ਮੌਨਤੇਕੀਓ ਮਜੋਰੇ, ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ’ ਨਾਲ ਗੂੰਜ ਉੱਠਿਆ

ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ‘ਤੇ ਸਜਾਈ ਵਿਸ਼ਾਲ ਸ਼ੋਭਾ ਯਾਤਰਾ

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਆਗਮਨ ਪੁਰਬ ਸਬੰਧੀ ਸਜਾਈ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਝਲਕੀਆਂ। ਫੋਟੋ : ਕੈਂਥ

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਆਗਮਨ ਪੁਰਬ ਸਬੰਧੀ ਸਜਾਈ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਝਲਕੀਆਂ। ਫੋਟੋ : ਕੈਂਥ

ਵਿਚੈਂਸਾ (ਇਟਲੀ) 13 ਅਪ੍ਰੈਲ (ਕੈਂਥ) – ਇਟਲੀ ਦੇ ਜ਼ਿਲ੍ਹਾ ਵਿਚੈਂਸਾ ਦੇ ਸ਼ਹਿਰ ਮੌਨਤੇਕੀਓ ਮਜੋਰੇ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਇਟਲੀ ਦੀਆਂ ਸਮੂਹ ਸਤਿਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਤਿਗੁਰੂ ਰਵਿਦਾਸ ਨਾਮ ਲੇਵਾ ਇਟਲੀ ਦੀ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਮਹਾਨ ਕਾਂ੍ਰਤੀਕਾਰੀ, ਯੁੱਗ ਪੁਰਸ਼, ਸ਼੍ਰੌਮਣੀ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਪ੍ਰਕਾਸ਼ ਦਿਹਾੜਾ ਅਤੇ ਰਵਿਦਾਸੀਆ ਧਰਮ ਦਾ 9ਵਾਂ ਸਥਾਪਨਾ ਦਿਵਸ ਬਹੁਤ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਜਿਸ ਵਿਚ ਹਜ਼ਾਰਾਂ ਸੰਗਤਾਂ ਗੁਰੂਘਰ ਵਿਖੇ ਨਤਮਸਤਕ ਹੋਈਆਂ। ‘ਹਰਿ’ ਦੇ ਨਿਸ਼ਾਨ ਸਾਹਿਬ ਦੀ ਰਸਮ ਸਮੁੱੱਚੀਆਂ ਸੰਗਤਾਂ ਵੱਲੋਂ ਗੁਰੂ ਜੀ ਦੇ ਜੈਕਾਰਿਆਂ ਨਾਲ ਸਾਂਝੇ ਤੌਰ ਉੱਤੇ ਨਿਭਾਈ ਗਈ। ਇਸ ਆਗਮਨ ਪੁਰਬ ਸਮਾਰੋਹ ਵਿਚ ਗਿਆਨੀ ਜੀਵਨ ਸਿੰਘ ਨੇ ਗੁਰੂ ਜੀ ਦੀ ਅੰਮ੍ਰਿਤਬਾਣੀ ‘ਚੋਂ ਸ਼ਬਦ ਗਾਇਨ ਕਰਕੇ ਦਰਬਾਰ ਵਿੱਚ ਸ਼ਬਦਾਂ ਦੁਆਰਾ ਭਰਵੀਂ ਹਾਜ਼ਰੀ ਲਗਾਈ। ਦਰਬਾਰ ਦੀ ਸਮਾਪਤੀ ਤੋਂ ਬਆਦ 5 ‘ਹਰਿ’ ਦੇ ਨਿਸ਼ਾਨੀਆਂ ਦੀ ਅਗਵਾਈ ਵਿੱਚ ਤੇ ‘ਅੰਮ੍ਰਿਤ ਬਾਣੀ’ ਦੀ ਛਤਰ ਛਾਇਆ ਹੇਠ ਵਿਸ਼ਾਲ ਸੋਭਾ ਯਾਤਰਾ ਸਜਾਈ ਗਈ। ਜਿਹੜੀ ਕਿ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਕੇ ਸ਼ਹਿਰ ਮੋਨਤੈਕੀਓ ਦੀ ਪਰਿਕਰਮਾ ਕਰਦੀ ਵਾਪਸ ਸ਼ਾਮੀ ਗੁਰੂ ਘਰ ਪਹੁੰਚੀ। ਇਸ ਮੌਕੇ ਸੰਗਤਾਂ ਦੇ ਲਗਾਏ ਜੈਕਾਰੇ ‘ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ’ ਨਾਲ ਸ਼ਹਿਰ ਗੂੰਜ ਉੱਠਿਆ। ਇਸ ਪ੍ਰਕਾਸ਼ ਦਿਵਸ ਸਮਾਗਮ ਵਿੱਚ ਇਟਲੀ ਦੇ ਬੈਰਗਾਮੋ, ਬਰੇਸ਼ੀਆ, ਕਰੇਮੋਨਾ, ਮਾਨਤੋਵਾ, ਰਿਜੋਇਮਿਲੀਆ, ਤਰਵੀਜੋ, ਅਰੇਸੋ, ਅਲਸਾਂਦਰੀਆਂ ਆਦਿ ਸ਼ਹਿਰਾਂ ਤੋਂ ਸੰਗਤਾਂ ਨੇ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਸ਼ਿਰਕਤ ਕੀਤੀ। ਸ਼ੋਭਾ ਯਾਤਰਾ ਦੇ ਵੱਖ-ਵੱਖ ਪੜਾਵਾਂ ਮੌਕੇ ਸੇਵਾਦਾਰਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਜਿੱਥੇ ਪ੍ਰਸ਼ਾਦ ਵਰਤਾਏ ਗਏ ਉੱਥੇ ਮਿਸ਼ਨਰੀ ਜਥਿਆਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਹੋਕਾ ਪੂਰੇ ਉਤਸਾਹ ਅਤੇ ਬੁਲੰਦ ਆਵਾਜ਼ ਵਿੱਚ ਦਿੱਤਾ ਗਿਆ। ਇਟਲੀ ਦੇ ਵਿਚੈਂਸਾ ਵਿਖੇ ਗੁਰਪੁਰਬ ਸਬੰਧੀ ਸਜਾਈ ਗਈ ਇਹ ਸ਼ੋਭਾ ਯਾਤਰਾ ਇਟਲੀ ਭਰ ਵਿੱਚ ਵਿਸ਼ੇਸ਼ ਤੌਰ ‘ਤੇ ਸਮੁੱਚੀਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਹੈ, ਕਿਉਂਕਿ ਇਹ ਸੋæਭਾ ਯਾਤਰਾ ਜਲੰਧਰ ਦੀ ਬੂਟਾ ਮੰਡੀ ਦਾ ਭੁਲੇਖਾ ਪਾਉਂਦੀ ਹੈ। ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਬੂਟਾਮੰਡੀ ਵਿੱਚ ਸੰਗਤਾਂ ਦੇ ਵੱਡੇ ਇਕੱਠ ਵੱਲੋਂ ਠਾਠਾਂ ਮਾਰਦੇ ਅਲੌਕਿਕ ਨਜ਼ਾਰਿਆ ਨਾਲ ਸੋæਭਾ ਯਾਤਰਾ ਸਜਾਈ ਜਾਂਦੀ ਹੈ, ਠੀਕ ਉਸੇ ਤਰ੍ਹਾਂ ਦਾ ਨਜ਼ਾਰਾ ਵਿਚੈਂਸਾ ਦੇ ਸ਼ਹਿਰ ਮੌਨਤੇਕੀਓ ਮਜੋਰੇ ਵਿਖੇ ਇਸ ਸੌæਭਾ ਯਾਤਰਾ ਵਿੱਚ ਦੇਖਣ ਯੋਗ ਹੁੰਦਾ ਹੈ। ਇਸ ਵਾਰ ਤਾਂ ਇਸ ਸੋæਭਾ ਯਾਤਰਾ ਨੂੰ ਹੋਰ ਵੀ ਚਾਰ ਚੰਦ ਉਦੋਂ ਲੱਗ ਗਏ ਜਦੋਂ ਪੰਜਾਬ ਤੋਂ ਅਵਾਜ਼ -ਏ-ਕੌਮ ਸੰਤ ਕ੍ਰਿਸ਼ਨ ਨਾਥ ਜੀ ਨੇ ਇਸ ਗੁਰਪੁਰਬ ਸਮਾਗਮ ਮੌਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿੱਤੇ।
ਦੂਜੇ ਦਿਨ ਆਰੰਭੇ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪਰੰਤ ਵਿਸ਼ਾਲ ਕੀਤਰਨ ਦਰਬਾਰ ਸਜਾਇਆ ਗਿਆ। ਜਿਸ ਵਿੱਚ ਸਟੇਜ਼ ਸਕੱਤਰ ਕੁਲਜਿੰਦਰ ਕੁਮਾਰ ਨੇ ਸਮਾਗਮ ਨੂੰ ਕਾਰਵਾਈ ਨੂੰ ਤੋਰਿਆ ਤੇ ਸੂਰੂਆਤ ਕਰਦਿਆਂ ਗੁਰੂਘਰ ਦੇ ਸੇਵਾਦਾਰ ਸਤਨਾਮ ਸਿੰਘ, ਮਨੋਜ ਮਹਿਮੀ, ਜੈਸੀਕਾ ਸੰਧੂ ਅਤੇ ਬਰੈਦੇਲੋ ਵਾਲੀਆਂ ਬੀਬੀਆਂ ਨੇ ਆਪਣੀ ਰਸਭਿੰਨੀ ਅਵਾਜ਼ ਵਿੱਚ ਸ਼ਬਦ ‘ਇੱਕ ਘੜ੍ਹੀ ਨਾ ਮਿਲਦੇ ਤਾਂ ਕਲਯੁੱਗ ਹੋਤਾ’ ਆਦਿ ਗਾਕੇ ਸਤਿਗੁਰੂ ਦੇ ਮਿਸ਼ਨ ਦਾ ਹੋਕਾ ਦਿੰਦਿਆਂ ਗੁਰੂ ਜੀ ਦੇ ਸੁਪਨ ਸ਼ਹਿਰ ‘ਬੇਗਮਪੁਰਾ’ ਨਾਲ ਜੁੜ੍ਹਨ ਲਈ ਪ੍ਰੇਰਿਤ ਕੀਤਾ। ਉਪਰੰਤ ਅਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਨੇ ਕਿਹਾ ਕਿ, ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਜਾਤਪਾਤ ਵਿਰੁੱਧ ਅਤੇ ਸਮਾਜਿਕ ਸਮਾਨਤਾ ਦੀ ਬਹਾਲੀ ਲਈ ਕੀਤੇ ਸੰਘਰਸ਼ ਤੋਂ ਜਾਣੂ ਕਰਵਾਇਆ ਅਤੇ ਸੰਗਤਾਂ ਨੂੰ ਗੁਰੂ ਜੀ ਦੇ ਮਿਸ਼ਨ ਤੇ ਚੱਲਣ ਦਾ ਉਪਦੇਸ਼ ਦਿੱਤਾ। ਇਸ ਮੌਕੇ ਸੰਤਾਂ ਨੇ ਆਪਣੀ ਬੁਲੰਦ ਅਵਾਜ਼ ਵਿੱਚ ਇਨਕਲਾਬੀ ਸ਼ਬਦ ਦੁਆਰਾ ਸੰਗਤਾਂ ਨੂੰ ਜਾਗਰੂਕ ਵੀ ਕੀਤਾ। ਇਸ ਆਗਮਨ ਪੁਰਬ ਸਮਾਗਮ ਵਿੱਚ ਇੰਗਲੈਂਡ ਤੋਂ ਰਾਜ ਮਾਣਕ ਅਤੇ ਬੀਬਾ ਰਣਜੀਤ ਕੌਰ, ਹੈਪੀ ਵਿਚੈਂਸਾ ਅਤੇ ਕਾਲਾ ਮਿਲਾਨ ਨੇ ਆਪਣੀਆਂ ਧਾਰਮਿਕ ਰਚਨਾਵਾਂ ਨਾਲ ਸੰਗਤਾਂ ਵਿੱਚ ਮਿਸ਼ਨ ਪ੍ਰਤੀ ਨਵਾਂ ਜੋਸ਼ ਭਰਿਆ। ਇਸ ਪ੍ਰਕਾਸ਼ ਦਿਹਾੜੇ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਆਗਮਨ ਪੁਰਬ ਦੇ ਸਮਾਰੋਹ ਮੌਕੇ ਹਾਜ਼ਰ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਜਸਵੀਰ ਬੱਬੂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੋਨਤੈਕਿਓ (ਵਿਚੈਂਸਾ) ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਮਾਜ ਅੰਦਰ ਮੌਕੇ ਦੇ ਮਨੂੰਵਾਦੀ ਸਰਮਾਏਦਾਰਾਂ ਅਤੇ ਜਾਤੀ ਅਭਿਮਾਨੀ ਹਾਕਮਾਂ ਦੀਆਂ ਮਨੁੱਖਤਾ ਵਿਰੋਧੀ ਗਤੀਵਿਧੀਆਂ ਦੇ ਵਿਰੁੱਧ ਕੀਤੀਆਂ ਘਾਲਣਾਵਾਂ ਦੀ ਬਦੌਲਤ ਹੀ ਦੁਨੀਆ ਭਰ ਵਿੱਚ ਦਲਿਤ ਸਮਾਜ ਸਮਾਨਤਾ ਅਤੇ ਸਨਮਾਨਿਤ ਜਿੰਦਗੀ ਬਤੀਤ ਕਰ ਰਿਹਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਿਪਾ ਸਦਕਾ ਹੀ ਭਾਰਤ ਦਾ ਅਛੂਤ ਵਰਗ ਸਮਾਜ ਵਿੱਚ ਬਰਾਬਰਤਾ ਦੇ ਹੱਕ ਪ੍ਰਾਪਤ ਕਰ ਸਕਿਆ ਹੈ। ਸਮਾਰੋਹ ਨੂੰ ਲਛਮਣ ਦਾਸ ਬੈਰਗਾਮੋ ਨੇ ਸੰਬੋਧਨ ਕਰਦਿਆਂ ਕਿਹਾ ਕਿ, ਭਾਰਤ ਵਿੱਚ ਸਮੁੱਚੇ ਦਲਿਤ ਸਮਾਜ ਨਾਲ ਹਾਕਮ ਧਿਰਾਂ ਵੱਲੋਂ ਚਿੱਟੇ ਦਿਨ ਧੱਕਾ ਹੋ ਰਿਹਾ ਹੈ, ਜਿਸ ਤੋਂ ਬਚਣ ਲਈ ਸਭ ਨੂੰ ਲਾਮਬੰਦ ਹੋਣ ਦੀ ਸਖ਼ਤ ਜ਼ਰੂਰਤ ਹੈ। ਇਸ ਆਗਮਨ ਪੁਰਬ ਮੌਕੇ ਸਮੂਹ ਸੇਵਾਦਾਰਾਂ ਅਤੇ ਭਾਰਤੀ ਅੰਬੈਸੀ ਮਿਲਾਨ ਦੇ ਸਟਾਫ਼ ਦਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ। ਪ੍ਰੈੱਸ ਨੂੰ ਇਹ ਜਾਣਕਾਰੀ ਸ਼੍ਰੀ ਅਜਮੇਰ ਦਾਸ ਕਲੇਰ ਪ੍ਰੈੱਸ ਸਕੱਤਰ ਨੇ ਦਿੱਤੀ।