ਫੌਂਦੀ : ਨਸ਼ੇ ਦੇ ਵਪਾਰ ਦੇ ਦੋਸ਼ ਹੇਠ 2 ਭਾਰਤੀ ਨੌਜਵਾਨ ਗ੍ਰਿਫ਼ਤਾਰ

ਗੁੱਦਾ (ਮਲ ਤਿਆਗ ਦਾ ਰਸਤਾ) ਵਿਚ ਲੁਕਾ ਕੇ ਰੱਖੇ ਸਨ ਹੈਰੋਇਨ ਦੇ ਕੈਪਸੂਲ

fondiਫੌਦੀ (ਇਟਲੀ) 15 ਮਈ (ਪੰਜਾਬ ਐਕਸਪ੍ਰੈੱਸ) – ਕੱਲ੍ਹ ਫੌਂਦੀ ਦੇ ਸਥਾਨਕ ਰੇਲਵੇ ਸਟੇਸ਼ਨ ਉੱਤੇ ਇਟਲੀ ਦੀ ਪੁਲਿਸ ਯੁਨਿਟ ਕਾਰਾਬਿਨੇਰੀ ਨੇ ਦੋ ਇੰਡੀਅਨ ਨੌਜਵਾਨਾਂ ਨੂੰ ਨਸ਼ੇ ਦੇ ਵਪਾਰ ਦੇ ਜੁਰਮ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਇਹ ਦੋਵੇਂ ਨੌਜਵਾਨਾਂ ਕੋਲ ਰਹਿਣ ਦਾ ਕੋਈ ਠੋਸ ਟਿਕਾਣਾ ਨਹੀਂ ਹੈ। ਪੁਲਿਸ ਨੂੰ ਇਨ੍ਹਾਂ 24 ਸਾਲਾ ਅਤੇ 31 ਸਾਲਾ ਨੌਜਵਾਨਾਂ ਦੀਆਂ ਗਤੀਵਿਧੀਆਂ ਉੱਤੇ ਸ਼ੱਕ ਹੋਣ ਨਾਲ ਇਨ੍ਹਾਂ ਦੀ ਜਾਂਚ ਪੜ੍ਹਤਾਲ ਲਈ ਰੋਕਿਆ ਗਿਆ। ਨਾਪੋਲੀ-ਰੋਮਾ ਇੰਟਰਰੀਜ਼ਨਲ ਟਰੇਨ ਵਿਚ ਸਫਰ ਕਰ ਰਹੇ ਇਨ੍ਹਾਂ ਨੌਜਵਾਨਾਂ ਦੇ ਨਾਲ ਪੁਲਿਸ ਕਰਮੀ ਵੀ ਸਫਰ ਕਰ ਰਹੇ ਸਨ, ਜਿਨ੍ਹਾਂ ਨੂੰ ਇਨ੍ਹਾਂ ਦੀਆਂ ਗਤੀਵਿਧੀਆਂ ਉੱਤੇ ਸ਼ੱਕ ਹੋਣ ਨਾਲ ਟਰੇਨ ਨੂੰ ਉਪਰੋਕਤ ਸਟੇਸ਼ਨ ਉੱਤੇ ਰੋਕਿਆ ਗਿਆ। ਇਨ੍ਹਾਂ ਦੋਵੇਂ ਭਾਰਤੀ ਨੌਜਵਾਨਾਂ ਨੂੰ ਵਧੇਰੀ ਜਾਂਚ ਪੜ੍ਹਤਾਲ ਲਈ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ।ਸਥਾਨਕ ਹਸਪਤਾਲ ਦੇ ਐਮਰਜੈਂਸੀ ਡਿਪਾਰਟਮੈਂਟ ਵਿਚ ਰੇਡੀਓਲੋਜੀਕਲ ਟੈਸਟਾਂ ਦੇ ਅਧੀਨ ਇਨ੍ਹਾਂ ਦੇ ਸਰੀਰ ਦੇ ਗੁੱਦਾ (ਮਲ ਤਿਆਗ ਦਾ ਰਸਤਾ) ਵਿਚ ਤਿੰਨ ਕੈਪਸੂਲਾਂ ਜੋ ਕਿ ਹੈਰੋਇਨ ਨਾਲ ਭਰੇ ਹੋਏ ਸਨ, ਦੀ ਹੌਂਦ ਨਜ਼ਰ ਆਈ। ਸਿਹਤ ਕਰਮਚਾਰੀਆਂ ਦੀ ਮਦਦ ਨਾਲ ਪੁਲਿਸ ਨੇ ਇਹ ਹੈਰੋਇਨ ਨਾਲ ਭਰੇ ਕੈਪਸੂਲ ਬਰਾਮਦ ਕਰ ਲਏ, ਜਿਨਾਂ ਵਿਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਸਥਾਨਕ ਪੁਲਿਸ ਦੀ ਚੌਕਸੀ ਅਤੇ ਕਾਰਵਾਈ ਦੀ ਪ੍ਰਸ਼ੰਸਾ ਕਰਦਿਆਂ ਸ਼ਾਂਤੀਦੂਤ ਅਤੇ ਸਮਾਜ ਸੇਵਕ ਹਰਬਿੰਦਰ ਸਿੰਘ ਧਾਲੀਵਾਲ ਨੇ ਉਨ੍ਹਾਂ ਭਾਰਤੀ ਨੌਜਵਾਨਾਂ ਨੂੰ ਲਾਹਨਤ ਪਾਈ, ਜਿਨ੍ਹਾਂ ਕਾਰਨ ਭਾਰਤੀ ਸਮਾਜ ਦਾ ਅਕਸ ਦਿਨੋਂ ਦਿਨ ਵਿਗੜ ਰਿਹਾ ਹੈ ਅਤੇ ਪੰਜਾਬੀ ਭਾਰਤੀ ਨੌਜਵਾਨ ਨਸ਼ਿਆਂ ਦੀ ਜਕੜ ਵਿਚ ਆਪਣੀ ਹੌਂਦ ਨੂੰ ਛਿੱਕੇ ਟੰਗ ਰਹੇ ਹਨ। ਧਾਲੀਵਾਲ ਨੇ ਸਮੁਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਅਜਿਹੇ ਅਨਸਰਾਂ ਦੀ ਜਾਣਕਾਰੀ ਸਥਾਨਕ ਪੁਲਿਸ ਮਹਿਕਮੇ ਨੂੰ ਆਪ ਪ੍ਰਦਾਨ ਕਰਵਾਉਣ। ਜਿਸ ਨਾਲ ਕਿ ਚੰਦ ਲੋਕਾਂ ਕਾਰਨ ਮਹਾਨ ਸੰਸਕ੍ਰਿਤੀ ਵਾਲੇ ਦੇਸ਼ ਦਾ ਅਕਸ ਸੁਧਾਰਿਆ ਜਾ ਸਕੇ। ਉਨ੍ਹਾਂ ਕਿਹਾ, ਜਿਕਰਯੋਗ ਹੈ ਕਿ ਬੀਤੇ ਦੋ ਸਾਲਾਂ ਦੌਰਾਨ ਭਾਰਤੀ ਮੁਜਰਿਮਾਂ ਦੀ ਤਦਾਦ ਵਿਚ ਸਾਢੇ ਅੱਤ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜੋ ਕਿ ਚਿੰਤਾਜਨਕ ਹੈ।
ਫਿਲਹਾਲ ਇਨਾਂ ਨੌਜਵਾਨਾਂ ਨੂੰ ਲਾਤੀਨਾ ਜੇਲ੍ਹ ਵਿਚ ਅਦਾਲਤ ਦੇ ਅਗਲੇ ਹੁਕਮਾਂ ਤੱਕ ਰੱਖਿਆ ਗਿਆ ਹੈ।