ਰੋਮ ਵਿਖੇ ਗੁਰੂ ਰਵਿਦਾਸ ਜੀ ਦੇ ਮਿਸ਼ਨ ਨੂੰ ਸਮਰਪਿਤ ਹੋਇਆ ਸੰਤ ਸੰਮੇਲਨ

ਸੰਤ ਬਾਬਾ ਨਿਰੰਜਣ ਦਾਸ ਨੇ ਕੀਤੀ ਉਚੇਚੇ ਤੌਰ ‘ਤੇ ਸ਼ਿਰਕਤ

s-babaਰੋਮ (ਇਟਲੀ) 23 ਜੁਲਾਈ (ਕੈਂਥ) – ਇਟਲੀ ਦੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨਾਲ ਜੋੜ੍ਹਨ ਲਈ ਵਿਸ਼ੇਸ਼ ਸੰਤ ਸੰਮੇਲਨ ਰਾਜਧਾਨੀ ਰੋਮ ਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਿਸ ਵਿੱਚ ਮਿਸ਼ਨ ਦੇ ਮਹਾਨ 108 ਸੰਤ ਬਾਬਾ ਨਿਰੰਜਣ ਦਾਸ ਜੀ ਮੁੱਖੀ ਡੇਰਾ ਸੱਚਖੰਡ ਬੱਲਾਂ ਵਾਲਿਆਂ ਨੇ ਪੰਜਾਬ ਤੋਂ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਅੰਮ੍ਰਿਤ ਵੇਲੇ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਚਾਰਣ ਇਲਾਹੀ ਕੀਤੀ ਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ। ਜਿਸ ਦੀ ਆਰੰਭਤਾ ਗੁਰੁ ਘਰ ਦੇ ਕੀਰਤਨੀਏ ਗਿਆਨੀ ਕੁਲਦੀਪ ਸਿੰਘ ਬਸੇਸ਼ਰਪੁਰ ਵਾਲਿਆਂ ਦੇ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਕਰਦਿਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ੍ਹਿਆ। ਉਪਰੰਤ ਮਿਸ਼ਨਰੀ ਗਾਇਕ ਪੰਮਾ ਰਾਹੋਂ, ਅੰਮ੍ਰਿਤ ਕੁਮਾਰ, ਮਨਪ੍ਰੀਤ ਕੌਰ, ਸਮਿੰਦਰ ਕੌਰ ਆਦਿ ਨੇ ਮਿਸ਼ਨਰੀ ਸ਼ਬਦਾਂ ਨਾਲ ਸੰਗਤਾਂ ਨੂੰ ਮਿਸ਼ਨ ਪ੍ਰਤੀ ਜਾਗਰੂਕ ਕੀਤਾ। ਸੰਤਾਂ ਨਾਲ ਇਸ ਯੂਰਪ ਫੇਰੀ ਮੌਕੇ ਪੰਜਾਬ ਤੋਂ ਨਾਲ ਆਏ ਵਿਰਦੀ ਹੁਰਾਂ ਨੇ ਇਸ ਮਹਾਨ ਸੰਤ ਸੰਮੇਲਨ ਦੀ ਸੰਗਤਾਂ ਨੂੰ ਵਧਾਈ ਦਿੱਤੀ। ਇਸ ਸੰਤ ਸੰਮੇਲਨ ਦੇ ਲੰਗਰਾਂ ਦੀ ਸੇਵਾ ਨਰੈਣ ਦਾਸ ਰੱਤੂ ਦੇ ਪਰਿਵਾਰ ਵੱਲੋਂ ਅਤੇ ਛਬੀਲ ਦੀ ਸੇਵਾ ਬਲਜੀਤ ਕੁਮਾਰ ਵੱਲੋਂ ਕੀਤੀ ਗਈ। ਇਸ ਸੰਤ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਜੈ ਪਾਲ ਸੰਧੂ ਪ੍ਰਧਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਰੋਮ ਨੇ ਕਿਹਾ ਕਿ, ਸੰਤ ਮਹਾਂਪੁਰਸ਼ ਸਦਾ ਹੀ ਸੰਗਤਾਂ ਨੂੰ ਰਾਮ ਨਾਮ ਦਾ ਉਪਦੇਸ਼ ਦਿੰਦੇ ਹਨ। ਸੰਤਾਂ ਦੀ ਦਇਆ ਦ੍ਰਿਸ਼ਟੀ ਨਾਲ ਹੀ ਇਨਸਾਨ ਆਪਣਾ ਲੋਕ-ਸੁੱਖੀ ਤੇ ਪ੍ਰਲੋਕ ਸੁਹੇਲਾ ਕਰਦਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਮਹਿੰਦਰ ਪਾਲ ਬੱਧਣ, ਜਸਵਿੰਦਰ ਬੰਗੜ, ਅਮਰਜੀਤ ਰੱਲ, ਮੁਲਖ ਰਾਜ ਜੱਸਲ, ਰੇਸ਼ਮ ਸਿੰਘ, ਦਵਿੰਦਰ ਬਾਬਾ, ਹਰਮੇਲ ਹੈਪੀ, ਰਾਮ ਪਾਲ ਚੁੰਬਰ ਅਤੇ ਹੋਰ ਵੀ ਇਲਾਕੇ ਦੀਆਂ ਕਈ ਪ੍ਰਮੁੱਖ ਸਖ਼ਸ਼ੀਅਤਾਂ ਨੇ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਸ਼੍ਰੀ ਰਵਿਦਾਸ ਟੈਂਪਲ ਸਬਾਊਦੀਆ ਤੇ ਸ਼੍ਰੀ ਗੁਰੂ ਰਵਿਦਾਸ ਦਰਬਾਰ ਸਭਾ ਤੋਂ ਵੀ ਸੰਗਤਾਂ ਨੇ ਸ਼ਮੂਸੀਅਤ ਕੀਤੀ। ਪ੍ਰਬੰਧਕ ਵੱਲੋਂ ਸਮੂਹ ਸੇਵਾਦਾਰਾਂ ਤੋਂ ਇਲਾਵਾ ਸੰਤਾਂ ਦਾ ਵੀ ਵਿਸ਼ੇਸ਼ ਮਾਣ-ਸਨਮਾਨ ਕੀਤਾ ਗਿਆ।