ਪੰਜਾਬੀ ਨੌਜਵਾਨ ਦਵਿੰਦਰ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ

davinder

ਸੜਕ ਹਾਦਸੇ ਵਿੱਚ ਮਾਰੇ ਗਏ ਦਵਿੰਦਰ ਦੀ ਇੱਕ ਪੁਰਾਣੀ ਤਸਵੀਰ ਤੇ ਘਟਨਾ ਸਥਲ ਮੌਕੇ ਹਾਦਸਾ ਗ੍ਰਸਤ ਕਾਰ ਤੇ ਸਾਇਕਲ।

ਸੜਕ ਹਾਦਸੇ ਵਿੱਚ ਮਾਰੇ ਗਏ ਦਵਿੰਦਰ ਦੀ ਇੱਕ ਪੁਰਾਣੀ ਤਸਵੀਰ ਤੇ ਘਟਨਾ ਸਥਲ ਮੌਕੇ ਹਾਦਸਾ ਗ੍ਰਸਤ ਕਾਰ ਤੇ ਸਾਇਕਲ।

ਰੋਮ (ਇਟਲੀ) 25 ਅਗਸਤ (ਕੈਂਥ) – ਬੀਤੇ ਦਿਨੀਂ ਇਟਲੀ ਵਿੱਚ ਕੰਮ ਦੌਰਾਨ ਹੋਈ ਪੰਜਾਬੀ ਨੌਜਵਾਨ ਦੀ ਮੌਤ ਦਾ ਹਾਦਸਾ ਹਾਲੇ ਇਟਲੀ ਦਾ ਪੰਜਾਬੀ ਭਾਈਚਾਰਾ ਭੁੱਲਿਆ ਨਹੀਂ ਸੀ ਕਿ ਅੱਜ ਇੱਕ ਹੋਰ ਸੜਕ ਹਾਦਸੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਘਟਨਾ ਸਥਲ ਤੋਂ ਮਿਲੀ ਜਾਣਕਾਰੀ ਅਨੁਸਾਰ ਦਵਿੰਦਰ (35) ਪੁੱਤਰ ਨਰੰਜਣ ਸਿੰਘ ਵਾਸੀ ਪੂਨੀਆਂ (ਸ਼ਹੀਦ ਭਗਤ ਸਿੰਘ ਨਗਰ) ਆਪਣੇ ਸਾਥੀ ਰਵੀ ਪਾਲ ਨਾਲ ਅੱਜ ਸਵੇਰੇ ਸਾਢੇ ਛੇ ਦੇ ਕਰੀਬ ਸਾਇਕਲ ‘ਤੇ ਲਾਤੀਨਾ ਕੰਮ ਲਈ ਜਾ ਰਿਹਾ ਸੀ ਕਿ ਸ਼ਹਿਰ ਬੋਰਗੋ ਗਰਾਪਾ (ਲਾਤੀਨਾ) ਤੋਂ ਬਾਹਰ ਪੁਨਤੀਨਾ ਰੋਡ ਵੱਲ ਜ ਰਹੇ ਸਨ ਕਿ ਮਗਰੋਂ ਆ ਰਹੀ ਤੇਜ ਰਫ਼ਤਾਰ ਫੀਅਟ ਕਾਰ ਨੰਬਰ ਈ, ਡੀ 690 ਐਕਸ, ਐਕਸ ਨੇ ਉਸ ਨੂੰ ਜਬਰਦਸਤ ਟੱਕਟ ਮਾਰ ਦਿੱਤੀ। ਮ੍ਰਿਤਕ ਦਵਿੰਦਰ ਦੇ ਸਾਥੀ ਰਵੀ ਪਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ, ਅੱਜ ਜਦੋਂ ਉਹ ਕੰਮ ਉੱਪਰ ਜਾ ਰਹੇ ਸਨ ਤਾਂ ਉਹਨਾਂ ਦੇ ਪਿੱਛੇ ਇੱਕ ਤੇਜ ਰਫ਼ਤਾਰ ਗੱਡੀ ਆ ਰਹੀ ਸੀ ਜਿਸ ਨੂੰ ਦੇਖ ਉਸ ਨੇ ਸਾਇਕਲ ਤੁਰੰਤ ਰੋਡ ਤੋਂ ਪਾਸੇ ਕਰ ਲਿਆ, ਪਰ ਮਰਹੂਮ ਦਵਿੰਦਰ ਉਸ ਤੋਂ 10-15 ਮੀਟਰ ਅੱਗੇ ਸੀ ਇਸ ਤੋਂ ਪਹਿਲਾਂ ਕਿ ਉਹ ਦਵਿੰਦਰ ਨੂੰ ਬੁਲਾਉਣ ਲਈ ਆਵਾਜ਼ ਦਿੰਦਾ ਉਦੋਂ ਤੱਕ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਸੀ। ਦਵਿੰਦਰ ਦੀ ਹਵਾ ਵਿੱਚ 7-8 ਫੁੱਟ ਉੱਛਲਣ ਤੋਂ ਬਾਅਦ ਜਮੀਨ ਉੱਪਰ ਡਿੱਗਦੇ ਹੀ ਮੌਤ ਹੋ ਗਈ। ਰਵੀ ਪਾਲ ਅਨੁਸਾਰ ਗੱਡੀ ਨੂੰ ਇੱਕ ਇਟਾਲੀਅਨ ਮੁੰਡਾ ਚਲਾ ਰਿਹਾ ਸੀ, ਜਿਸ ਨੇ ਕਾਫ਼ੀ ਨਸ਼ਾ ਕੀਤਾ ਹੋਇਆ ਸੀ। ਇਹ ਇਟਾਲੀਅਨ ਨੌਜਵਾਨ ਅਤੇ ਉਸਦੀ ਦੋਸਤ ਕੁੜੀ ਨਾਲ ਬੋਰਗੋ ਗਰਾਪਾ ਨੇੜ੍ਹੇ ਤੋਂ ਇੱਕ ਮੇਲਾ ਦੇਖ ਕੇ ਆ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲਸ ਅਤੇ ਪੁਲਿਸ ਆ ਗਈ ਤੇ ਉਹਨਾਂ ਦਵਿੰਦਰ ਦੀ ਲਾਸ਼ ਕਬਜੇ ਵਿਚ ਲੈ ਕੇ ਅਗਲੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਵਿੰਦਰ ਆਪਣੇ ਮਗਰ ਇੱਕ 4 ਸਾਲਾਂ ਦਾ ਬੇਟਾ, ਵਿਧਵਾ ਪਤਨੀ ਅਤੇ ਬੁੱਢੇ ਮਾਪਿਆਂ ਨੂੰ ਛੱਡ ਗਿਆ ਹੈ।