੋਏ ਆਪਣੀ ਬੱਚਿਆਂ ਨੂੰ ਅੱਗੇ ਲੈਕੇ ਆਉਣ।