ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

amandeepਪਾਲੋਸਕੋ (ਇਟਲੀ) 11 ਸਤੰਬਰ (ਸਾਬੀ ਚੀਨੀਆਂ) – ਇਟਲੀ ਵਿਚ ਜਿੱਥੇ ਭਾਰਤੀ ਭਾਈਚਾਰੇ ਦੀ ਗਿਣਤੀ ਵਿਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ, ਉੱਥੇ ਹੀ ਕੁਝ ਘਟਨਾਵਾਂ ਅਜਿਹੀਆਂ ਹੋ ਰਹੀਆਂ ਹਨ, ਜਿਨਾਂ ਨਾਲ ਭਾਰਤੀ ਭਾਈਚਾਰੇ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ। ਅਜਿਹੀ ਹੀ ਇਕ ਘਟਨਾ ਕੱਲ੍ਹ ਉੱਤਰੀ ਇਟਲੀ ਦੇ ਖੇਤਰ ਪਾਲੋਸਕੋ ਵਿਖੇ ਘਟੀ ਹੈ, ਜਿੱਥੇ ਪੰਜਾਬੀ (ਭਾਰਤੀ) ਲੋਕਾਂ ਦੀ ਆਪਸੀ ਲੜਾਈ ਕਾਰਨ ਇਕ 22 ਸਾਲਾ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵੀਆ ਪਾਪਾ ਜੋਵਾਨੀ ਦੀ ਇਕ ਇਮਾਰਤ ਵਿਚ ਗੋਲੀ ਮਾਰ ਕੇ 22 ਸਾਲਾ ਨੌਜਵਾਨ ਅਮਨਦੀਪ ਸਿੰਘ ਦੀ ਹੱਤਿਆ ਕੀਤੇ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਕੱਲ੍ਹ ਰਾਤ ਤਕਰੀਬਨ 10 ਵਜੇ ਕੁਝ ਵਿਅਕਤੀਆਂ ਨੇ ਘਰ ਆ ਕੇ ਇਸ ਭਾਰਤੀ ਪਰਿਵਾਰ ਦੇ ਨੌਜਵਾਨ ਲੜਕੇ ਅਮਨਦੀਪ ਸਿੰਘ ਉੱਤੇ ਗੋਲੀ ਚਲਾਈ, ਗੋਲੀ ਅਮਨਦੀਪ ਦੇ ਮੋਢੇ ਉੱਪਰ ਲੱਗੀ। ਘਟਨਾ ਬਾਅਦ ਤੁਰੰਤ ਨੌਜਵਾਨ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਕਿ ਇਲਾਜ ਦੌਰਾਨ ਅਮਨਦੀਪ ਸਿੰਘ ਦੀ ਮੌਤ ਹੋ ਗਈ। ਅਜੇ ਤੱਕ ਪੁਲਿਸ ਇਸ ਘਟਨਾ ਨੂੰ ਗੈਂਗਵਾਰ ਨਾਲ ਜੋੜ ਕੇ ਦੇਖ ਰਹੀ ਹੈ। ਫਿਲਹਾਲ ਜਾਂਚ ਪੜ੍ਹਤਾਲ ਦੇ ਅਧਾਰ ‘ਤੇ ਪੁਲਿਸ ਵੱਲੋਂ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਪੂਰੇ ਇਲਾਕੇ ਵਿਚ ਇਸ ਘਟਨਾ ਕਾਰਨ ਸੋਗ ਦੀ ਲਹਿਰ ਹੈ।