ਬਜੁਰਗ ਮਹਿਲਾ ਨਾਲ ਧੋਖਾਧੜੀ ਕਰਨ ਤਹਿਤ ਇੰਡੀਅਨ ਜੋੜੇ ਨੂੰ ਜੇਲ ਦੀ ਸਜਾ

ਢਾਈ-ਢਾਈ ਸਾਲ ਦੀ ਸਜਾ ਤੋਂ ਇਲਾਵਾ ਭਾਰੀ ਜੁਰਮਾਨਾ

arrestoਮਾਨਤੋਵਾ (ਇਟਲੀ) 17 ਜੁਲਾਈ (ਪੰਜਾਬ ਐਕਸਪ੍ਰੈੱਸ) – ਕਾਸਤੇਲ ਗੋਫਰੇਦੋ ਦੀ ਰਹਿਣ ਵਾਲੀ ਇਕ 80 ਸਾਲਾ ਇਟਾਲੀਅਨ ਬਜੁਰਗ ਮਹਿਲਾ ਨਾਲ ਧੋਖਾਧੜੀ ਕਰਨ ਦੇ ਦੋਸ਼ ਤਹਿਤ ਅਦਾਲਤ ਨੇ ਇਕ ਭਾਰਤੀ ਜੋੜੇ ਨੂੰ ਕਿਸੇ ਵਿਅਕਤੀ ਨੂੰ ਬੇਵਕੂਫ ਬਣਾ ਕੇ ਲੁੱਟਣ ਦੇ ਦੋਸ਼ ਹੇਠ ਸਜਾ ਸੁਣਾਈ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਬਜੁਰਗ ਮਹਿਲਾ ਜੋ ਕਿ ਬਹੁਤ ਹੀ ਦਿਆਲੂ ਸੁਭਾਅ ਦੀ ਹੈ, ਨੇ ਇਕ ਗਰੀਬ ਇੰਡੀਅਨ ਪਰਿਵਾਰ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਇਸਦੀ ਦਿਆਲਤਾ ਦਾ ਲਾਭ ਉਠਾ ਕੇ ਬਜੁਰਗ ਮਹਿਲਾ ਨੂੰ ਲੁੱਟਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਬਜੁਰਗ ਮਹਿਲਾ ਨੇ ਤਕਰੀਬਨ 300 ਮਿਲੀਅਨ ਯੂਰੋ ਤੱਕ ਦੀ ਰਾਸ਼ੀ ਦੀ ਮਦਦ ਨਾਲ ਇਸ ਪਰਿਵਾਰ ਦੀ ਹਾਲਤ ਸੁਧਾਰਨ ਦੀ ਕੋਸ਼ਿਸ਼ ਕੀਤੀ।
ਇੰਡੀਅਨ ਜੋੜੇ ਜਸਵੰਤ ਕੌਰ ਅਤੇ ਉਸਦੇ ਪਤੀ ਜੈ ਸਿੰਘ ਨੇ ਆਪਣੇ ਬੱਚੇ ਨੂੰ ਅੱਗੇ ਕਰ ਕੇ ਬਜੁਰਗ ਮਹਿਲਾ ਦੇ ਦਿਆਲੂ ਸੁਭਾਅ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ। ਇਸ ਪਰਿਵਾਰ ਨੇ ਬਜੁਰਗ ਮਹਿਲਾ ਦੇ ਸਾਹਮਣੇ ਆਪਣੇ ਆਪ ਨੂੰ ਬਹੁਤ ਗਰੀਬ ਅਤੇ ਮਜਬੂਰ ਦਿਖਾਇਆ। ਉਪਰੋਕਤ ਮਹਿਲਾ ਪਹਿਲਾਂ ਸਵਿੱਟਜਰਲੈਂਡ ਵਿਚ ਕੰਮ ਕਰਦੀ ਸੀ, ਬਾਅਦ ਵਿਚ ਇਟਲੀ ਵਿਚ ਰਹਿਣ ਲਈ ਆ ਗਈ। ਬਜੁਰਗ ਮਹਿਲਾ ਦਾ ਪਤੀ 40 ਸਾਲ ਪਹਿਲਾਂ ਹੀ ਮਰ ਚੁੱਕਾ ਸੀ, ਮਹਿਲਾ ਦਾ ਕੋਈ ਵੀ ਬੱਚਾ ਅਤੇ ਰਿਸ਼ਤੇਦਾਰ ਨਹੀਂ ਸੀ। ਉਸਦੀ ਮੁਲਾਕਾਤ ਇਸ ਇੰਡੀਅਨ ਪਰਿਵਾਰ ਨਾਲ ਹੋਈ, ਜਿਨ੍ਹਾਂ ਨਾਲ ਉਸਦਾ ਪ੍ਰੇਮ ਵਧਦਾ ਗਿਆ ਅਤੇ ਉਹ ਪਰਿਵਾਰਕ ਮੈਂਬਰ ਵਾਂਗ ਬਣ ਗਈ। ਬਜੁਰਗ ਮਹਿਲਾ ਨੇ ਜਦੋਂ ਇਸ ਪਰਿਵਾਰ ਦੀ ਹਾਲਤ ਦੇਖੀ ਤਾਂ ਉਸਨੇ ਇਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ।
ਆਖਿਰਕਾਰ ਇਨ੍ਹਾਂ ਵਿਚ ਇਹ ਫੈਸਲਾ ਹੋਇਆ ਕਿ, ਪਰਿਵਾਰ ਲਈ ਇਕ ਵਿਲਾ ਖ੍ਰੀਦਿਆ ਜਾਵੇ, ਜਿਸ ਵਿਚ ਬਜੁਰਗ ਮਹਿਲਾ ਵੀ ਇਨ੍ਹਾਂ ਦੇ ਨਾਲ ਰਹੇਗੀ, ਬਜੁਰਗ ਮਹਿਲਾ ਨੇ ਆਪਣੀ ਜਾਇਦਾਦ ਆਦਿ ਦੇ ਸਾਰੇ ਹੱਕ ਇਸ ਪਰਿਵਾਰ ਨੂੰ ਦੇ ਦਿੱਤੇ। ਬਾਅਦ ਵਿਚ ਇੰਡੀਅਨ ਪਰਿਵਾਰ ਬਾਰ ਬਾਰ ਮਹਿਲਾ ਤੋਂ ਵੱਡੀ ਰਕਮ ਦੀ ਮੰਗ ਕਰਨ ਲੱਗਿਆ। ਬਜੁਰਗ ਮਹਿਲਾ ਕਈ ਵਾਰ ਬੈਂਕ ਵਿਚੋਂ ਪੈਸੇ ਲੈਣ ਲਈ ਗਈ, ਇਕ ਵਾਰ ਜਦੋਂ ਮਹਿਲਾ ਨੇ ਬੈਂਕ ਤੋਂ ਵੱਡੀ ਰਕਮ 20-30 ਹਜਾਰ ਯੂਰੋ ਇਕੋ ਵਾਰ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਬੈਂਕ ਦੇ ਡਾਇਰੈਕਟਰ ਨੂੰ ਕੁਝ ਸ਼ੱਕ ਹੋ ਗਿਆ ਅਤੇ ਉਸਨੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ।
ਪੁਲਿਸ ਵੱਲੋਂ ਤਫ਼ਤੀਸ਼ ਕਰਨ ‘ਤੇ ਸਾਰਾ ਮਾਮਲਾ ਸਾਹਮਣੇ ਆਇਆ ਕਿ, ਕਿਵੇਂ ਇਹ ਪਰਿਵਾਰ ਬਜੁਰਗ ਮਹਿਲਾ ਨੂੰ ਬਲੈਕਮੇਲ ਕਰ ਕੇ ਲੁੱਟ ਰਿਹਾ ਸੀ। ਅਦਾਲਤ ਵੱਲੋਂ ਇੰਡੀਅਨ ਜੋੜੇ ਕੌਰ ਜਸਵੰਤ ਅਤੇ ਸਿੰਘ ਜੈ 2 ਸਾਲ 6 ਮਹੀਨੇ ਜੇਲ ਦੀ ਸਜਾ (ਇਕੱਲੇ-ਇਕੱਲੇ ਨੂੰ), 2 ਹਜਾਰ ਯੂਰੋ ਜੁਰਮਾਨਾ ਅਤੇ 210 ਮਿਲੀਅਨ ਯੂਰੋ ਜੁਰਮਾਨੇ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ, ਜੋ ਕਿ ਪਰਿਵਾਰ ਨੂੰ ਖ੍ਰੀਦ ਕੇ ਦਿੱਤੇ ਗਏ ਮਕਾਨ ਦੀ ਕੀਮਤ ਹੈ।