Advertisement
Advertisement

ਭਾਰਤੀਆਂ ਨੂੰ ਇਟਲੀ ਵਿਚ ਉੱਪਨਾਮ ਕਰਕੇ ਆ ਰਹੀਆਂ ਨੇ ਮੁਸ਼ਕਿਲਾਂ

passportਮਿਲਾਨ (ਇਟਲੀ) 24 ਮਈ (ਸਾਬੀ ਚੀਨੀਆਂ) – ਬੇਸ਼ੱਕ ਬਦਲੇ ਸਮੇਂ ਦੇ ਨਾਲ ਨਾਲ ਲੋਕਾਂ ਨੇ ਬਦਲਣਾ ਸ਼ੁਰੂ ਕਰ ਦਿੱਤਾ ਹੈ। ਕਈ ਅਜਿਹੀਆਂ ਗੱਲਾਂ ਦਾ ਧਿਆਨ ਰੱਖਣ ਲੱਗ ਪਏ ਹਨ ਜਿੰਨਾਂ ਕਰਕੇ ਉਨ੍ਹਾਂ ਨੂੰ ਬਾਅਦ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹ ਉਸ ਸਮੱਸਿਆ ਦਾ ਹੱਲ ਪਹਿਲਾਂ ਤੋਂ ਸੋਚਣ ਲੱਗ ਪਏ ਹਨ। ਫਿਰ ਵੀ ਕਈ ਗੱਲਾਂ ਅਜਿਹੀਆਂ ਹੁੰਦੀਆ ਹਨ ਜਿੰਨਾਂ ਕਰਕੇ ਸਾਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਜਾਣ ਮੌਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹੀਆਂ ਹੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ‘ਚ ਫਸੇ ਨਜਰ ਆ ਰਹੇ ਹਨ, ਉਹ ਲੋਕ ਜੋ ਪੰਜਾਬ ਤੋਂ ਇਟਲੀ ਵਿਚ ਪੱਕੇ ਤੌਰ ‘ਤੇ ਰਹਿਣ ਦੇ ਮਨਸੂਬੇ ਲੈਕੇ ਆਏ ਹਨ, ਜਿਨ੍ਹਾਂ ਵਿਚ 9 ਮਹੀਨਿਆਂ ਵਾਲੇ ਪੇਪਰ ਵੀਜੇ ਜਾਂ ਫਿਰ ਪਰਿਵਾਰਕ ਵੀਜੇ ‘ਤੇ ਇਟਲੀ ਆਉਣ ਵਾਲਿਆਂ ਨੂੰ ਉਸ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ ਜਦੋਂ ਉਨ੍ਹਾਂ ਦੇ ਪਾਸਪੋਰਟ ਉੱਤੇ ਸਰਨੇਮ (ਉੱਪਨਾਮ) ਵਾਲੇ ਕਾਲਮ ਨੂੰ ਖਾਲੀ ਛੱਡਿਆ ਹੁੰਦਾ ਹੈ ਤੇ ਬਿਨੇਕਾਰ ਦਾ ਨਾਂ ਸਿੰਘ, ਕੌਰ, ਕੁਮਾਰ ਨਾਮ ਦੇ ਪਿਛਲੇ ਪਾਸੇ ਲਿਖਿਆ ਹੁੰਦਾ ਹੈ। ਇਟਲੀ ਦੀਆਂ ਬਹੁਤ ਸਾਰੀਆਂ ਨਗਰ ਕੌਸਲਾਂ ਤੇ ਪੁਲਿਸ ਜਿਨ੍ਹਾਂ ਦੁਆਰਾ ਪੀ ਆਰ ਜਾਰੀ ਕੀਤੀ ਜਾਂਦੀ ਹੈ, ਉਹ ਇਟਲੀ ਦੇ  ਪੇਪਰ ਦੇਣ ਮੌਕੇ ਹਰ ਵਿਅਕਤੀ ਨੂੰ ਕਹਿੰਦੇ ਹਨ ਕਿ ਆਪਣੇ ਪਾਸਪੋਰਟ ਨੂੰ ਸਹੀ ਕਰਵਾਉ ਤੇ ਸਿੰਘ ਜਾਂ ਕੌਰ ਨੂੰ ਉੱਪਨਾਮ ਵਾਲੀ ਥਾਂ ‘ਤੇ ਲਿਖਵਾ ਕੇ ਲਿਆਉ ਤੇ ਫਿਰ ਜਾ ਕੇ ਪੇਪਰਾਂ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਅਜਿਹੀ ਸਥਿਤੀ ਵਿਚ ਜਿੱਥੇ ਪੇਪਰਾਂ ਦੀ ਕਾਰਵਾਈ ਵਿਚ ਦੇਰੀ ਹੋ ਰਹੀ ਹੈ, ਉੱਥੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਇਟਲੀ ਆਉਣ ਦੇ ਚਾਹਵਾਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ, ਇੱਥੇ ਆਉਣ ਤੋਂ ਪਹਿਲਾਂ ਆਪਣੇ ਪਾਸਪੋਰਟ ਉੱਤੇ ਸਰਨੇਮ ਲਿਖਵਾਉਣਾ ਕਦੇ ਨਾ ਭੁੱਲਣ। ਇਟਲੀ ਦੇ ਕਾਨੂੰਨ ਮੁਤਾਬਿਕ ਜਦ ਕਿਸੇ ਕੁੜੀ ਨੂੰ ਇਟਲੀ ਦੀ ਨਾਗਰਕਿਤਾ ਮਿਲਦੀ ਹੈ ਤਾਂ ਉਸਦੇ ਨਾਮ ਅੱਗੇ ਆਪਣੇ ਪਿਤਾ ਦਾ ਸਰਨੇਮ ਸਿੰਘ ਲਿਖਿਆ ਜਾਂਦਾ ਹੈ। ਬਹੁਤ ਸਾਰੇ ਅਜਿਹੇ ਪੰਜਾਬੀ ਨੌਜਵਾਨ ਵੀ ਹਨ, ਜਿਨ੍ਹਾਂ ਨੂੰ ਉੱਪਨਾਮ ਸਹੀ ਕਰਵਾਉਣ ਵਿਚ ਬਰਬਾਦ ਹੋਏ ਸਮੇਂ ਕਾਰਨ ਵੀਜਾ ਲੱਗਣ ਦੀ ਸੂਤਰ ਵਿਚ ਪੇਪਰ ਵੀ ਖਰਾਬ ਹੋ ਗਏ ਹਨ, ਜਿਸਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਪਹਿਲਾਂ ਭਾਰਤੀ ਅੰਬੈਸੀ ਵੱਲੋਂ ਇਕ ਦਿਨ ਵਿਚ ਸਬੰਧਿਤ ਵਿਅਕਤੀ ਦੇ ਪਾਸਪੋਰਟ ਇਕ ਪੰਨੇ ‘ਤੇ ਲਿਖ ਕੇ ਮੁਹਰ ਲਾ ਦਿੱਤੀ ਜਾਂਦੀ ਸੀ ਕਿ ਇਸ ਵਿਅਕਤੀ ਦਾ ਨਾਮ ਇਸ ਤਰੀਕੇ ਪੜ੍ਹਿਆ ਜਾਵੇ, ਪਰ ਭਾਰਤ ਸਰਕਾਰ ਦੇ ਨਵੇਂ ਹੁਕਮਾਂ ਮੁਤਾਬਿਕ ਅਜਿਹਾ ਬੰਦ ਹੋ ਚੁੱਕਾ ਹੈ ਤੇ ਕਿਸੇ ਵੀ ਗਲਤੀ ਨੂੰ ਠੀਕ ਕਰਨ ਦੀ ਸੂਰਤ ਵਿਚ ਪਾਸਪੋਰਟ ਦੀ ਨਵੀਂ ਕਾਪੀ ਦਿੱਤੀ ਜਾਂਦੀ ਹੈ, ਜਿਸਨੂੰ 2 ਮਹੀਨੇ ਦੇ ਕਰੀਬ ਸਮਾਂ ਲੱਗ ਰਿਹਾ ਹੈ। ਅਜਿਹੀ ਸਥਿਤੀ ਵਿਚ ਇਟਲੀ ਆਉਣ ਵਾਲੇ ਇਸ ਗੱਲ ਦਾ ਧਿਆਨ ਰੱਖਣ ਤੇ ਪਾਸਪੋਰਟ ਬਨਾਉਣ ਵੇਲੇ ਉੱਪਨਾਮ ਵਾਲੇ ਕਾਲਮ ‘ਚ ਆਪਣਾ ਉੱਪਨਾਮ ਜਰੂਰ ਲਿਖਵਾਉਣ।