ਲਵੀਨੀਉ ‘ਚ ਖਾਲਸਾਈ ਸ਼ਾਨੌ ਸ਼ੌਕਤ ਨਾਲ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

lavinio-1ਲਵੀਨੀਉ (ਇਟਲੀ) 3 ਅਕਤੂਬਰ (ਸਾਬੀ ਚੀਨੀਆਂ) – ਇਟਲੀ ਦੇ ਕਸਬਾ ਲਵੀਨੀਉ ‘ਚ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ‘ਚ ਰਹਿੰਦੀਆਂ ਸਿੱਖ ਸੰਗਤਾਂ ਦੇ ਸਗਿਯੋਗ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ ਪੂਰੀ ਸ਼ਾਨੌ ਸ਼ੌਕਤ ਨਾਲ ਕਰਵਾਇਆ ਗਿਆ। ਪੰਜਾਂ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ‘ਚ ਉੱਤਰੀ ਇਟਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਸਬਾਊਦੀਆ, ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ, ਗੁਰੂ ਰਵਿਦਾਸ ਦਰਬਾਰ ਵਿਲੇਤਰੀ, ਆਨਾਨੀਨਾ, ਪ੍ਰੈਨੇਸਤੀਨਾ, ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ, ਸਨਾਤਨ ਧਰਮ ਮੰਦਰ ਕਮੇਟੀ, ਗੁਰਦੁਆਰਾ ਸਿੰਘ ਸਭਾ ਫੌਂਦੀ ਤੋਂ ਆਈਆਂ ਸੰਗਤਾਂ ਨੇ ਹਾਜਰੀਆਂ ਭਰਦੇ ਹੋਏ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਂਉਦੇ ਚਾਰ ਚੰਨ ਲਾਏ ਅਤੇ ਗੁਰੂ ਸਾਹਿਬ ਦਾ ਨਾਮ ਸਿਮਰਨ ਜਾਪ ਕਰਦਿਆਂ ਆਪਣਾ ਜੀਵਨ ਸਫਲਾ ਬਣਾਇਆ। ਇਸ ਮੌਕੇ ਢਾਡੀ ਮਨਦੀਪ ਸਿੰਘ ਹੀਰਾਂਵਾਲੀ, ਭਾਈ ਅਜੀਤ ਸਿੰਘ ਥਿੰਦ ਤੇ ਬਲਵਿੰਦਰ ਸਿੰਘ ਭਾਗੋਅਰਾਈਆਂ ਦੇ ਜਥਿਆਂ ਦੁਆਰਾ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ। ਭਾਈ ਪਰਮਜੀਤ ਸਿੰਘ ਤੇ ਜਸਵਿੰਦਰ ਸਿੰਘ ਢਿੱਲੋਂ ਦੁਆਰਾ ਸਟੇਜ ਸਕੱਤਰ ਦੀ ਸੇਵਾ ਬਾਖੂਬੀ ਨਿਭਾਈ ਗਈ, ਜਦਕਿ ਬਾਬਾ ਜੋਗਾ ਸਿੰਘ, ਅਮਰਜੀਤ ਸਿੰਘ ਸੋਨੀ, ਹਰਭਜਨ ਸਿੰਘ, ਸੁਖਵਿੰਦਰ ਸਿੰਘ ਢਿੱਲੋਂ, ਸ੍ਰੀ ਜਸਵੀਰ ਪਾਲ, ਬਲਦੇਵ ਸਿੰਘ ਜੋਧਾ, ਪ੍ਰੀਤਮ ਸਿੰਘ ਦੁਆਰਾ ਆਏ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਜਥਿਆਂ ਨੂੰ ਸਨਮਾਨ੍ਹ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਨਗਰ ਕੌਂਸਲ ਆਂਸੀਉ ਵੱਲੋਂ ਕੀਤੇ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ।