ਮਜ਼ਬੂਰ ਤੇ ਲਾਚਾਰਾਂ ਦੀ ਬਾਂਹ ਫੜ੍ਹੇਗੀ ਇਟਲੀ ਦੀ ਸਮਾਜ ਸੇਵੀ ਸੰਸਥਾ ਹੈਂਡ ਟੂ ਹੈਂਡ

ਮ੍ਰਿਤਕ ਦੇਹ ਭਾਰਤ ਭੇਜਣ ਲਈ ਕੀਤੀ ਜਾਵੇਗੀ 500 ਯੂਰੋ ਸਹਾਇਤਾ

ਇਟਲੀ ਦੀ ਚਰਚਿਤ ਸਮਾਜ ਸੇਵੀ ਸੰਸਥਾ ਹੈਂਡ ਟੂ ਹੈਂਡ ਦੇ ਆਗੂ। ਫੋਟੋ : ਕੈਂਥ

ਇਟਲੀ ਦੀ ਚਰਚਿਤ ਸਮਾਜ ਸੇਵੀ ਸੰਸਥਾ ਹੈਂਡ ਟੂ ਹੈਂਡ ਦੇ ਆਗੂ। ਫੋਟੋ : ਕੈਂਥ

ਰੋਮ (ਇਟਲੀ) 5 ਜੂਨ (ਕੈਂਥ) – ਪ੍ਰਦੇਸ ਆ ਕੇ ਆਪਣੇ ਪਰਿਵਾਰ ਦਾ ਭਵਿੱਖ ਸੁਨਿਹਰਾ ਬਨਾਉਣ ਲਈ ਹਰ ਪ੍ਰਦੇਸੀ ਹੱਡ ਤੋੜਵੀਂ ਮਿਹਨਤ ਮੁਸ਼ੱਕਤ ਕਰਦਾ ਹੈ, ਪਰ ਅਜਿਹੇ ਬਹੁਤ ਘੱਟ ਭੱਦਰਪੁਰਸ਼ ਹਨ ਜਿਹੜੇ ਕਿ ਪ੍ਰਦੇਸ ਰਹਿੰਦੇ ਜਿੱਥੇ ਆਪਣੇ ਸੁਪਨਿਆਂ ਨੂੰ ਸੱਚ ਕਰਨ ਦਾ ਜਜ਼ਬਾ ਤਾਂ ਰੱਖਦੇ ਹੀ ਹਨ ਨਾਲ ਹੀ ਆਪਣੇ ਅੰਦਰ ਦੂਜਿਆਂ ਦੇ ਦੁੱਖਾਂ ਨੂੰ ਵੰਡਾਉਣ ਲਈ ਅਜਿਹੇ ਸ਼ਲਾਘਾਯੋਗ ਕਦਮ ਪੁੱਟਦੇ ਹਨ, ਜਿਹੜੇ ਕਿ ਆਮ ਲੋਕਾਂ ਲਈ ਮਿਸਾਲ ਬਣਕੇ ਉੱਭਰਦੇ ਹਨ। ਅਜਿਹੇ ਹੀ ਸਮਾਜ ਭਲਾਈ ਕੰਮਾਂ ਦਾ ਬੀੜਾ ਚੁੱਕਣ ਲਈ ਯਤਨਸ਼ੀਲ ਹੈ ਇਟਲੀ ਦੀ ਚਰਚਿਤ ਸੰਸਥਾ ਹੈਂਡ ਟੂ ਹੈਂਡ, ਜਿਸ ਵਿੱਚ ਕਿ ਇਟਲੀ ਦੇ ਸਹਿਰ ਪਾਰਮਾ ਦੇ ਨਜਦੀਕ ਪਿੰਡ ਬਸ਼ੇਤੋ ਦੇ ਨੌਜਵਾਨ ਜਤਿੰਦਰ ਸਿੰਘ ਸੈਣੀ, ਕੁਲਵਿੰਦਰ ਸਿੰਘ ਖੱਖ, ਅਮਨਦੀਪ ਸਿੰਘ ਰੰਧਾਵਾ, ਗੁਰਪੀ੍ਰਤ ਸਿੰਘ ਮੱਸਿਆਣਾ, ਗੁਰਮਿੰਦਰ ਸਿੰਘ, ਹਰਦੀਪ ਸਿੰਘ ਬੋਦਲ, ਗੂਰਚਰਨ ਸਿੰਘ ਭੂੰਗਰਨੀ, ਸਨੀ ਕੰਗ, ਰਘਬੀਰ ਸਿੰਘ, ਪਰਮਜੀਤ ਸਿੰਘ ਮਸਿਆਣਾ, ਅਮੀਰ ਖਾਨ, ਭਾਗ ਸਿੰਘ, ਰਣਵੀਰ ਸਿੰਘ, ਕੁਲਵੀਰ ਸਿੰਘ ਹੀਰ ਅਤੇ ਸੁਰਜੀਤ ਸਿੰਘ ਆਦਿ ਵੱਲੋਂ ਇਟਲੀ ਵਿਚ ਭਾਰਤੀ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਸਹਿਯੋਗ ਸਦਕਾ ਸੇਵਾ ਨਿਭਾਅ ਰਹੇ ਹਨ। ਇਟਲੀ ਦੀ ਚਰਚਿਤ ਸੰਸਥਾ ਹੈਂਡ ਟੂ ਹੈਂਡ ਸਮਾਜ ਸੇਵੀ ਸੰਸਥਾ ਹੈ ਜਿਸ ਦੀ ਸਥਾਪਨਾ ਨਵੰਬਰ 2017 ਵਿੱਚ ਹੋਈ। ਸੰਸਥਾ ਵੱਲੋਂ ਇਟਲੀ ਵਿਚ ਹੁਣ ਤੱਕ ਸੰਪਰਕ ਵਿਚ ਆਏ 9 ਪਰਿਵਾਰਾਂ ਦੀ ਮਾਲੀ ਮਦਦ ਕੀਤੀ ਜਾ ਚੁੱਕੀ ਹੈ ਅਤੇ ਕੁਝ ਅਜਿਹੇ ਬਦਨਸੀਬ ਭਾਰਤੀ ਪੰਜਾਬੀ ਜਿਹੜੇ ਕਿ ਜਿੰਦਗੀ ਦੀ ਜੰਗ ਹਾਰ ਗਏ, ਉਨਾਂ ਦੇ ਮ੍ਰਿਤਕ ਸਰੀਰਾਂ ਨੂੰ ਆਪਣੇ ਭਾਰਤ ਭੇਜਣ ਵਾਸਤੇ 500-500 ਯੂਰੋ ਦੀ ਸਹਾਇਤਾ ਵੀ ਕਰ ਚੁੱਕੀ ਹੈ ਤੇ ਭਵਿੱਖ ਵਿਚ ਇਸ ਤਰ੍ਹਾਂ ਹੀ ਲੋੜਵੰਦਾਂ ਲਈ ਸਦਾ ਹਾਜ਼ਰ ਹੈ। ਬੀਤੇ ਦਿਨ ਸੰਸਥਾ ਵੱਲੋਂ ਗੁਰਦੂਆਰਾ ਸ੍ਰੀ ਗੁਰੂ ਨਾਨਕ ਦਰਬਾਰ ਕਸਤਲਫਰੈਂਕੋ ਅਮਿਲੀਆ ਮੋਦੇਨਾ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਮੌਕੇ ਠੰਡੇ ਮਿੱਠੇ ਜਲ ਅਤੇ ਜੂਸ ਆਦਿ ਦੀ ਸੇਵਾ ਕੀਤੀ ਗਈ। ਸੰਸਥਾ ਆਗੂਆਂ ਵੱਲੋਂ ਨਿਮਰਤਾ ਨਾਲ ਇਟਲੀ ਵਿੱਚ ਰੈਣ-ਬਸੇਰਾ ਕਰਦੇ ਭਾਰਤੀ ਭਾਈਚਾਰੇ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਇਟਲੀ ਵਿਚ ਕਿਸੇ ਗਰੀਬ ਪਰਿਵਾਰ ਜਾਂ ਕੋਈ ਮੰਦਭਾਗੀ ਘਟਨਾ ਸਮੇਂ ਉਹਨਾਂ ਨੂੰ ਜ਼ਰੂਰ ਯਾਦ ਕੀਤਾ ਜਾਵੇ, ਤਾਂ ਕਿ ਅਸਲ ਰੂਪ ਵਿੱਚ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ।