ਰੋਮ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਕੇਸਰੀ ਰੰਗ ‘ਚ ਰੰਗਿਆ ਨਜਰ ਆਇਆ ਸ਼ਹਿਰ 

rਰੋਮ (ਇਟਲੀ) 16 ਅਪ੍ਰੈਲ (ਸਾਬੀ ਚੀਨੀਆ, ਕੈਂਥ) – ਦਸ ਗੁਰੂ ਸਾਹਿਬਾਨਾਂ ਦੁਆਰਾ ਦਿੱਤੇ ਸਾਂਝੀ ਵਾਲਤਾ ਦੇ ਉਪਦੇਸ਼ ‘ਤੇ ਪਹਿਰਾ ਦਿੰਦਿਆਂ ਇਟਲੀ ‘ਚ ਵੱਸਦੀਆਂ ਗੁਰੂ ਨਾਮ ਲੇਵਾ ਸੰਗਤਾਂ ਨੇ ਰਾਜਧਾਨੀ ਰੋਮ ਵਿਚ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੂਰਬ ਦਿਹਾੜੇ ਦੀਆਂ ਖੁਸ਼ੀਆਂ ਨੂੰ ਸਾਂਝੇ ਤੌਰ ‘ਤੇ ਇਕ ਵਿਸ਼ਾਲ ਨਗਰ ਕੀਤਰਨ ਦੇ ਰੂਪ ‘ਚ ਮਨਾਉਂਦਿਆ ਹੋਇਆ ਸਲਾਹੁਣਯੋਗ ਉਪਰਾਲਾ ਕਰਕੇ ਚੰਗੀ ਪਹਿਲ ਕਦਮੀ ਕੀਤੀ ਹੈ। ਈਸਾਈ ਧਰਮ ਦਾ ਮੱਕਾ ਵੈਟੀਕਰਨ ਸਿਟੀ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਸਜਾਏ ਨਗਰ ਕੀਰਤਨ ਵਿਚ ਸੰਗਤਾਂ ਨੇ ਇਟਲੀ ਦੇ ਵੱਖ ਵੱਖ ਕੋਨਿਆਂ ‘ਚੋਂ ਪੁੱਜ ਕਰ ਕੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਚਾਰ ਚੰਨ੍ਹ ਲਾਏ। ਪੰਜ ਪਿਆਰਿਆਂ, ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ‘ਚ ਸੇਵਾਦਾਰਾਂ ਵੱਲੋਂ ਆਈਆਂ ਸੰਗਤਾਂ ਲਈ ਲੰਗਰਾਂ ਦੀ ਸੇਵਾ ਵਿਚ ਹਿੱਸਾ ਪਾ ਕੇ ਆਪਣਾ ਜੀਵਨ ਸਫਲ ਬਣਾਇਆ ਗਿਆ। ਸਿਰਾਂ ‘ਤੇ ਕੇਸਰੀ ਦਸਤਾਰਾਂ ਤੇ ਚੁੰਨੀਆ ਵੇਖਕੇ ਲੱਗ ਰਿਹਾ ਸੀ ਜਿਵੇਂ ਚੜਦਾ ਸੂਰਜ ਵੀ ਖਾਲਸੇ ਦੀਆਂ ਖੁਸ਼ੀਆਂ ਨੂੰ ਮਨਾਉਣ ਲਈ ਕੇਸਰੀ ਰੰਗ ਦਾ ਚੜਿਆ ਹੋਵੇ। ਗਤਕੇ ਵਾਲੇ ਸੰਗਤਾਂ ਦੁਆਰਾ ਗਤਕਾ ਕਲ੍ਹਾ ਦੇ ਜੌਹਰ ਵਿਖਾਏ ਗਏ। ਸ਼ਹਿਰ ਦੇ ਵੱਖ ਵੱਖ ਹਿੱਸਿਆਂ ‘ਚੋਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਗਤਾਂ ਦੇ ਸਤਿਕਾਰ ਨੂੰ ਧਿਆਨ ‘ਚ ਰੱਖਦਿਆਂ ਹੋਇਆਂ ਬੜੇ ਸੁਚੱਜੇ ਪ੍ਰਬੰਧ ਕੀਤੇ ਹੋਏ ਸਨ। ਸੇਵਾਦਾਰਾਂ ਵੱਲੋਂ ਗੁਰੂ ਸਾਹਿਬ ਦੇ ਸਤਿਕਾਰ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਰਸਤਿਆਂ ਦੀ ਸਫਾਈ ਕਰ ਕੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਸਿੱਖੀ ਪ੍ਰਚਾਰ ਲਈ ਕਾਰਜ ਕਰ ਰਹੀਆਂ ਸੰਸਥਾਵਾਂ ਦੁਆਰਾ ਇਟਾਲੀਅਨ ਭਾਸ਼ਾ ‘ਚ ਪ੍ਰਕਾਸ਼ਿਤ ਕਿਤਾਬਾਂ ਫਰੀ ਵੰਡੀਆਂ ਗਈਆਂ। ਪੁੱਜੇ ਹੋਏ ਜਥਿਆਂ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਗਿਆ। ਸਮਾਪਤੀ ਅਰਦਾਸ ਉਪਰੰਤ ਪ੍ਰਬੰਧਕਾਂ ਵੱਲੋਂ ਸਥਾਨਕ ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।