ਫੌਂਦੀ : ਗੁਰੂ ਰਾਮਦਾਸ ਆਗਮਨ ਦਿਹਾੜੇ ‘ਤੇ ਸਜਾਏ ਨਗਰ ਕੀਰਤਨ ਵਿਚ ਹੁੰਮਹੁਮਾ ਕੇ ਪੁੱਜੀਆਂ ਸੰਗਤਾਂ

fondiਫੌਂਦੀ (ਇਟਲੀ) 10 ਅਕਤੂਬਰ (ਸਾਬੀ ਚੀਨੀਆਂ) – ਚੌਥੀ ਪਾਤਿਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਦਿਹਾੜੇ ਦੀਆਂ ਖੁਸ਼ੀਆ ਨੂੰ ਮੁੱਖ ਰੱਖਦਿਆਂ ਸੈਂਟਰਲ ਇਟਲੀ ਦੇ ਸ਼ਹਿਰ ਫੌਂਦੀ ਵਿਖੇ ਗੁਰਦੁਆਰਾ ਸਿੰਘ ਸਭਾ ਦੀਆਂ ਸੰਗਤਾਂ ਵੱਲੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਇਟਲੀ ਦੀ ਸੰਗਤ ਨੇ ਵਧ ਚੜ੍ਹ ਕੇ ਪੁੱਜ ਕੇ ਰੌਣਕਾਂ ਨੂੰ ਵਧਾਉਂਦੇ ਹੋਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਗੁਰਬਾਣੀ ਪੜ੍ਹ ਕੇ ਆਪਣਾ ਜੀਵਨ ਸਫਲ ਬਣਾਇਆ। ਪੰਜ ਪਿਆਰਿਆਂ, ਨਿਸ਼ਾਨਚੀ ਸਿੰਘਾਂ ਦੀ ਅਗਵਾਈ ਤੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਗੁਰਦੁਆਰਾ ਸਾਹਿਬ ਤੋਂ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਆਰੰਭ ਹੋਏ ਨਗਰ ਕੀਰਤਨ ਫੌਂਦੀ ਸ਼ਹਿਰ ਦੇ ਵੱਖ ਵੱਖ ਰਸਤਿਆਂ ‘ਚੋਂ ਗੁਜਰਦੇ ਹੋਏ ਮੁੱਖ ਚੌਂਕ ਵਿਚ ਪੁੱਜਿਆ, ਜਿੱਥੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਭਾਈ ਬਚਿੱਤਰ ਸਿੰਘ ਸ਼ੌਕੀ, ਭਾਈ ਅਜੀਤ ਸਿੰਘ ਥਿੰਦ ਤੇ ਬਲਵਿੰਦਰ ਸਿੰਘ ਭਾਗੋਰਾਈਆਂ ਦੇ ਕਵੀਸ਼ਰੀ ਜਥਿਆਂ ਵੱਲੋਂ ਸ਼ਹੀਦੀ ਵਾਰਾਂ ਸਰਵਣ ਕਰਵਾਉਂਦਿਆ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜ੍ਹਿਆ ਗਿਆ। ਸ਼ਰਧਾਲੂਆਂ ਵੱਲੋਂ ਆਈਆਂ ਸੰਗਤਾਂ ਲਈ ਗੁਰੂ ਕੇ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਸਨ। ਸੰਤ ਜਰਨੈਲ ਸਿੰਘ ਗੁਰਮਤਿ ਗਤਕਾ ਅਕੈਡਮੀ ਦੇ ਸਿੰਘਾਂ ਦੁਆਰਾ ਦਿਖਾਏ ਗਤਕੇ ਦੇ ਜੌਹਰਾਂ ਦਾ ਇਟਾਲੀਅਨ ਗੋਰਿਆਂ ਵੱਲੋਂ ਵੀ ਖੂਬ ਆਨੰਦ ਮਾਣਿਆ ਗਿਆ। ਦੱਸਣਯੋਗ ਹੈ ਫੌਂਦੀ ਦੀਆਂ ਸੰਗਤਾਂ ਵੱਲੋਂ ਹਰ ਸਾਲ ਗੁਰੂ ਸਾਹਿਬ ਦੇ ਆਗਮਨ ਦਿਹਾੜੇ ਮੌਕੇ ਨਗਰ ਕੀਰਤਨ ਸਜਾਏ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਜਿੱਥੇ ਸੰਗਤਾਂ ਵੱਲੋਂ ਰਸਤਿਆਂ ਦੀ ਸਫਾਈ ਤੋਂ ਇਲਾਵਾ ਫੁੱਲਾਂ ਦੀ ਵਰਖਾ ਕੀਤੀ ਗਈ, ਉੱਥੇ ਸਥਾਨਕ ਪੁਲਿਸ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਿਭਾਈ ਜਿੰਮੇਵਾਰੀ ਵੀ ਜਿਕਰਯੋਗ ਹੈ। ਇਸ ਮੌਕੇ ਸਹਿਯੋਗ ਪਾਉਣ ਵਾਲੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਇਟਲੀ ਦੇ ਕੋਨੇ ਕੋਨੇ ਤੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।